Punjab News: ਡੀਟੀਐੱਫ ਦੇ ਸੱਦੇ ‘ਤੇ ਸੈਂਕੜੇ ਅਧਿਆਪਕਾਂ ਨੇ DEO ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ
ਸੀਈਪੀ ਵਰਗੇ ਫੋਕੇ ਪ੍ਰੋਜੈਕਟਾਂ ਨੂੰ ਬੰਦ ਕਰੇ ਪੰਜਾਬ ਸਰਕਾਰ, ਵਿਦਿਆਰਥੀਆਂ ਦੀ ਅਸਲੀ ਸਿੱਖਿਆ ਵੱਲ ਦਿੱਤਾ ਜਾਵੇ ਧਿਆਨ: ਡੀਟੀਐੱਫ
ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਕੇ ਆਪਣਾ ਪਾਠ ਕਰਮ ਬਣਾਵੇ ਪੰਜਾਬ ਸਰਕਾਰ: ਡੀ ਟੀ ਐੱਫ
ਜ਼ਿਲੇ ਦੇ ਸਿੱਖਿਆ ਅਧਿਕਾਰੀ ਅਧਿਆਪਕਾਂ ਪ੍ਰਤੀ ਆਪਣਾ ਵਤੀਰਾ ਠੀਕ ਕਰਨ: ਡੀਟੀਐੱਫ ਸੰਗਰੂਰ
ਅਧਿਆਪਕਾਂ ਤੋਂ ਗੈਰ ਸਿੱਖਿਆ ਕੰਮ ਵਾਪਸ ਲੈ ਕੇ ਅਧਿਆਪਕਾਂ ਨੂੰ ਸਿਰਫ ਪੜਾਉਣ ਦਿੱਤਾ ਜਾਵੇ: ਡੀਟੀਐੱਫ
ਦਲਜੀਤ ਕੌਰ, ਸੰਗਰੂਰ
ਡੈਮੋਕਰੈਟਿਕ ਟੀਚਰਜ਼ ਫਰੰਟ ਸੰਗਰੂਰ ਵੱਲੋਂ ਅੱਜ ਬਾਅਦ ਦੁਪਹਿਰ ਜ਼ਿਲਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਬਾਹਰ ਦੋ ਘੰਟੇ ਦਾ ਜਿਲਾ ਪੱਧਰੀ ਧਰਨਾ ਲਗਾਇਆ ਗਿਆ, ਜਿਸ ਵਿੱਚ ਪੂਰੇ ਜਿਲਾ ਸੰਗਰੂਰ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਬੋਲਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਸ ਸੈਸ਼ਨ ਦੌਰਾਨ ਪਹਿਲਾਂ ਤਾਂ ਅਪ੍ਰੈਲ ਤੋਂ ਅਗਸਤ ਤੱਕ ਸਮਰੱਥ ਨਾਮ ਦਾ ਪ੍ਰੋਜੈਕਟ ਚਲਾ ਕੇ ਅਧਿਆਪਕਾਂ ਨੂੰ ਬੱਚਿਆਂ ਦੇ ਸਿਲੇਬਸ ਤੋਂ ਦੂਰ ਰੱਖਿਆ ਅਤੇ ਹੁਣ ਸਤੰਬਰ ਤੋਂ ਦਸੰਬਰ ਤੱਕ ਭਾਰਤ ਸਰਕਾਰ ਦੇ ਸੀ ਈ ਪੀ ਸਰਵੇ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਫਾਈਨਲ ਪੇਪਰ ਸਿਲੇਬਸ ਵਿੱਚੋਂ ਹੀ ਆਉਂਣੇ ਹਨ ਪਰ ਅਪ੍ਰੈਲ ਤੋਂ ਲੈ ਕੇ ਅਜੇ ਤੱਕ ਵਿਦਿਆਰਥੀਆਂ ਨੂੰ ਸਿਲੇਬਸ ਕਰਵਾਉਣ ਦਾ ਸਮਾਂ ਨਹੀਂ ਦਿੱਤਾ ਗਿਆ।
ਡੀਟੀਐੱਫ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਬੋਲਦਿਆ ਦੱਸਿਆ ਕਿ ਪੰਜਾਬ ਸਰਕਾਰ ਸੀਈਪੀ ਵਰਗੇ ਪ੍ਰੋਗਰਾਮ ਚਲਾ ਕੇ ਭਾਰਤ ਸਰਕਾਰ ਦੀ ਨਵੀਂ ਲੋਕ ਮਾਰੂ ਅਤੇ ਸਿੱਖਿਆ ਮਾਰੂ ਨਵੀਂ ਸਿੱਖਿਆ ਨੀਤੀ 2020 ਨੂੰ ਲੁਕਵੇਂ ਰੂਪ ਵਿੱਚ ਲਾਗੂ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦਾ ਆਪਣਾ ਵੱਖਰਾ ਸੱਭਿਆਚਾਰ ਹੈ ਇਸ ਲਈ ਪੰਜਾਬ ਸਰਕਾਰ ਨੂੰ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸੱਭਿਆਚਾਰ ਅਨੁਸਾਰ ਆਪਣੀ ਸਿੱਖਿਆ ਨੀਤੀ ਬਣਾਵੇ
ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਬੋਲਦਿਆਂ ਦੱਸਿਆ ਕਿ ਸਿਰਫ ਪ੍ਰੋਜੈਕਟਾਂ ਤੱਕ ਹੀ ਨਹੀਂ, ਬਲਕਿ ਇਸ ਤੋਂ ਅੱਗੇ ਅਧਿਆਪਕਾਂ ਕੋਲ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ , ਜਿਵੇਂ ਕਿ ਬੀਐਲਓ ਡਿਊਟੀਆਂ, ਚੋਣ ਡਿਊਟੀਆਂ, ਵਿਦਿਆਰਥੀਆਂ ਦੇ ਵਜੀਫੇ ਅਪਲਾਈ ਕਰਨੇ, ਅਤੇ ਰੋਜਾਨਾ ਡਿਊਟੀ ਵਿਚਲੀਆਂ ਹੋਰ ਬਹੁਤ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ, ਡਾਕ ਦਾ ਕੰਮ ਆਦਿ। ਉਨਾ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਤੋਂ ਛੋਟ ਦੇ ਕੇ ਵਿਦਿਆਰਥੀਆਂ ਨੂੰ ਪੜਾਉਣ ਲਈ ਲਗਾਇਆ ਜਾਵੇ ਤਾਂ ਕਿ ਪੰਜਾਬ ਦੇ ਵਿਦਿਆਰਥੀ ਅਸਲੀ ਅਰਥਾਂ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ।
