ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
ਮੋਹਾਲੀ-
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਸਕੂਲਾਂ ’ਚ ਅੱਗ ਬੁਝਾਊ ਯੰਤਰ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਇਸ ਤੋਂ ਬਾਅਦ ਬਹੁਤ ਸਾਰੇ ਸਕੂਲਾਂ ਵੱਲੋਂ ਅੱਗ ਬੁਝਾਊ ਯੰਤਰ ਇੰਸਟਾਲ ਕੀਤੇ ਗਏ ਹਨ ਪਰ ਇਨ੍ਹਾਂ ’ਚੋਂ ਕਈ ਚਾਲੂ ਹਾਲਤ ’ਚ ਨਾ ਹੋਣ ਦੀ ਸੰਭਾਵਨਾ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਲਈ ਸਿੱਖਿਆ ਵਿਭਾਗ ਦੇ ਧਿਆਨ ’ਚ ਇਹ ਗੱਲ ਆਈ ਹੈ ਕਿ ਕਈ ਵਾਰ ਸਕੂਲਾਂ ’ਚ ਅੱਗ ਬੁਝਾਊ ਯੰਤਰਾਂ ਦੀ ਰਿਪੇਅਰ ਅਤੇ ਮੇਨਟੀਨੈਂਸ ਵੱਲ ਕੋਈ ਖ਼ਾਸਾ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਇਹ ਯੰਤਰ ਸਕੂਲਾਂ ’ਚ ਬਿਨਾਂ ਵਰਤੇ ਹੀ ਪਏ ਰਹਿੰਦੇ ਹਨ।
ਉਕਤ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕਰ ਕੇ ਉਨ੍ਹਾਂ ਦੀ ਸੁਚੱਜੀ ਸਾਂਭ-ਸੰਭਾਲ ਕਰਨ ਬਾਰੇ ਕਿਹਾ ਗਿਆ ਹੈ।
ਵਿਭਾਗ ਨੇ ਪਾਇਆ ਕਿ ਕਈ ਸਕੂਲਾਂ ’ਚ ਅੱਗ ਬੁਝਾਊ ਯੰਤਰ ਤਾਂ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਨਿਯਮ ਨਾਲ ਜਾਂਚ ਅਤੇ ਰੀਫਿਲ ਨਹੀਂ ਕਰਵਾਇਆ ਜਾਂਦਾ। ਇਸ ਨਾਲ ਅੱਗ ਲੱਗਣ ਦੀ ਸੂਰਤ ’ਚ ਇਹ ਯੰਤਰ ਬੇਕਾਰ ਹੋ ਜਾਂਦੇ ਹਨ।
ਆਮ ਕਰ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਦੀ ਜਾਣਕਾਰੀ ਨਹੀਂ ਹੁੰਦੀ। ਐਮਰਜੈਂਸੀ ਦੀ ਹਾਲਤ ’ਚ ਘਬਰਾਹਟ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਇਹ ਹਨ ਨਵੇਂ ਨਿਰਦੇਸ਼
ਅੱਗ ਬੁਝਾਊ ਯੰਤਰਾਂ ਦਾ ਪ੍ਰਬੰਧ
ਸਾਰੇ ਸਕੂਲਾਂ ’ਚ ਆਸਾਨੀ ਨਾਲ ਪਹੁੰਚ ਸਕਣ ਵਾਲੀਆਂ ਥਾਵਾਂ ’ਤੇ ਅੱਗ ਬੁਝਾਊ ਯੰਤਰ ਲਗਾਏ ਜਾਣਗੇ।
ਹਰ ਮਹੀਨੇ ਹੋਵੇਗੀ ਜਾਂਚ ਅਤੇ ਸਾਲਾਨਾ ਰੀਫਿਲ
ਰੀਫਿਲ ਦੀ ਤਾਰੀਖ਼ ਅੱਗ ਬੁਝਾਊ ਯੰਤਰ ’ਤੇ ਅਤੇ ਸਕੂਲ ਰਜਿਸਟਰ ’ਚ ਦਰਜ ਕੀਤੀ ਜਾਣੀ ਚਾਹੀਦੀ ਹੈ।
ਜ਼ਿਲ੍ਹਾ ਫਾਇਰ ਐਂਡ ਐਮਰਜੈਂਸੀ ਸੇਵਾ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਸਟਾਫ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਅੱਗ ਤੋਂ ਬਚਾਅ ਦੇ ਉਪਾਅ
ਸਕੂਲ ਕੰਪਲੈਕਸ ਨੂੰ ਜਲਣਸ਼ੀਲ ਅਤੇ ਜ਼ਹਿਰੀਲੇ ਪਦਾਰਥਾਂ ਤੋਂ ਮੁਕਤ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਸਕੂਲਾਂ ’ਚ ਮੁੱਖ ਥਾਵਾਂ ’ਤੇ ਫਾਇਰ ਵਿਭਾਗ ਅਤੇ ਹਸਪਤਾਲ ਦੇ ਐਮਰਜੈਂਸੀ ਨੰਬਰ ਪ੍ਰਦਰਸ਼ਿਤ ਕਰਨੇ ਹੋਣਗੇ।
ਰਸੋਈ ਘਰ ਅਤੇ ਵਰਕਸ਼ਾਪ ’ਚ ਸਾਵਧਾਨੀ
ਰਸੋਈ ਘਰ ਅਤੇ ਸਟੋਰ ਰੂਮ ’ਚ ਅੱਗ ਬੁਝਾਊ ਯੰਤਰ ਪ੍ਰਣਾਲੀ ਜ਼ਰੂਰੀ ਕਰ ਦਿੱਤੀ ਗਈ ਹੈ। ਰਸੋਈਆਂ ਨੂੰ ਅੱਗ ਫੜ੍ਹਨ ਵਾਲੇ ਕੱਪੜਿਆਂ ਦੀ ਬਜਾਏ ਸੂਤੀ ਕੱਪੜੇ ਪਹਿਨਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਗੈਸ ਸਿਲੰਡਰਾਂ ਦੇ ਆਸ-ਪਾਸ ਜਲਣਸ਼ੀਲ ਪਦਾਰਥ ਰੱਖਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਵਿਗਿਆਨ ਵਰਕਸ਼ਾਪਾਂ ’ਚ ਅਧਿਆਪਕਾਂ ਦੀ ਸਖ਼ਤ ਦੇਖ-ਰੇਖ ਵਿਚ ਹੀ ਵਿਦਿਆਰਥੀਆਂ ਨੂੰ ਕੈਮੀਕਲਸ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ।
ਰੈਗੂਲਰ ਨਿਰੀਖਣ
ਸਕੂਲਾਂ ’ਚ ਲੱਗੇ ਸਾਰੇ ਬਿਜਲੀ ਯੰਤਰਾਂ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਈ ਜਾਵੇਗੀ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਬਿਜਲੀ ਦੀ ਖ਼ਰਾਬੀ ਨੂੰ ਰੋਕਿਆ ਜਾ ਸਕੇ। ਖ਼ਬਰ ਸ੍ਰੋਤ- ਜਗਬਾਣੀ