All Latest NewsNews FlashPunjab News

ਅਧਿਆਪਕ ਮੰਗਾਂ ਮੰਨਣ ਤੋਂ ਇਨਕਾਰੀ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦਾ ਸਾਂਝਾ ਅਧਿਆਪਕ ਮੋਰਚਾ/DTF ਨੇ ਫੂਕਿਆ ਪੁਤਲਾ

 

ਪੰਜਾਬ ਨੈੱਟਵਰਕ, ਬਠਿੰਡਾ

ਪਿਛਲੇ ਦਿਨੀ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਆਗੂਆਂ ਨਾਲ ਕੀਤੀ ਗਈ, ਮੀਟਿੰਗ ਦੌਰਾਨ ਅਧਿਆਪਕ ਮੰਗਾਂ ਨੂੰ ਅਣਗੌਲਿਆ ਕਰਨ ਅਤੇ ਉਸਦੇ ਅਭੱਦਰ ਵਿਵਹਾਰ ਖਿਲਾਫ ਅੱਜ ਬਠਿੰਡਾ ਵਿਖੇ ਡੀਸੀ ਦਫਤਰ ਦੇ ਸਾਹਮਣੇ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਅਧਿਆਪਕਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ।

ਇਸ ਸਮੇਂ ਡੈਮੋਕਰੇਟਿਕ ਟੀਚਰ ਫਰੰਟ ਜਿਲਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਬੀਐਡ ਅਧਿਆਪਕ ਫਰੰਟ ਤੋਂ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜਲਾਲ, ਜੀਟੀਯੂ ਤੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਮੀਟਿੰਗ ਦਰ ਮੀਟਿੰਗ ਅਣਗੌਲਿਆ ਕੀਤਾ ਜਾ ਰਿਹਾ ਹੈ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਨਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਡੀ ਏ ਦਾ ਬਕਾਇਆ ਜਾਰੀ ਕਰਨਾ ,ਸੋਧਿਆ ਹੋਇਆ ਪੇ ਕਮਿਸ਼ਨ ਜਾਰੀ ਕਰਨਾ।

ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ ,ਪੀ ਟੀ ਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਤਨਖਾਹਾਂ ਤੇ ਜਬਰੀ ਕੱਟ ਲਾਉਂਦਾ ਪੱਤਰ ਵਾਪਸ ਕਰਨਾ, ਪ੍ਰਮੋਟ ਹੋਏ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦੇ ਕੇ ਨੇੜਲੇ ਸਟੇਸ਼ਨਾਂ ਨੂੰ ਲੁਕੋ ਕੇ ਰੱਖਣਾ, ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ ਰੱਦ ਕਰਨਾ, ਬੱਚਿਆਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਪੋਸਟਾਂ ਖ਼ਤਮ ਕਰਨ , ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨਾ ਆਦਿ ਅਨੇਕਾਂ ਮੰਗਾਂ ਜੋ ਸਿੱਖਿਆ ਮੰਤਰੀ ਪੰਜਾਬ ਪਿਛਲੇ ਸਮੇਂ ਤੋਂ ਮੀਟਿੰਗਾਂ ਕਰਕੇ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ।

ਹੁਣ ਵੀ ਜਦ ਦੋਨੋਂ ਕਾਡਰਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਵਿਖੇ ਹੋਈ ਤਾਂ ਸਿੱਖਿਆ ਮੰਤਰੀ ਦਾ ਰਵਈਆ ਜਥੇਬੰਦੀਆਂ ਦੀਆਂ ਮੰਗਾਂ ਅਤੇ ਆਗੂਆਂ ਪ੍ਰਤੀ ਜਿੱਥੇ ਨਾ ਪੱਖੀ ਸੀ ਉੱਥੇ ਉਹਨਾਂ ਵੱਲੋਂ ਮਿਡਲ ਸਕੂਲਾਂ ਨੂੰ ਬੰਦ ਕਰਨ ,ਘੱਟ ਗਿਣਤੀ ਵਾਲੇ ਸਕੂਲਾਂ ਨੂੰ ਬੰਦ ਕਰਨ ਦੀਆਂ ਦਲੀਲਾਂ ਦਿੱਤੀਆਂ ਗਈਆਂ ਜਿਸ ਦਾ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਸਿੱਖਿਆ ਮੰਤਰੀ ਪੰਜਾਬ ਵੱਲੋਂ ਮੀਟਿੰਗਾਂ ਨੂੰ ਦਲੀਲ ਨਾਲ ਸੁਣਨ ਦੀ ਬਜਾਏ ਟਾਲ ਮਟੋਲ ਕਰਦੇ ਹੋਏ ਮੰਗਾਂ ਨੂੰ ਅੱਧ ਵਿਚਾਲੇ ਛੱਡ ਕੇ ਆਪਣੇ ਨਿੱਜੀ ਰੁਝੇਵੇਂ ਦਾ ਹਵਾਲਾ ਦੇ ਕੇ ਮੀਟਿੰਗ ਖ਼ਤਮ ਕਰ ਦਿੱਤੀ। ਜਿਸ ਦਾ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ।