ਡੀ ਟੀ ਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨ ਵਸ਼ਿਸ਼ਟ ਨੇ ਬੋਲਦਿਆਂ ਦੱਸਿਆ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਤਰਵਿੰਦਰ ਕੌਰ ਅਤੇ ਜ਼ਿਲ੍ਹੇ ਦੇ ਹੋਰ ਸਿੱਖਿਆ ਅਧਿਕਾਰੀਆਂ ਦੁਆਰਾ ਸੀ ਈ ਪੀ ਦੇ ਨਾਂ ਹੇਠ ਅਧਿਆਪਕਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਸਖਤ ਨੋਟਿਸ ਲੈਂਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਅਧਿਆਪਕਾਂ ਨੂੰ ਮੀਟਿੰਗਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਡਰਾ ਧਮਕਾ ਰਹੇ ਹਨ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤੋਂ ਬਿਨਾਂ ਬੇਲੋੜੇ ਹੁਕਮ ਚਾੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 12 ਨਵੰਬਰ ਦੇ ਸੀਈਪੀ ਟੈਸਟ ਲਈ ਅਧਿਆਪਕਾਂ ਦੀਆਂ ਦੂਸਰੇ ਬਲਾਕਾਂ ਵਿੱਚ 60-60 ਕਿਲੋਮੀਟਰ ਦੂਰ ਡਿਊਟੀਆਂ ਲਗਾਈਆਂ ਗਈਆਂ। ਇਸ ਤੋਂ ਬਿਨਾਂ ਜਿਲਾ ਸਿੱਖਿਆ ਅਫਸਰ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਮੀਟਿੰਗਾਂ ਕਰਨ ਲਈ ਜੁਬਾਨੀ ਹੁਕਮ ਚਾੜ ਰਹੇ ਹਨ ਅਤੇ ਮੀਟਿੰਗਾਂ ਦੌਰਾਨ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਨਿੱਜੀ ਬੇਇਜਤੀ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਗੈਰ ਵਾਜਬ ਹੈ ਅਤੇ ਨਾ ਸਹਿਣ ਯੋਗ ਹੈ।
ਇਸ ਮੌਕੇ ਡੀ ਟੀ ਐੱਫ ਦੇ ਆਗੂ ਕੁਲਵੰਤ ਖਨੌਰੀ ਨੇ ਬੋਲਦਿਆਂ ਜਿਲੇ ਦੇ ਸਿੱਖਿਆ ਅਧਿਕਾਰੀਆਂ ਨੂੰ ਅਧਿਆਪਕਾਂ ਅਤੇ ਸਕੂਲ ਮੁਖੀਆਂ ਪ੍ਰਤੀ ਤੁਰੰਤ ਆਪਣਾ ਰਵਈਆ ਬਦਲਣ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜਿਲੇ ਦੇ ਸਿੱਖਿਆ ਅਧਿਕਾਰੀਆਂ ਦਾ ਅਜਿਹਾ ਰਵਈਆ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬੋਲਦਿਆਂ ਅਪੀਲ ਕੀਤੀ ਕਿ ਜਿਲਾ ਸਿੱਖਿਆ ਅਫਸਰ ਸੰਗਰੂਰ ਅਤੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਅਧਿਆਪਕਾਂ ਨੂੰ ਦੋਸਤਾਨਾ ਅਤੇ ਆਪਸੀ ਮਿਲਵਰਤਨ ਵਾਲਾ ਮਾਹੌਲ ਦੇਣ ਤਾਂ ਕਿ ਓਹੋ ਵਿਦਿਆਰਥੀਆਂ ਦੀ ਸਿੱਖਿਆ ਲਈ ਸੁਹਿਰਦਤਾ ਨਾਲ ਕੰਮ ਕਰ ਸਕਣ। ਇਸ ਮੌਕੇ ਵਿਕਰਮਜੀਤ ਸਿੰਘ ਮਲੇਰਕੋਟਲਾ ਕਰਮਜੀਤ ਨਦਾਮਪੁਰ, ਕਮਲਜੀਤ ਬਨਭੌਰਾ, ਸੁਖਬੀਰ ਖਨੌਰੀ, ਦੀਨਾ ਨਾਥ, ਰਵਿੰਦਰ ਦਿੜ੍ਹਬਾ, ਗੁਰਦੀਪ ਚੀਮਾ, ਬਲਵਿੰਦਰ ਸਤੌਜ, ਰਾਜ ਸੈਣੀ, ਮਨੋਜ ਲਹਿਰਾ, ਸੁਖਬੀਰ ਖਨੌਰੀ, ਮੇਘ ਰਾਜ ਮਨਜੀਤ ਸੱਭਰਵਾਲ, ਆਦਿ ਹਾਜ਼ਰ ਸਨ।