ਵੱਡਾ ਖੁਲਾਸਾ: ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸੀਈਪੀ ਦੀ ਆੜ ‘ਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਹੋਈ ਬੰਦ- GTU
ਸੀ ਈ ਪੀ ਦੀ ਆੜ ਵਿੱਚ ਸਰਕਾਰੀ ਸਕੂਲਾਂ ਅੰਦਰ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਹੋਈ ਬੰਦ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*
ਪੰਜਾਬ ਨੈੱਟਵਰਕ, ਪਟਿਆਲਾ
ਸਿੱਖਿਆ ਵਿਭਾਗ ਪੰਜਾਬ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਹਮੇਸ਼ਾ ਨਵੇਂ ਨਵੇਂ ਪ੍ਰਯੋਗ ਸਿੱਖਿਆ ਵਿਭਾਗ ਦੁਆਰਾ ਕੀਤੇ ਜਾਂਦੇ ਰਹੇ ਹਨ। ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕ੍ਰਾਂਤੀ ਲਿਆਉਣ ਵਿੱਚ ਫੇਲ੍ਹ ਹੋਈ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਸੀਈਪੀ ਦੀ ਆੜ ਵਿੱਚ ਸਰਕਾਰੀ ਸਕੂਲਾਂ ਅੰਦਰ ਅੰਗਰੇਜ਼ੀ ਦੀ ਪੜ੍ਹਾਈ ਬੰਦ ਹੋ ਚੁੱਕੀ ਹੈ।
ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸੀਈਪੀ ਦੇ ਆੜ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨ ਦੇ ਮੌਕੇ ਨਹੀਂ ਮਿਲ ਰਹੇ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਅਧਿਆਪਕਾਂ ਨੂੰ ਵਿਦੇਸ਼ੀ ਭਾਸ਼ਾ ਸਿੱਖਣ ਲਈ ਵਿਦੇਸ਼ਾਂ ਵਿੱਚ ਟ੍ਰੇਨਿੰਗਾਂ ਲਈ ਕਰੋੜਾਂ ਰੁਪਏ ਖਰਚ ਕੇ ਭੇਜ ਰਹੀ।
ਉਥੇ ਹੀ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਪੜਾਈ ਕਰਵਾ ਹੀ ਨਹੀਂ ਰਹੀ। ਉਹਨਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਅੰਦਰ ਸੀਈਪੀ ਦੇ ਆੜ ਵਿੱਚ ਅੰਗਰੇਜ਼ੀ ਵਿਸੇ਼ ਨੂੰ ਛੱਡ ਕੇ ਪੰਜਾਬੀ, ਮੈਥ ਤੇ ਵਾਤਾਵਰਨ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਜਦੋਂ ਕਿ ਮਿਡਲ ਹਾਈ ਸਕੂਲਾਂ ਅੰਦਰ ਅੰਗਰੇਜ਼ੀ,ਹਿੰਦੀ,ਕੰਪਿਊਟਰ ਫਿਜ਼ੀਕਲ ਵਿਸ਼ਿਆਂ ਨੂੰ ਛੱਡ ਕੇ ਪੜ੍ਹਾਈ ਬਾਕੀ ਪੜ੍ਹਾਈ ਕਰਵਾਈ ਜਾ ਰਹੀ ਹੈ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਸਰਕਾਰ ਬਾਰੇ ਹੁਣ ਇਵੇਂ ਲੱਗਦਾ ਹੈ ਕਿ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ।
ਬੋਰਡ ਦੀਆਂ ਪ੍ਰੀਖਿਆਵਾਂ ਬਿਲਕੁਲ ਸਿਰ ਤੇ ਹਨ। ਪਰ ਸਮੇਂ ਸਮੇਂ ਤੇ ਇਹਨਾਂ ਪ੍ਰਯੋਗਾਂ, ਪ੍ਰੋਜੈਕਟਾਂ ਕਰਕੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ। ਉਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਹਨਾਂ ਬੇਲੋੜੇ ਪ੍ਰੋਜੈਕਟਾਂ ਪ੍ਰਯੋਗਾਂ ਨੂੰ ਬੰਦ ਕਰਕੇ ਬੱਚਿਆਂ ਦੀ ਸਿੱਖਿਆ ਵੱਲ ਗੰਭੀਰਤਾ ਨਾਲ ਸੋਚੇ।