ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਨਵੀਆਂ ਕਲਮਾਂ ਨਵੀਂ ਉਡਾਣ ਭਾਗ-14 ਪੁਸਤਕ ਦਾ ਕੀਤਾ ਗਿਆ ਲੋਕ ਅਰਪਣ ਸਮਾਰੋਹ
ਪੰਜਾਬ ਨੈੱਟਵਰਕ, ਸ਼ਹੀਦ ਭਗਤ ਸਿੰਘ ਨਗਰ
ਪੰਜਾਬ ਭਵਨ ਸਰੀ ਕਨੇਡਾ ਸ੍ਰੀ ਸੁੱਖੀ ਬਾਠ ਜੀ ਦੀ ਅਗਵਾਈ ਦੇ ਹੇਠ ਚੱਲ ਰਿਹਾ ਪ੍ਰੋਜੈਕਟ 6 ਜੂਨ ਨੂੰ ‘ਨਵੀਆਂ ਕਲਮਾਂ ਨਵੀਂ ਉਡਾਣ ‘ਕਿਤਾਬ ਦਾ ਲੋਕ ਅਰਪਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਕੀਤਾ ਗਿਆ । ਇਸ ਕਿਤਾਬ ਦੇ ਮੁੱਖ ਸੰਪਾਦਕ ਅਜੇ ਕੁਮਾਰ ਖਟਕੜ ਅਤੇ ਸਹਿ ਸੰਪਾਦਕ ਰਵਨਜੋਤ ਕੌਰ ਸਿੱਧੂ ਰਾਵੀ ਜੀ ਹਨ। ਨਵੀਆਂ ਕਲਮਾਂ ਨਵੀਂ ਉਡਾਣ ਦਾ ਇਹ ਚੌਥਵਾਂ ਭਾਗ ਲੋਕ ਅਰਪਣ ਕੀਤਾ ਗਿਆ ਹੈ । ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਸਨ ਅਤੇ ਉਨਾਂ ਦੇ ਨਾਲ ਸਰੀ ਕਨੇਡਾ ਦੀ ਦੂਸਰੀ ਬ੍ਰਾਂਚ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੇ ਮੁੱਖ ਸੰਚਾਲਿਕਾ ਮੈਡਮ ਪ੍ਰੀਤ ਹੀਰ ਅਤੇ ਉਹਨਾਂ ਦੀ ਸਮੁੱਚੀ ਟੀਮ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।
ਸਮਾਗਮ ਦੀ ਸ਼ੁਰੂਆਤ ਦੇ ਵਿੱਚ ਅਜੇ ਕੁਮਾਰ ਖਟਕੜ ਜੀ ਨੇ ਸਾਰੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਅਤੇ ਰਸਮੀ ਤੌਰ ਤੇ ਸਵਾਗਤੀ ਸ਼ਬਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਕੌਰ ਜੀ ਦੁਆਰਾ ਕਹੇ ਗਏ । ਉਹਨਾਂ ਨੇ ਆਏ ਹੋਏ ਮਹਿਮਾਨਾ ਜੀ ਆਇਆਂ ਆਖਿਆ।ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਜਸਵੀਰ ਚੰਦ ਜੀ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਅਰਚਨਾ ਅਗਰਵਾਲ ਜੀ ਨੇ ਕੀਤੀ ਅਤੇ ਉਹਨਾਂ ਦੇ ਦੁਆਰਾ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਭਾਗ-14 ਨੂੰ ਰਿਲੀਜ਼ ਕੀਤਾ ਗਿਆ । ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਜੋ ਕਿ ਨੌਂ ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਉਸ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਜੀ ਦੁਆਰਾ ਦਿੱਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅਰਚਨਾ ਅਗਰਵਾਲ ਜੀ ਨੇ ਇਸ ਪ੍ਰੋਜੈਕਟ ਦੀ ਸਹਾਰਨਾ ਕੀਤੀ ਅਤੇ ਕਿਤਾਬ ਦੇ ਵਿੱਚ ਸ਼ਾਮਿਲ ਬੱਚਿਆਂ ਦੀਆਂ ਰਚਨਾਵਾਂ ਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਸਕਾਰਾਤਮਕ ਪੱਖ ਨੂੰ ਦੇਖਦੇ ਹੋਏ ਵਧੀਆ ਰਚਨਾਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਨਕਾਰਾਤਮਕ ਸੋਚ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਅਤੇ ਹਮੇਸ਼ਾ ਸਮਾਜ ਨੂੰ ਚੰਗੀ ਸਿੱਖਿਆ ਦੇਣ ਵਾਲੀਆਂ ਰਚਨਾਵਾਂ ਨੂੰ ਲਿਖਣਾ ਚਾਹੀਦਾ ਹੈ। ਉਹਨਾਂ ਨੇ ਬਹੁਤ ਹੀ ਖੂਬਸੂਰਤ ਲਫਜ਼ਾਂ ਦੇ ਵਿੱਚ ਬੱਚਿਆਂ ਨੂੰ ਦੁਆਵਾਂ ਦਿੱਤੀਆਂ ਕਿ ਉਹ ਜ਼ਿੰਦਗੀ ਦੇ ਹਰ ਪੜਾਅ ਤੇ ਸਫ਼ਲਤਾ ਹਾਸਲ ਕਰਨ।
ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਆਪੋ ਆਪਣੀਆਂ ਬਹੁਤ ਹੀ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਜਿਨਾਂ ਬੱਚਿਆਂ ਦੁਆਰਾ ਕਿਤਾਬ ਦੇ ਵਿੱਚ ਰਚਨਾਵਾਂ ਛਪੀਆਂ ਹਨ ਉਹਨਾਂ ਨੂੰ ਪੰਜਾਬ ਭਵਨ ਸਰੀ ਕਨੇਡਾ ਦੇ ਵੱਲੋਂ ਸਰਟੀਫਿਕੇਟ, ਮੈਡਲ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਇੱਕ ਇੱਕ ਕਾਪੀ ਸਨਮਾਨ ਦੇ ਰੂਪ ਦੇ ਵਿੱਚ ਦਿੱਤੀ ਗਈ। ਉੱਥੇ ਹੀ ਇਹਨਾਂ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਲੇ ਸਤਿਕਾਰਯੋਗ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਨਵੀਆਂ ਕਲਮਾਂ ਨਵੀਂ ਉਡਾਣ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜ਼ਿਲ੍ਾ ਖੇਡ ਅਫ਼ਸਰ ਸ੍ਰੀਮਤੀ ਦਵਿੰਦਰ ਕੌਰ ਜੀ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਪਹੁੰਚੇ ਸਨ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਸੁਖੀ ਬਾਠ ਜੀ ਨੇ ਸਾਰੇ ਬੱਚਿਆਂ ਨੂੰ ਇੱਕੋ ਗੱਲ ਕਹੀ ਕਿ ਜ਼ਿੰਦਗੀ ਦੇ ਵਿੱਚ ਅਗਰ ਤਰੱਕੀ ਕਰਨੀ ਹੈ ਤਾਂ ਸਾਡਾ ਇੱਕੋ ਇੱਕ ਮਕਸਦ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਮੁਹੱਬਤ ਕਰਨਾ। ਮੁਹੱਬਤ ਦੇ ਨਾਲ ਇਨਸਾਨ ਜ਼ਿੰਦਗੀ ਦੇ ਵਿੱਚ ਸਭ ਕੁਝ ਪਾ ਸਕਦਾ ਹੈ। ਮੁਹੱਬਤ ਦੇ ਨਾਲ ਤੁਸੀਂ ਸਮਾਜ ਦੇ ਵਿਗੜੇ ਰਿਸ਼ਤਿਆਂ ਨੂੰ ਠੀਕ ਕਰ ਸਕਦੇ ਹੋ। ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹੋ। ਸਾਨੂੰ ਆਪਣੀ ਤਾਕਤ ਹਮੇਸ਼ਾ ਸਮਾਜ ਦੀ ਭਲਾਈ ਦੇ ਕੰਮਾਂ ਦੇ ਲਈ ਵਰਤਣੀ ਚਾਹੀਦੀ ਹੈ। ਸੋ ਮਾੜੇ ਕੰਮਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਵਧੀਆ ਲਿਖੋ ,ਪੜੋ ਅਤੇ ਸਮਾਜ ਦੇ ਵਿੱਚ ਸਭ ਨੂੰ ਪਿਆਰ ਸਤਿਕਾਰ ਦੇਵੋ ਕਿਉਂਕਿ ਇਸਦੇ ਨਾਲ ਹੀ ਸਮਾਜ ਵਧੀਆ ਬਣ ਸਕਦਾ ਹੈ।
ਪ੍ਰਿੰਸੀਪਲ ਸ੍ਰੀ ਹਿਤੇਸ਼ ਸਹਿਗਲ ਜੀ ਵੱਲੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਣ ਦੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ,ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ, ਜਸਵੀਰ ਚੰਦ ,ਡਾਕਟਰ ਕੇਵਲ ਰਾਮ, ਮੱਖਣ ਬਖਲੌਰ ਅਤੇ ਦੇਸ ਰਾਜ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਪੱਧਰ ਤੇ ਬੱਚਿਆਂ ਦੇ ਅਧਿਆਪਕਾਂ, ਬੱਚਿਆਂ ਦੇ ਮਾਤਾ ਪਿਤਾ ਅਤੇ ਦੂਰੋਂ ਨੇੜੇਓ ਮਹਿਮਾਨਾਂ ਨੇ ਆਪਣੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਅਤੇ ਪੰਜਾਬ ਭਵਨ ਦੁਆਰਾ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਜਸਵੀਰ ਚੰਦ ਜੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਸਾਰਿਆਂ ਤੋਂ ਵਾਹ ਵਾਹ ਖੱਟੀ।