ਪੁਲਿਸ ਨੇ ਜੇਲ੍ਹ ‘ਚ ਡੱਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ‘ਤੇ ਬੈਠੇ 1158 ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ
ਪੰਜਾਬ ਨੈੱਟਵਰਕ, ਸੰਗਰੂਰ
ਬੀਤੀ ਰਾਤ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸ਼ਾਂਤਮਈ ਰੂਪ ਵਿਚ ਮਰਨ ਵਰਤ ਉੱਪਰ ਬੈਠੇ 1158 ਭਰਤੀ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਮੀਡੀਆ ਦੇ ਨਾਂ ਬਿਆਨ ਜਾਰੀ ਕਰਦਿਆਂ ਦਲਜੀਤ ਕੌਰ ਨੇ ਦੱਸਿਆ ਕਿ ਤਕਰੀਬਨ 22 ਜਣਿਆਂ ਨੂੰ ਲਹਿਰਾਗਾਗਾ, 10 ਨੂੰ ਧਰਮਗੜ੍ਹ ਅਤੇ 10 ਮਹਿਲਾ ਪ੍ਰੋਫ਼ੈਸਰਾਂ ਨੂੰ ਸ਼ੇਰਪੁਰ ਥਾਣਿਆਂ ਵਿਚ ਰਾਤ ਭਰ ਸਖ਼ਤ ਨਜ਼ਰਬੰਦੀ ਵਿਚ ਰੱਖਿਆ। ਸਭ ਦੇ ਫੋਨ ਖੋਹੇ ਗਏ। ਮਹਿਲਾ ਪ੍ਰੋਫ਼ੈਸਰਾਂ ਨੂੰ ਸਵੇਰੇ ਧੂਰੀ ਵਿਖੇ ਪੇਸ਼ ਕਰਨ ਉਪਰੰਤ ਰਿਹਾਅ ਕਰ ਦਿੱਤਾ ਗਿਆ, ਜਦਕਿ 31 ਪ੍ਰੋਫ਼ੈਸਰਾਂ ਨੂੰ ਸੰਗਰੂਰ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ।
ਜਸਕਰਨ ਸਿੰਘ ਨੇ ਦੱਸਿਆ ਕਿ ਮਰਨ ਵਰਤ ਉਪਰ ਬੈਠੇ ਪਰਮਜੀਤ ਸਿੰਘ, ਜਸਵੰਤ ਸਿੰਘ ਅਤੇ ਸੁਰਿੰਦਰ ਚੌਧਰੀ ਨੇ ਥਾਣੇ ਵਿੱਚ ਵੀ ਲਗਾਤਾਰ ਮਰਨ ਵਰਤ ਜਾਰੀ ਰੱਖਿਆ ਜੋ ਜੇਲ੍ਹ ਵਿੱਚ ਹੁਣ ਤੱਕ ਜਾਰੀ ਹੈ।
ਮਨੀਸ਼ ਕੁਮਾਰ ਨੇ ਸਰਕਾਰ ਦੀ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਸਰਕਾਰ 1158 ਫ਼ਰੰਟ ਦੇ ਆਗੂਆਂ ਸਮੇਤ ਸਾਰੇ 31 ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਅਤੇ ਉਹਨਾਂ ਉੱਤੇ ਪਾਏ ਪਰਚੇ ਰੱਦ ਕਰੇ।
ਦੀਪਕ ਅਜ਼ੀਜ਼ ਨੇ ਦੋਸ਼ ਲਾਇਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 23 ਸਤੰਬਰ 2024 ਨੂੰ 1158 ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ।
411 ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ 70 ਦਿਨਾਂ ਤੋਂ ਖੱਜਲ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਪੰਜਾਬ ਦੇ ਸਭ ਤੋਂ ਪੜ੍ਹੇ ਲਿਖੇ ਵਰਗ ਨਾਲ ਸਿਰੇ ਦੀ ਧੱਕੇਸ਼ਾਹੀ ‘ਤੇ ਉੱਤਰ੍ਹ ਆਈ ਹੈ।
ਜਸਪ੍ਰੀਤ ਕੌਰ ਨੇ ਪੰਜਾਬ ਦੀਆਂ ਸਮੂਹ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਧੱਕੇਸ਼ਾਹੀ ਖਿਲਾਫ 1158 ਫ਼ਰੰਟ ਦੀ ਹਮਾਇਤ ’ਤੇ ਡਟਣ।