ਕਾਮਰੇਡ ਨਾਮਦੇਵ ਸਿੰਘ ਭੁਟਾਲ ਕਲਾਂ ਯਾਦਗਾਰੀ ਸਮਾਗਮ ਭਲਕੇ
ਕਿਤਾਬ “ਯਾਦਗਾਰੀ ਹਰਫ਼” ਕੀਤੀ ਜਾਵੇਗੀ ਰਲੀਜ਼: ਜਗਜੀਤ ਭੁਟਾਲ
ਦਲਜੀਤ ਕੌਰ, ਲਹਿਰਾਗਾਗਾ
ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੁਟਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਕਲਾਬੀ ਲਹਿਰ ਦੇ ਯੋਧੇ, ਨੌਜਵਾਨ ਭਾਰਤ ਸਭਾ ਦੇ ਧੜੱਲੇਦਾਰ ਆਗੂ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਰਹੇ ਕਾਮਰੇਡ ਨਾਮਦੇਵ ਭੁਟਾਲ ਕਲਾਂ ਦੀ ਯਾਦ ਵਿੱਚ ਉਹਨਾਂ ਦੀ ਪਹਿਲੀ ਬਰਸੀ ਤੇ ਪਿੰਡ ਭੁਟਾਲ ਕਲਾਂ ਵਿਖੇ 24 ਨਵੰਬਰ ਨੂੰ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮਰਹੂਮ ਕਾਮਰੇਡ ਨਾਮਦੇਵ ਭੁਟਾਲ ਬਾਰੇ ਗੁਰਮੇਲ ਸਿੰਘ ਭੁਟਾਲ ਦੁਬਾਰਾ ਸੰਪਾਦਿਤ ਪੁਸਤਕ “ਯਾਦਗਾਰੀ ਹਰਫ਼ “ਲੋਕ ਅਰਪਣ ਕੀਤੀ ਜਾਵੇਗੀ। ਇਸ ਪੁਸਤਕ ਵਿਚ ਉਨ੍ਹਾਂ ਦੀਆਂ ਯਾਦਾਂ ਅਤੇ ਉਹਨਾਂ ਨਾਲ ਬਿਤਾਏ ਪਲਾਂ ਨੂੰ ਵੱਖੋ ਵੱਖ ਲੇਖਕਾਂ ਦੁਆਰਾ ਕਲਮਬੱਧ ਕੀਤਾ ਗਿਆ ਹੈ।
ਸ੍ਰੀ ਜਗਜੀਤ ਭੁਟਾਲ ਨੇ ਆਪਣੇ ਜਿਗਰੀ ਦੋਸਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਮਦੇਵ ਮੇਰਾ ਬਚਪਨ ਦਾ ਦੋਸਤ ਸੀ ਮੈਂ ਤੇ ਨਾਮਦੇਵ ਨੇ ਸਕੂਲ ਵਿੱਚ ਇਕੱਠਿਆਂ ਹੀ ਦਾਖਲਾ ਲਿਆ। ਇਕੱਠੇ ਹੀ ਖੇਡਦੇ ਇਕੱਠੇ ਹੀ ਪੜ੍ਹਦੇ। ਉਦੋਂ ਹੀ ਸਾਡੀ ਗਹਿਰੀ ਦੋਸਤੀ ਬਣ ਗਈ ਸੀ। ਅਸੀਂ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਦਾ ਸੇਕ ਵੀ ਇਕੱਠਿਆਂ ਝੱਲਿਆ ਤੇ ਪੋਹ ਮਾਘ ਦੀਆਂ ਰਾਤਾਂ ਦੀ ਬਰਫੀਲੀ ਠੰਢ ਵੀ। ਸਾਡਾ ਪੱਕਾ ਯਾਰਾਨਾ ਸੀ ਧੁੱਪ ਮੇਰੇ ਤੇ ਪੈਂਦੀ ਸੀ ਪਰਛਾਵਾਂ ਉਸਦਾ ਦਿਖਾਈ ਦਿੰਦਾ ਸੀ। ਜ਼ਿੰਦਗੀ ਦੀਆਂ 64 ਰੁੱਤਾਂ ਤੇ ਬਹਾਰਾਂ ਦਾ ਅਸੀਂ ਇਕੱਠਿਆਂ ਨਿੱਘ ਮਾਣਿਆ ਪਰ ਇਸ ਵਾਰ ਇਹ ਰੁੱਤ ਪਤਝੜ ਲੈ ਕੇ ਆਵੇਗੀ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ।
ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਪਤਝੜ ਰੁੱਤੇ ਜਦੋਂ ਹਵਾਵਾਂ ਰੁੱਖਾਂ ਕੋਲੋਂ ਵਿਛੜਦੀਆਂ ਹਨ ਪੱਤਿਆਂ ਕੋਲ ਸਿਰਫ ਸਰਸਰਾਹਟ ਬਚਦੀ ਹੈ ਅਜਿਹਾ ਹੀ ਕੁਝ ਮੇਰੇ ਨਾਲ ਹੋਇਆ। ਇਸ ਰੁੱਤੇ ਮੈਨੂੰ ਰੁੱਖ ਨਿਪੱਤਰੇ ਲੱਗਣ ਲੱਗੇ ਤੇ ਰੁੱਤ ਵਿਧਵਾ ਲੱਗਣ ਲੱਗੀ। ਇਹ ਪੱਤਝੜ ਇਹ ਟੁਟਦੇ ਪੱਤੇ ਇਹ ਮੌਸਮ ਮੈਨੂੰ ਮੇਰੇ ਵਾਂਗਰਾਂ ਲੱਗਣ ਲੱਗ ਪਿਆ। ਇਸ ਚੰਦਰੀ ਰੁੱਤੇ ਮੇਰਾ ਜਿਗਰੀ ਯਾਰ ਹੱਥਾਂ ‘ਚੋਂ ਰੇਤ ਵਾਂਗ ਕਿਰ ਗਿਆ। ਇਹ ਮੇਰੇ ਲਈ ਇੱਕ ਨਾਸਹਿਣਯੋਗ ਸਦਮਾ ਹੈ। ਮੇਰੇ ਨੈਣਾਂ ਦਾ ਸਤਲੁਜ ਮੇਰੇ ਹਾਸਿਆਂ ਤੇ ਹੌਕਿਆਂ ਨੂੰ ਸੈਲਾਬ ਦੀ ਤਰ੍ਹਾਂ ਵਹਾ ਕੇ ਲੈ ਗਿਆ।
ਜਗਜੀਤ ਭੁਟਾਲ ਨੇ ਭਰੇ ਮਨ ਨਾਲ ਕਿਹਾ ਕਿ ਨਾਮਦੇਵ ਭੁਟਾਲ ਮੇਰੇ ਦਰਦਾਂ ਦੀ ਮੱਲ੍ਹਮ ਸੀ। ਉਸਦੀ ਮੌਤ ਨੇ ਮੈਨੂੰ ਡੂੰਘਾ ਦਰਦ ਦਿੱਤਾ। ਇਹ ਜ਼ਖ਼ਮ ਜਲਦੀ ਕੀਤਿਆਂ ਭਰਨ ਵਾਲੇ ਨਹੀਂ। ਇਹ ਫੱਟ ਕਿਸੇ ਨੂੰ ਦਿਖਦੇ ਤਾਂ ਨਹੀਂ ਪਰ ਦੁਖਦੇ ਬਹੁਤ ਹਨ। ਉਹ ਮੇਰੇ ਹਰ ਸੁੱਖ ਦੁੱਖ ਵਿਚ ਸ਼ਰੀਕ ਹੁੰਦਾ ਸੀ। ਉਹ ਮੇਰੇ ਦਿਲ ਦੀਆਂ ਰਮਜਾਂ ਨੂੰ ਪਛਾਣਦਾ ਸੀ। ਮੇਰੇ ਆਉਂਦੇ ਜਾਂਦੇ ਸਾਹਾਂ ਦੀ ਗਿਣਤੀ ਨੂੰ ਜਾਣਦਾ ਸੀ। ਉਹ ਗਹਿਰਾਈ ਨਾਲ ਮੇਰੇ ਮਨ ਨੂੰ ਵੀ ਸਮਝਦਾ ਸੀ ਤੇ ਮੇਰੇ ਮੌਨ ਨੂੰ ਵੀ। ਉਹ ਮੇਰੀ ਰੂਹ ਦਾ ਰਾਜ਼ਦਾਰ ਸੀ। ਐਸੇ ਕਦਰਦਾਨ ਦੋਸਤ ਬੜੀ ਕਿਸਮਤ ਨਾਲ ਮਿਲਦੇ ਹਨ, ਪਰ ਜਿੰਨਾਂ ਰਾਹਾਂ ਤੇ ਉਹ ਤੁਰ ਗਿਆ ਉਹਨਾਂ ਰਾਹਾਂ ਦਾ ਕੋਈ ਸਿਰਨਾਵਾਂ ਨਹੀਂ। ਜਿਵੇਂ ਅੰਬਰੋਂ ਟੁੱਟੇ ਤਾਰੇ ਦਾ ਕੋਈ ਟਿਕਾਣਾ ਨਹੀਂ ਹੁੰਦਾਂ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਮੈਂ ਤੇ ਨਾਮਦੇਵ ਇਕੱਠਿਆਂ ਤੁਰਦੇ ਸੀ। ਹਰ ਕੰਮ ਵਿਚ ਇਕ ਦੂਜੇ ਦੀ ਰਾਇ ਲੈਂਦੇ ਸੀ। ਪਰ ਉਸਦੇ ਰੁਖ਼ਸਤ ਹੋਣ ਬਾਅਦ ਮੈਂ ਰੋਹੀ ਦੇ ਜੰਡ ਵਾਂਗ ਇਕੱਲਾ ਰਹਿ ਗਿਆ ਹਾਂ। ਮੇਰੇ ਹਾਸਿਆਂ ਦੀ ਉਮਰ ਉਹਦੀਆਂ ਯਾਦਾਂ ਨਾਲ ਹੀ ਦਫ਼ਨ ਹੋ ਗਈ।
ਨਾਮਦੇਵ ਭੁਟਾਲ ਕਲਾਂ ਦੇ ਪਹਿਲੀ ਬਰਸੀ ਸਮਾਰੋਹ ਤੇ ਪਿੰਡ ਭੁਟਾਲ ਕਲਾਂ ਸਕੂਲ ਦੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ( ਫਸਟ, ਸੈਕਿੰਡ ਤੇ ਥਰਡ) ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਨਾਮਦੇਵ ਭੁਟਾਲ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਜਾਵੇਗਾ। ਇਸ ਸਨਮਾਨ ਨੂੰ ਪਰਿਵਾਰ ਵੱਲੋਂ ਹਰ ਸਾਲ ਜਾਰੀ ਰੱਖਿਆ ਜਾਵੇਗਾ। ਨਾਮਦੇਵ ਭੁਟਾਲ ਯਾਦਗਾਰੀ ਸਮਾਗਮ ਦੀ ਕਾਮਯਾਬੀ ਲਈ ਇਲਾਕੇ ਦੇ ਆਗੂਆਂ ਨੇ ਆਪੋ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਜਗਜੀਤ ਭੁਟਾਲ, ਜਗਦੀਸ਼ ਪਾਪੜਾ, ਲਛਮਣ ਅਲੀਸ਼ੇਰ, ਰਘਬੀਰ ਸਿੰਘ ਭੁਟਾਲ ਵੱਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਗਿਆ ਹੈ। ਜਮਹੂਰੀ ਅਧਿਕਾਰ ਸਭਾ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।