All Latest News

ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਗਿੱਦੜਬਾਹਾ ‘ਚ ਝੰਡਾ ਮਾਰਚ ਕਰਕੇ ਭਗਵੰਤ ਮਾਨ ਸਰਕਾਰ ਦੀਆਂ ਚੂਲਾਂ ਹਿਲਾਈਆਂ

 

ਹਜ਼ਾਰਾਂ ਦੀ ਗਿਣਤੀ ਵਿੱਚ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਗਿੱਦੜਬਾਹਾ ਦੇ ਵਾਸੀਆਂ ਨੂੰ ਠੱਗਾਂ ਤੋਂ ਬਚਣ ਦੀ ਕੀਤੀ ਅਪੀਲ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਗਿੱਦੜਬਾਹਾ ਵਿਖੇ ਝੰਡਾ ਮਾਰਚ

ਸਾਂਝਾ ਫਰੰਟ ਵੱਲੋਂ ਸਾਰੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜੀ ਦੀ ਖੋਲ੍ਹੀ ਪੋਲ

ਦਲਜੀਤ ਕੌਰ/ ਪੰਜਾਬ ਨੈੱਟਵਰਕ, ਗਿੱਦੜਬਾਹਾ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਵੱਟੀ ਗਈ ਚੁੱਪੀ ਦੇ ਖਿਲਾਫ਼ ਵੱਖ ਵੱਖ ਜਿਲ੍ਹਿਆਂ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਨੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਝੰਡਾ ਮਾਰਚ ਕਰਕੇ ਗਿੱਦੜਬਾਹਾ ਪ੍ਰਸ਼ਾਸਨ ਨੂੰ ਵਖ਼ਤ ਪਾਈ ਰੱਖਿਆ ਅਤੇ ਲੋਕਾਂ ਸਾਹਮਣੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਪੋਲ ਖੋਲ੍ਹੀ। ਇਹ ਝੰਡਾ ਮਾਰਚ ਕਪਾਹ ਮੰਡੀ ਗਿੱਦੜਬਾਹਾ ਤੋਂ ਸ਼ੁਰੂ ਹੋ ਕੇ ਹੁਸਨਰ ਚੌਂਕ, ਡਿੰਪੀ ਢਿੱਲੋਂ ਦੀ ਰਿਹਾਇਸ਼, ਗਾਂਧੀ ਚੌਂਕ, ਮੇਨ ਬਜਾਰ, ਗਿੱਦੜਬਾਹਾ ਪਿੰਡ, ਪਿਊਰੀ ਫਾਟਕ ਤੋਂ ਗੁਜ਼ਰਦਾ ਗੁਜਰਦਾ ਹੋਇਆ ਭਾਰੂ ਚੌਂਕ ਵਿੱਚ ਜਾ ਕੇ ਸਮਾਪਤ ਹੋਇਆ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਗਗਨਦੀਪ ਸਿੰਘ, ਭਜਨ ਸਿੰਘ ਗਿੱਲ, ਧਨਵੰਤ ਸਿੰਘ ਭੱਠਲ, ਪਵਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਪਰਖ ਕਾਲ ਦੌਰਾਨ ਮੁੱਢਲੀ ਤਨਖਾਰ ਦੇਣ ਸੰਬੰਧੀ 15 ਜਨਵਰੀ 2015 ਅਤੇ 05 ਸਤੰਬਰ 2016 ਦੇ ਪੱਤਰਾਂ ਨੂੰ ਰੱਦ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ ਭੱਤੇ ‘ਤੇ ਏ.ਸੀ.ਪੀ. ਬਹਾਲ ਕਰਨ, ਰੋਕੇ ਗਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਅਤੇ ਥੋਪੇ ਗਏ ਜ਼ਜੀਆ ਰੂਪੀ ਡਿਵੈਲਪਮੈਂਟ ਟੈਕਸ ਨੂੰ ਬੰਦ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀ ਹੈ।

ਬਲਜੀਤ ਸਿੰਘ, ਧੰਨਾ ਸਿੰਘ, ਜੋਗਿੰਦਰ ਸਿੰਘ, ਕਰਮਜੀਤ ਸ਼ਰਮਾ, ਸਿਕੰਦਰ ਧਾਲੀਵਾਲ, ਮੇਘ ਰਾਜ ਬੁੱਟਰ, ਮਹਿੰਦਰ ਸਿੰਘ ਘੱਲੂ, ਮਨੋਹਰ ਲਾਲ ਸ਼ਰਮਾ, ਪਰਗਟ ਜੰਬਰ, ਕਸ਼ਮੀਰ ਸਿੰਘ ਥਿੰਦ ਨੇ ਆਖਿਆ ਕਿ ਇਹ ਸਾਰੀਆਂ ਉਹ ਮੰਗਾਂ ਹਨ ਜਿਹਨਾਂ ਸੰਬੰਧੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਗਰੰਟੀਆਂ ਤੇ ਵਾਅਦੇ ਕੀਤੇ ਗਏ ਸਨ, ਹੁਣ ਇੰਨ੍ਹਾਂ ਵਾਅਦਿਆਂ ਤੋਂ ਪੰਜਾਬ ਸਰਕਾਰ ਭੱਜ ਚੁੱਕੀ ਹੈ। ਸਾਂਝੇ ਫਰੰਟ ਦੇ ਆਗੂਆਂ ਪ੍ਰੇਮ ਚਾਵਲਾ, ਹਰਦੀਪ ਸਿੰਘ, ਸੁਰਿੰਦਰ ਕੰਬੋਜ, ਬਲਜੀਤ ਸਿੰਘ ਬਰਾੜ, ਅਵਿਨਾਸ਼ ਚੰਦਰ ਨੇ ਆਖਿਆ ਕਿ ਤਨਖਾਹ ਕਮਿਸ਼ਨ ਵਿੱਚ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 2.72 ਦਾ ਗੁਣਾਂਕ ਲਾਗੂ ਕਰਵਾਉਣ, ਹਰ ਤਰਾਂ ਦੇ ਬਕਾਏ ਯਕਮੁਸ਼ਤ ਜਾਰੀ ਕਰਵਾਉਣ, ਕੱਟੇ ਗਏ ਭੱਤੇ ਮੁੜ ਬਹਾਲ ਕਰਵਾਉਣ।

ਅਣ-ਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਕੈਟਾਗਰੀਆਂ ਦੀ ਸਾਲ 2011 ਤੋਂ ਤੋੜੀ ਗਈ ਤਨਖਾਹ ਪੈਰਿਟੀ ਬਹਾਲ ਕਰਵਾਉਣ, 01 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ ‘ਤੇ ਲਾਭ ਦਿਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਤੇ ਕੇਂਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਹਰ ਤਰਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਵਾਉਣ ਅਤੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਾਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।

 

Leave a Reply

Your email address will not be published. Required fields are marked *