ਵੱਡਾ ਖੁਲਾਸਾ: ਸਰਕਾਰੀ ਸਕੂਲਾਂ ‘ਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਉਦਘਾਟਨ ਸਮਾਰੋਹਾਂ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀਆਂ ਜੇਬਾਂ ਤੇ ਚਲਾਈ ਕੈਂਚੀ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਮਾਗਮਾਂ ਦੇ ਅਸਲ ਖਰਚਿਆਂ ਮੁਤਾਬਿਕ ਸਬੰਧਤ ਸਕੂਲਾਂ ਨੂੰ ਅਦਾਇਗੀ ਕਰਨ ਦੀ ਕੀਤੀ ਮੰਗ
Punjab News-
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਦਿਨਾਂ ਦੌਰਾਨ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਰਾਜ ਭਰ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਂ ਹੇਠ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਮਿਤੀ 7 ਅਪ੍ਰੈਲ ਤੋਂ ਮਈ ਮਹੀਨੇ ਦੇ ਆਖਰੀ ਦਿਨਾਂ ਤੱਕ ਵੱਡੇ ਵੱਡੇ ਸਮਾਗਮ ਕਰਕੇ ਉਦਘਾਟਨੀ ਸਮਾਰੋਹ ਕੀਤੇ ਗਏ।
ਇਹਨਾਂ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਵੱਖ ਵੱਖ ਮੰਤਰੀ ਸਾਹਿਬਾਨ ਜਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਬਣਾਇਆ ਗਿਆ। ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਉਦਘਾਟਨੀ ਸਮਾਰੋਹ ਦੇ ਪੱਥਰ ਤਿਆਰ ਕਰਨ ਅਤੇ ਸਮਾਗਮਾਂ ਦੇ ਪ੍ਰਬੰਧਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20000 ਰੁਪਏ, ਸਰਕਾਰੀ ਹਾਈ ਸਕੂਲਾਂ ਨੂੰ 10000 ਰੁਪਏ, ਸਰਕਾਰੀ ਐਲੀਮੈਂਟਰੀ ਸਕੂਲਾਂ ਨੂੰ 5000 ਰੁਪਏ ਅਤੇ ਹਰ ਸਕੂਲ ਨੂੰ ਉਦਘਾਟਨੀ ਪੱਥਰ ਤਿਆਰ ਕਰਨ ਲਈ 5000 ਰੁਪਏ ਦੀ ਅਦਾਇਗੀ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਬਲਕਾਰ ਵਲਟੋਹਾ, ਕਾਰਜ ਸਿੰਘ ਕੈਰੋ ਅਤੇ ਪ੍ਰੇਮ ਚਾਵਲਾ ਨੂੰ ਆਪਣੇ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ਭਰ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਵਿੱਚ ਸਮਾਗਮ ਕਰ ਲਏ ਹਨ।
ਉਹਨਾਂ ਅੱਗੇ ਦੱਸਿਆ ਕਿ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਇਹਨਾਂ ਸਮਾਗਮਾਂ ਦੇ ਮੁੱਖ ਮਹਿਮਾਨਾਂ ਵੱਲੋਂ ਸਕੂਲ ਮੁਖੀਆਂ ਨੂੰ ਵੱਧ ਤੋਂ ਵੱਧ ਇਕੱਠ ਕਰਨ ,ਸਾਰੇ ਹਾਜ਼ਰੀਨ ਲਈ ਖਾਣ ਪੀਣ ਦੇ ਵਧੀਆ ਪ੍ਰਬੰਧ ਕਰਨ, ਮੁੱਖ ਮਹਿਮਾਨ ਦੇ ਨਾਲ ਆਈਆਂ ਸਾਰੀਆਂ ਸ਼ਖਸ਼ੀਅਤਾਂ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਆਏ ਉੱਚ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਨ, ਸਮਾਗਮ ਦੇ ਪ੍ਰਬੰਧਾਂ ਲਈ ਵਧੀਆ ਟੈਂਟ ਅਤੇ ਗਰਮੀ ਦੇ ਮੌਸਮ ਕਾਰਨ ਪੱਖਿਆਂ ਦਾ ਵਧੀਆ ਪ੍ਰਬੰਧ ਕਰਨਾ ਆਦਿ ਦੇ ਬਹੁਤ ਸਾਰੇ ਖਰਚੇ ਕਰਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਜਬੂਰ ਕੀਤਾ ਗਿਆ।
ਅਫਸੋਸ ਦੀ ਗੱਲ ਇਹ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਸਕੂਲ ਨੂੰ ਇਸ ਮਕਸਦ ਲਈ ਭੇਜੀ ਜਾਣ ਵਾਲੀ ਵਾਲੀ ਰਾਸ਼ੀ ਵਿੱਚੋਂ ਇੱਕ ਧੇਲਾ ਵੀ ਭੇਜਣਾ ਮੁਨਾਸਬ ਨਹੀਂ ਸਮਝਿਆ। ਕਈ ਸਕੂਲਾਂ ਵਿੱਚ ਸਮਾਗਮਾਂ ਦੇ ਹੋਏ ਅਸਲ ਖਰਚੇ ਨਿਰਧਾਰਤ ਰਾਸ਼ੀ ਤੋਂ ਕਈ ਗੁਣਾਂ ਵੱਧ ਹੋਏ ਹਨ।
ਇਹਨਾਂ ਖਰਚਿਆਂ ਦਾ ਭਾਰ ਸਕੂਲ ਮੁਖੀਆਂ ਤੇ ਅਧਿਆਪਕਾਂ ਤੇ ਪਿਆ ਹੈ ਤੇ ਇਹ ਕੈਂਚੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਜੇਬਾਂ ਤੇ ਚੱਲ ਰਹੀ ਹੈ। ਜਥੇਬੰਦੀ ਨੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਉਦਘਾਟਨੀ ਸਮਾਰੋਹਾਂ ਲਈ ਹੋਏ ਅਸਲ ਖਰਚਿਆਂ ਦੀ ਸਕੂਲ ਮੁਖੀਆਂ ਤੋਂ ਤੁਰੰਤ ਰਿਪੋਰਟ ਲੈ ਕੇ ਸਬੰਧਤ ਸਕੂਲਾਂ ਨੂੰ ਤੁਰੰਤ ਬਣਦੀ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇ।