All Latest News

ਕੈਨੇਡਾ ‘ਚ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਦੀ ਮੰਗ

 

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ’ਚ ਸੈਮੀਨਾਰ, ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀ ਕਾਮਿਆਂ ਦੀ ਏਕਤਾ ਤੇ ਜੋਰ

ਦਲਜੀਤ ਕੌਰ, ਟੋਰਾਂਟੋ

‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਵੱਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 109ਵੇਂ ਸ਼ਹਾਦਤ ਦਿਵਸ ਤੇ ਬਰੈਂਪਟਨ ਵਿਖੇ ‘ਵਿਦੇਸ਼ਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਲਈ ਚੁਣੌਤੀਆਂ ਤੇ ਸੰਘਰਸ਼ ਦਾ ਰਾਹ’ ਵਿਸ਼ੇ ਉੱਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਇਸ ਸਮੇਂ ਮਾਇਸੋ ਦੇ ਨੌਜਵਾਨ ਆਗੂ ਖੁਸ਼ਪਾਲ ਗਰੇਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਘਾਲਣਾ ਬਾਰੇ ਬੋਲਦਿਆਂ ਨੌਜਵਾਨਾਂ-ਵਿਦਿਆਰਥੀਆਂ ਨੂੰ ਸਿਆਸੀ ਚੇਤੰਨਤਾ ਗ੍ਰਹਿਣ ਕਰਨ ਦੀ ਅਪੀਲ ਕੀਤੀ।

ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਆਗੂ ਬਲਵਿੰਦਰ ਬਰਨਾਲਾ ਨੇ ਬਸਤੀਵਾਦੀ ਲੁੱਟ-ਜ਼ਬਰ ਦੇ ਦੌਰ ਅੰਦਰ ਸਰਾਭਾ ਦੀ ਲਾਸਾਨੀ ਕੁਰਬਾਨੀ ਅਤੇ ਗਦਰੀ ਵਿਚਾਰਧਾਰਾ ਦੀ ਇਨਕਲਾਬੀ ਵਿਰਾਸਤ ਤੋਂ ਜਰੂਰੀ ਸਬਕ ਗ੍ਰਹਿਣ ਕਰਨ ਉੱਤੇ ਜੋਰ ਦਿੱਤਾ।

ਕੈਨੇਡਾ ਤੋਂ ਛਪਦੇ ਮੈਗਜ਼ੀਨ ‘ਨੌਜਵਾਨ ਅਵਾਜ਼’ ਦੇ ਸੰਪਾਦਕ ਮਨਦੀਪ ਨੇ ਮੁੱਖ ਵਿਸ਼ੇ ਉੱਤੇ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਸਮੇਤ ਦੁਨੀਆਂ ਭਰ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਵਿੱਚ ਜਿੱਥੇ ਕੁੱਲ ਕਿਰਤੀ ਜਮਾਤ ਪਿਸ ਰਹੀ ਹੈ ਉੱਥੇ ਵਿਦੇਸ਼ਾਂ ਵਿੱਚ ਪ੍ਰਵਾਸੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਉੱਤੇ ਲੁੱਟ ਤੇ ਵਿਤਕਰੇਬਾਜ਼ੀ ਦਾ ਮਹੌਲ ਤੇਜ਼ ਹੋ ਰਿਹਾ ਹੈ।

ਲੰਘੀਆਂ ਅਮਰੀਕੀ ਚੋਣਾਂ ਸਮੇਂ ਪ੍ਰਵਾਸੀਆਂ ਵਿਰੋਧੀ ਨਫਰਤ ਅਤੇ ਦੇਸ਼-ਨਿਕਾਲੇ ਦੇ ਐਲਾਨਾਂ ਨਾਲ ਇਹ ਜਾਹਰ ਹੋ ਗਿਆ ਹੈ ਕਿ ਸਾਮਰਾਜੀ ਮੁਲਕ ਇੱਕ ਪਾਸੇ ਕੱਚੇ ਕਾਮਿਆਂ ਨੂੰ ਸਸਤੀ ਕਿਰਤ ਸ਼ਕਤੀ ਦੇ ਸਾਧਨ ਵਜ਼ੋਂ ਵਰਤਦੇ ਹਨ ਤੇ ਦੂਜੇ ਪਾਸੇ ਉਹਨਾਂ ਨੂੰ ਦੇਸ਼-ਨਿਕਾਲਾ ਦੇ ਕੇ ਆਪਣੇ ਸਿਆਸੀ ਤੇ ਆਰਥਿਕ ਲਾਹੇ ਹਾਸਲ ਕਰਦੇ ਹਨ। ਸਾਮਰਾਜੀ ਮੁਲਕ ਪ੍ਰਵਾਸੀ ਕੱਚੇ ਕਾਮਿਆਂ ਦੀ ਰਿਜ਼ਰਵ ਸੈਨਾ ਨੂੰ ਵਿਦੇਸ਼ਾਂ ਵਿਚਲੇ ਸਥਾਨਕ ਕਾਮਿਆਂ ਦੀਆਂ ਉਜ਼ਰਤਾਂ ਘੱਟ ਕਰਨ ਤੇ ਉਹਨਾਂ ਦੇ ਜੱਥੇਬੰਦ ਹੋਣ ਦੇ ਧਰਾਤਲ ਨੂੰ ਖੋਰਾ ਲਾਉਂਦੇ ਹਨ।