ਸਿੱਖਿਆ ਮੰਤਰੀ ਦੇ ਇਸ ਅਭੱਦਰ ਵਿਵਹਾਰ ਖਿਲਾਫ ਪੂਰੇ ਪੰਜਾਬ ਵਿੱਚ ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਉੱਤੇ ਅਰਥੀ ਫੂਕ ਮੁਜਾਰਿਆਂ ਤਹਿਤ ਜ਼ਿਲਾ ਬਠਿੰਡਾ ਦੇ ਡੀਸੀ ਦਫਤਰ ਸਾਹਮਣੇ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਅਧਿਆਪਕਾਂ ਵੱਲੋਂ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਨੀਤੀ ਅਪਣਾਈ ਹੋਈ ਹੈ ।ਇਹ ਸਿਰਫ ਚਿਹਰੇ ਬਦਲੇ ਹਨ। ਨੀਤੀਆਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਤਿੱਖੀਆਂ ਅਤੇ ਜਾਬਰ ਹਨ। ਸਰਕਾਰ ਦਾ ਰਵਈਆ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਵਿਖੇ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਖਿਲਾਫ ਜਿੱਥੇ ਅੜੀਅਲ ਅਤੇ ਜਾਬਰ ਹੈ ਉੱਥੇ ਨਵੀਂ ਸਿੱਖਿਆ ਨੀਤੀ 2020 ਤਹਿਤ ਸਕੂਲਾਂ ਦੀਆਂ ਪੋਸਟਾਂ ਛਾਂਗਣ, ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਲਾਉਣ ਅਤੇ ਅਧਿਆਪਕਾਂ ਨੂੰ ਸੰਘਰਸ਼ ਕਰਨ ਤੋਂ ਰੋਕਣ ਦੇ ਨਵੇਂ ਨਵੇਂ ਪੱਤਰ ਜਾਰੀ ਕੀਤੇ ਜਾ ਰਹੇ ਹਨ ।ਜਿੰਨਾ ਖਿਲਾਫ ਜਥੇਬੰਦੀਆਂ ਡਟਵੇਂ ਰੂਪ ਵਿੱਚ ਸਰਕਾਰ ਦਾ ਵਿਰੋਧ ਕਰਨਗੀਆਂ ਅਤੇ ਤਿੱਖੇ ਸੰਘਰਸ਼ ਕਰਨਗੀਆਂ।

ਧਰਨੇ ਦੌਰਾਨ ਸਮੂਹ ਜਥੇਬੰਦਿਆਂ ਵੱਲੋਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਤੁਰੰਤ ਕੀਤੀ ਜਾਵੇ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਲਈ ਸੰਘਰਸ਼ ਕਰ ਰਹੇ ਸੰਜੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜ਼ਾਬ ਅਤੇ ਸੰਜੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਲੜੇ ਜਾ ਰਹੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟਾਉਂਦੇ ਹੋਏ ਸਰਕਾਰ ਤੋਂ ਓਹਨਾ ਦੀਆਂ ਮੰਗਾਂ ਤੁਰੰਤ ਮੰਨੇ, ਪਿੰਡ ਲੇਲੇਆਲਾ ਵਿਖੇ ਕਿਸਾਨ ਨੂੰ ਬਿਨਾ ਮੁਆਵਜ਼ਾ ਦਿੱਤੇ ਧੱਕੇ ਨਾਲ ਓਹਨਾ ਦੀਆਂ ਜਮੀਨਾਂ ਤੇ ਗ਼ੈਸ ਪਾਇਪ ਲਾਈਨ ਵਿਛਾਉਣੀ ਬੰਦ ਕੀਤਾ ਜਾਵੇ,ਕੰਪਿਊਟਰ ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਤਹਿਤ ਤੁਰੰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਦੇ ਮਤੇ ਪਾਸ ਕਰਕੇ ਇਸ ਸਮੇਂ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਟੀਚਰ ਫਰੰਟ ਤੋਂ ਜਸਵਿੰਦਰ ਸਿੰਘ ਜਿਲਾ ਸਕੱਤਰ ,ਬਲਜਿੰਦਰ ਸਿੰਘ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਵਿਰਕ , ਬੀ ਐਡ ਅਧਿਆਪਕ ਫਰੰਟ ਤੋਂ ਰਾਜਵੀਰ ਮਾਨ , ਸੀ ਐਂਡ ਵੀ ਯੂਨੀਅਨ ਤੋਂ ਗੁਰਵਿੰਦਰ ਸਿੰਘ ਸਿੱਧੂ, ਈ ਟੀ ਟੀ ਟੀਚਰ ਯੂਨੀਅਨ ਤੋਂ ਬਲਾਕ ਭਗਤਾ ਦੇ ਪ੍ਰਧਾਨ ਸੁਖਦੀਪ ਦਿਆਲਪੁਰਾ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ ਤੇ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ।

 

Leave a Reply

Your email address will not be published. Required fields are marked *