ਵੱਡੀ ਖ਼ਬਰ: AAP ਪੰਜਾਬ ਵੱਲੋਂ MC ਚੋਣਾਂ ਲਈ 784 ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ ਲਿਸਟ
ਆਪ ਪੰਜਾਬ ਨੂੰ 977 ਵਾਰਡਾਂ ਲਈ 5,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ, ਇਹ ਸਾਡੀ ਪਾਰਟੀ ਵਿੱਚ ਜਨਤਾ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ: ਅਮਨ ਅਰੋੜਾ
”ਆਪ’ ਨੇ ਉਮੀਦਵਾਰਾਂ ਦੀ ਚੋਣ ਲਈ ਜ਼ਮੀਨੀ ਪੱਧਰ ‘ਤੇ ਪਾਰਦਰਸ਼ੀ ਜਾਂਚ ਪ੍ਰਕਿਰਿਆ ਲਾਗੂ ਕੀਤੀ: ‘ਆਪ’ ਪੰਜਾਬ ਪ੍ਰਧਾਨ
‘ਆਪ’ ਨੇ ਮਜ਼ਬੂਤ ਉਮੀਦਵਾਰਾਂ ਨਾਲ ਲੋਕਲ ਬਾਡੀ ਚੋਣਾਂ ਜਿੱਤਣ ਦਾ ਜਤਾਇਆ ਭਰੋਸਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 21 ਦਸੰਬਰ ਨੂੰ ਹੋਣ ਵਾਲੀਆਂ ਆਗਾਮੀ ਲੋਕਲ ਬਾਡੀ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਮਿਉਂਸਪਲ ਕਾਰਪੋਰੇਸ਼ਨਾਂ ਅਤੇ ਕਮੇਟੀਆਂ ਦੇ 87 ਸਥਾਨਾਂ ਦੇ ਨਾਲ-ਨਾਲ ਖਾਲੀ ਪਈਆਂ 49 ਸੀਟਾਂ ਨੂੰ ਭਰਨ ਲਈ ਜਿਮਨੀ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਵਿੱਚ 977 ਵਾਰਡ ਸ਼ਾਮਲ ਹੋਣਗੇ।
ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸੂਬਾ ਸਕੱਤਰ ਗੁਰਦੇਵ ਸਿੰਘ ਲੱਖਾ, ਡਾ਼ ਸੰਨੀ ਆਹਲੂਵਾਲੀਆ ਅਤੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਤਿਆਰੀ ਅਤੇ ਪਾਰਦਰਸ਼ੀ ਉਮੀਦਵਾਰ ਚੋਣ ਪ੍ਰਕਿਰਿਆ ‘ਤੇ ਭਰੋਸਾ ਪ੍ਰਗਟਾਇਆ।
ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਕੀਤੇ ਗਏ ਮਹੱਤਵਪੂਰਨ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਵਿਕਾਸ ਵਿੱਚ ‘ਆਪ’ ਦੇ ਟਰੈਕ ਰਿਕਾਰਡ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸਦਾ ਸਬੂਤ ਹਾਲ ਹੀ ਵਿੱਚ ਹੋਈਆਂ ਪੰਚਾਇਤਾਂ ਅਤੇ ਜਿਮਨੀ ਚੋਣਾਂ ਵਿੱਚ ਉਨ੍ਹਾਂ ਦਾ ਸ਼ਾਨਦਾਰ ਸਮਰਥਨ ਹੈ।
‘ਆਪ’ ਨੇ ਉਮੀਦਵਾਰਾਂ ਦੀ ਚੋਣ ਲਈ ਜ਼ਮੀਨੀ ਪੱਧਰ ‘ਤੇ ਪਹੁੰਚ ਅਪਣਾਈ ਹੈ। ਅਰੋੜਾ ਨੇ ਕਿਹਾ ਕਿ ਸਾਨੂੰ ਕੁਝ ਹੀ ਦਿਨਾਂ ਵਿੱਚ 977 ਵਾਰਡਾਂ ਲਈ 5,000 ਤੋਂ ਵੱਧ ਅਰਜ਼ੀਆਂ ਨਾਲ ਭਰਵਾਂ ਹੁੰਗਾਰਾ ਮਿਲਿਆ। ਕੁਝ ਵਾਰਡਾਂ ਵਿੱਚ, ਸਾਨੂੰ ਪ੍ਰਤੀ ਸੀਟ 15-20 ਅਰਜ਼ੀਆਂ ਪ੍ਰਾਪਤ ਹੋਈਆਂ। ਇਹ ਸਾਡੇ ਸ਼ਾਸਨ ਅਤੇ ਨੀਤੀਆਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਾਰਟੀ ਨੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਵਿਆਪਕ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਕਿਰਿਆ ਲਾਗੂ ਕੀਤੀ ਹੈ। ਵਰਕਰਾਂ ਅਤੇ ਵਲੰਟੀਅਰਾਂ ਦੇ ਫੀਡਬੈਕ ਦੇ ਆਧਾਰ ‘ਤੇ ਨਿਰਪੱਖ ਚੋਣ ਨੂੰ ਯਕੀਨੀ ਬਣਾਉਣ ਲਈ ਜ਼ੋਨਲ ਅਤੇ ਜ਼ਿਲ੍ਹਾ ਪੱਧਰ ‘ਤੇ ਪਾਰਟੀ ਨੇਤਾਵਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਦੀਆਂ ਸਕਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਸ ਪ੍ਰਕਿਰਿਆ ਵਿੱਚ ਜ਼ਿਲ੍ਹਾ ਇੰਚਾਰਜਾਂ, ਲੋਕ ਸਭਾ ਇੰਚਾਰਜਾਂ ਅਤੇ ਸਥਾਨਕ ਨੇਤਾਵਾਂ ਨਾਲ ਵੀ ਸ਼ਮੂਲੀਅਤ ਅਤੇ ਸਹਿਮਤੀ ਨੂੰ ਯਕੀਨੀ ਬਣਾਉਣ ਲਈ ਸਲਾਹ ਮਸ਼ਵਰੇ ਸ਼ਾਮਲ ਸਨ।
‘ਆਪ’ ਨੇ 784 ਵਾਰਡਾਂ ਲਈ ਉਮੀਦਵਾਰ ਫਾਈਨਲ ਕਰ ਲਏ ਹਨ, ਬਾਕੀ ਵਾਰਡਾਂ ‘ਤੇ ਚਰਚਾ ਚੱਲ ਰਹੀ ਹੈ। ਇਹ ਚਰਚਾ ਅੱਜ ਸ਼ਾਮ ਤੱਕ ਖ਼ਤਮ ਹੋਣ ਦੀ ਉਮੀਦ ਹੈ। ਪਹਿਲੀ ਸੂਚੀ ਵਿੱਚ ਲੁਧਿਆਣਾ ਦੇ 94 ਵਾਰਡ, ਪਟਿਆਲਾ ਦੇ 56 ਵਾਰਡ ਅਤੇ ਅੰਮ੍ਰਿਤਸਰ ਦੇ 74 ਵਾਰਡ ਸ਼ਾਮਲ ਹਨ।
ਅਮਨ ਅਰੋੜਾ ਨੇ ਡਾ. ਸੰਨੀ ਆਹਲੂਵਾਲੀਆ, ਸ਼ੈਰੀ ਕਲਸੀ ਅਤੇ ਹੋਰ ਜ਼ੋਨਲ ਅਤੇ ਜ਼ਿਲ੍ਹਾ ਆਗੂਆਂ ਸਮੇਤ ਪਾਰਟੀ ਦੀ ਜਥੇਬੰਦਕ ਟੀਮ ਦੇ ਸਮਰਪਣ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਥੋੜ੍ਹੇ ਸਮੇਂ ਦੇ ਨੋਟਿਸ ਦੇ ਬਾਵਜੂਦ ਉਮੀਦਵਾਰਾਂ ਦੇ ਨਾਂ ਨੂੰ ਸਮੇਂ ਸਿਰ ਅੰਤਿਮ ਰੂਪ ਦੇਣ ਲਈ ਅਣਥੱਕ ਮਿਹਨਤ ਕੀਤੀ।
ਉਮੀਦਵਾਰਾਂ ਅਤੇ ਜਨਤਾ ਵੱਲੋਂ ਮਿਲੇ ਭਰਵੇਂ ਹੁੰਗਾਰੇ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ ਇਨ੍ਹਾਂ ਚੋਣਾਂ ਵਿੱਚ ‘ਆਪ’ ਦੀਆਂ ਸੰਭਾਵਨਾਵਾਂ ‘ਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਟਿਕਟਾਂ ਦੇ ਚਾਹਵਾਨਾਂ ਦੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ‘ਆਪ’ ਲੋਕਾਂ ਦੀ ਪਸੰਦ ਦੀ ਪਾਰਟੀ ਹੈ। ਪੰਚਾਇਤੀ ਚੋਣਾਂ ਅਤੇ ਜ਼ਿਮਨੀ ਚੋਣਾਂ ਵਿੱਚ 80-85% ਜਿੱਤਣ ਦਾ ਸਾਡਾ ਟਰੈਕ ਰਿਕਾਰਡ ਸਾਡੇ ਵਿੱਚ ਲੋਕਾਂ ਦੇ ਭਰੋਸੇ ਦਾ ਪ੍ਰਮਾਣ ਹੈ।
‘ਆਪ’ ਦਾ ਉਦੇਸ਼ ਆਗਾਮੀ ਚੋਣਾਂ ਵਿੱਚ ਆਪਣੀ ਸਫਲਤਾ ਨੂੰ ਦੁਹਰਾਉਣਾ ਅਤੇ ਪਾਰਦਰਸ਼ੀ ਅਤੇ ਵਿਕਾਸ-ਮੁਖੀ ਸ਼ਾਸਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਜਾਰੀ ਰੱਖਣਾ ਹੈ। ਅਰੋੜਾ ਨੇ ਸ਼ਹਿਰੀ ਖੇਤਰਾਂ ਦੇ ਸਸ਼ਕਤੀਕਰਨ ਲਈ ਪਾਰਟੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਸਾਰੇ ਵਰਕਰਾਂ ਅਤੇ ਵਲੰਟੀਅਰਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ ਕੀਤਾ।