ਤੀਜਾ, ਆਰਥਿਕ ਤੇ ਢਾਂਚਾਗਤ ਸੰਕਟ ਵਿੱਚ ਫਸੀਆਂ ਸਾਮਰਾਜੀ ਤਾਕਤਾਂ ਜੰਗਾਂ, ਨਸਲੀ ਤੇ ਸਰਹੱਦੀ ਝਗੜਿਆਂ ਨੂੰ ਲਗਾਤਾਰ ਬੜਾਵਾ ਦੇ ਰਹੀਆਂ ਹਨ, ਜਿਸ ਨਾਲ ਦੁਨੀਆਂ ਭਰ ਵਿੱਚ ਮਹਿੰਗਾਈ, ਬੇਰੁਜਗਾਰੀ ਤੇ ਟੈਕਸ ਬੋਝ ਵੱਧ ਰਿਹਾ ਹੈ ਤੇ ਰਿਹਾਇਸ਼ੀ ਘਰਾਂ ਦੀ ਕਿੱਲਤ ਪੈਦਾ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਫਲਸਤੀਨ ਦੁਨੀਆਂ ਦੇ ਸਭ ਤੋਂ ਵੱਡੇ ਮਨੁੱਖੀ ਸੰਕਟ ਦਾ ਸ਼ਿਕਾਰ ਹੈ ਤੇ ਪ੍ਰਵਾਸ ਸੰਕਟ ਅਸਲ ਅਰਥਾਂ ਵਿੱਚ ਪੂੰਜੀਵਾਦੀ ਸੰਕਟ ਹੈ।

ਉਹਨਾਂ ਕੈਨੇਡਾ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਦੀ ਮੰਗ ਕੀਤੀ। ਉਹਨਾਂ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਭੜਕਾਊ, ਫਿਰਕੂ ਤੇ ਸਪਾਂਸਰਡ ਅਖੌਤੀ ਜੱਥੇਬੰਦੀਆਂ ਤੇ ਵਿਅਕਤੀਆਂ ਦੇ ਭੁਚਲਾਵੇ ਤੋਂ ਸੁਚੇਤ ਹੋ ਕੇ ਵਿਚਾਰਧਾਰਕ ਤੌਰ ਤੇ ਚੇਤੰਨ ਜੱਥੇਬੰਦੀ, ਏਕਤਾ ਤੇ ਸਾਂਝੇ ਸੰਘਰਸ਼ਾਂ ਦੀ ਲੋੜ ਉੱਤੇ ਜ਼ੋਰ ਦਿੱਤਾ।

ਇਸ ਸਮੇਂ ਕੈਨੇਡੀਅਨ ਪੰਜਾਬੀ ਕਲਚਰਲ ਐਸ਼ੋਸੀਏਸ਼ਨ ਵੱਲੋਂ ਡਾ. ਹਰਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਸਰਾਭਾ ਦੀ ਸ਼ਹਾਦਤ ਦੇ 109 ਵਰ੍ਹਿਆਂ ਬਾਅਦ ਸੰਸਾਰ ਹਾਲਾਤ ਬਹੁਤ ਤੇਜ਼ ਗਤੀ ਨਾਲ ਬਦਲ ਚੁੱਕੇ ਹਨ। ਇਸ ਲਈ ਸੰਸਾਰ ਪੂੰਜੀਵਾਦ ਦੀਆਂ ਨਵੀਆਂ ਤੇ ਵੱਡੀਆਂ ਚੁਣੌਤੀਆਂ ਖਿਲਾਫ ਲੜ੍ਹਨ ਲਈ ਨਵੀਂ-ਨਰ੍ਹੋਈ ਅਗਵਾਈ ਦੀ ਲੋੜ ਹੈ।

ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਡੋ-ਕੈਨੇਡੀਅਨ ਭਾਈਚਾਰੇ ਦੇ ਬੁਨਿਆਦੀ ਮੁੱਦੇ ਸਾਂਝੇ ਹਨ ਤੇ ਇਸ ਲਈ ਉਹਨਾਂ ਦੀ ਜਮਾਤੀ-ਤਬਕਾਤੀ ਸਾਂਝ ਬਣਦੀ ਹੈ। ਉਹਨਾਂ, ਕੈਨੇਡਾ ਵਿੱਚ ਵਸਦੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਹਾਕਮ ਜਮਾਤਾਂ ਦੀਆਂ ਵੰਡਪਾਊ ਤੇ ਫਿਰਕਾਪ੍ਰਸਤ ਚਾਲਾਂ ਤੋਂ ਦੂਰ ਰਹਿਕੇ ਧਰਮ-ਨਿਰਪੱਖਤਾ ਤੇ ਜਮਹੂਰੀ ਹੱਕਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ।

ਇਸ ਦੌਰਾਨ ਲੌਰਲ ਕਰਿਸ ਕਲੱਬ, ਬਰੈਂਪਟਨ ਵੱਲੋਂ ਗੁਰਮੀਤ ਸੁਖਪੁਰਾ ਨੇ ਨੌਜਵਾਨ ਪੀੜ੍ਹੀ ਨੂੰ ਸਾਮਰਾਜੀ ਹਮਲਿਆਂ ਖਿਲਾਫ ਲੜਾਈ ਲਈ ਜਾਗਰਿਤ ਹੋਣ ਲਈ ਕਿਹਾ। ਕੈਨੇਡੀਅਨ ਸਾਹਿਤ ਸਭਾ ਵੱਲੋਂ ਤਲਵਿੰਦਰ ਮੰਡ, ਪੰਜਾਬੀ ਪੈਨਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਪ੍ਰੋ. ਜਾਗੀਰ ਸਿੰਘ ਕਾਹਲੋਂ, ਐਸੋਸ਼ੀਏਸ਼ਨ ਆਫ ਪ੍ਰੋਗਰੈਸਿਵ ਕੈਨੇਡੀਅਨ ਕੋਆਰਡੀਨੇਸ਼ਨ ਵੱਲੋਂ ਹਰਪਰਮਿੰਦਰ ਸਿੰਘ ਗਦਰੀ ਤੇ ਕੁਲਦੀਪ ਸਿੰਘ ਬੋਪਾਰਾਏ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼ਹੀਦਾਂ ਦੀ ਅਗਾਂਹਵਧੂ ਇਨਕਲਾਬੀ ਵਿਚਾਰਧਾਰਾ ਦੀ ਮਾਰਗ-ਸੇਧ ਤੇ ਚੱਲਦਿਆਂ ਜੱਥੇਬੰਦ ਏਕਤਾ ਦਾ ਸੁਨੇਹਾ ਦਿੱਤਾ।

ਇਸ ਸਮੇਂ ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਆਗੂ ਬਲਰਾਜ ਸ਼ੋਕਰ, ਅਮਰਦੀਪ ਸਿੰਘ, ਡਾ. ਸੋਹਨ ਸਿੰਘ ਪਰਮਾਰ, ਮਾਇਸੋ ਦੇ ਆਗੂ ਵਰੁਣ ਖੰਨਾ ਵੀ ਹਾਜ਼ਰ ਸਨ। ਤਰਕਸ਼ੀਲ ਸੁਸਾਇਟੀ ਵੱਲੋਂ ਅਮਰਦੀਪ ਸਿੰਘ ਨੇ ਅਗਾਂਹਵਧੂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲਗਾਈ। ਮੰਚ ਸੰਚਾਲਨ ਦੀ ਭੂਮਿਕਾ ਖੁਸ਼ਪਾਲ ਗਰੇਵਾਲ ਨੇ ਨਿਭਾਈ।

 

Leave a Reply

Your email address will not be published. Required fields are marked *