ਭਾਰਤ ‘ਚ ਬੇਰੁਜ਼ਗਾਰਾਂ ਨੂੰ ਦੋਹਰੀ ਮਾਰ!
ਡਿਗਰੀਆਂ ਲੈ ਕੇ ਵੀ ਜਦੋਂ ਰੁਜ਼ਗਾਰ ਨਾ ਮਿਲੇ ਤਾਂ ਫਿਰ ਹੱਸਦੇ ਚਿਹਰੇ ਵੀ ਮੁਰਝਾ ਜਾਂਦੇ ਨੇ। ਪੰਜਾਬ ਸਮੇਤ ਪੂਰੇ ਭਾਰਤ ਵਿੱਚ ਇਸ ਵੇਲੇ ਬੇਰੁਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਜਿਸ ਤਰ੍ਹਾਂ ਸਾਡੇ ਮੁਲਕ ਦੇ ਅੰਦਰ ਆਬਾਦੀ ਵੱਧ ਰਹੀ ਹੈ, ਉਸੇ ਤਰ੍ਹਾਂ ਹੀ ਬੇਰੁਜ਼ਗਾਰੀ ਦਰ ਵੀ ਲਗਾਤਾਰ ਵਧਦੀ ਜਾ ਰਹੀ ਹੈ। ਭਾਵੇਂ ਕਿ ਬੇਰੁਜ਼ਗਾਰੀ ਨੂੰ ਘਟਾਉਣ ਲਈ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਿੱਜੀ ਸੈਕਟਰ ਦੇ ਵਿੱਚ ਵੀ ਪੜ੍ਹੀ ਲਿਖੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਪਰ ਪੱਕੇ ਰੁਜ਼ਗਾਰ ਦੀ ਵਿਵਸਥਾ ਹਾਕਮ ਧੜੇ ਦੇ ਵੱਲੋਂ ਨਹੀਂ ਕੀਤੀ ਜਾ ਰਹੀ।
ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਅਤੇ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਬੇਰੁਜ਼ਗਾਰ ਨੌਜਵਾਨਾਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਹੈ। ਭਾਵੇਂ ਕਿ ਕੁੱਝ ਕੁ ਨਿੱਜੀ ਕੰਪਨੀਆਂ, ਸਰਕਾਰੀ ਅਦਾਰਿਆਂ ਦੇ ਨਾਲੋਂ ਕਈ ਜਗਾਵਾਂ ਤੇ ਵੱਧ ਤਨਖ਼ਾਹਾਂ ਦਿੰਦੀਆਂ ਹਨ, ਪਰ ਇਹਨਾਂ ਦਾ ਚਾਲ ਚੱਲਣ ਅਤੇ ਲੁੱਟ ਸਰਕਾਰੀ ਤੰਤਰ ਤੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ। ਜਿੱਥੇ ਨਿੱਜੀ ਕੰਪਨੀਆਂ ਬੇਰੁਜ਼ਗਾਰਾਂ ਨੂੰ ਵੱਧ ਪੈਸਾ ਦਿੰਦੀਆਂ ਹਨ, ਉੱਥੇ ਹੀ ਕੰਮ ਦੇ ਘੰਟੇ ਵੀ ਇੰਨੇ ਜ਼ਿਆਦੇ ਹੁੰਦੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਲਗਾਤਾਰ ਵੱਧ ਰਿਹਾ ਬੋਝ ਅਤੇ ਸਮਾਜਿਕ ਸਮੱਸਿਆਵਾਂ ਦੇ ਕਾਰਨ ਨਿੱਕੀ ਉਮਰੇ ਨੌਜਵਾਨਾਂ ਦੇ ਚਿਹਰੇ ਤੇ ਪ੍ਰੇਸ਼ਾਨੀ ਦੀਆਂ ਝੁਰੜੀਆਂ ਪੈ ਰਹੀਆਂ ਹਨ। ਭਾਰਤ ਦੇ ਕਰੋੜਾਂ ਪੜ੍ਹੇ ਲਿਖੇ ਨੌਜਵਾਨ ਇਸ ਵੇਲੇ ਰੁਜ਼ਗਾਰ ਲਈ ਸੜਕਾਂ ‘ਤੇ ਧੱਕੇ ਖਾ ਰਹੇ ਹਨ।
ਨੌਜਵਾਨ ਜਿੱਥੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਲੱਖਾਂ ਰੁਪਇਆ ਖ਼ਰਚਦੇ ਹਨ, ਉੱਥੇ ਹੀ ਉਹ ਨੌਕਰੀ ਪ੍ਰਾਪਤ ਕਰਨ ਲਈ ਵੀ ਹਜ਼ਾਰਾਂ ਰੁਪਏ ਫਾਰਮ ਵਗ਼ੈਰਾ ਭਰਨ ਤੇ ਹੀ ਖ਼ਰਚ ਦਿੰਦੇ ਹਨ, ਥੱਕ ਹਾਰ ਕੇ ਜਦੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ, ਉਨ੍ਹਾਂ ਦੀ ਚਿੱਟੇ ਦਿਨੇ ਦੋਹਰੀ ਲੁੱਟ ਹੁੰਦੀ ਹੈ। ਭਾਵੇਂ ਕਿ ਨੌਜਵਾਨਾਂ ਵੱਲੋਂ ਕੀਤੀ ਗਈ ਪੜ੍ਹਾਈ ਅਜਾਈਂ ਨਹੀਂ ਜਾਂਦੀ ਪਰ ਜਿਸ ਵੇਲੇ ਚੰਗੀਆਂ ਪੜ੍ਹਾਈਆਂ ਕਰਨ ਵਾਲੇ ਨੌਜਵਾਨ ਸੜਕਾਂ ਤੇ ਧੱਕੇ ਖਾਂਦੇ ਹਨ ਤਾਂ ਇੰਝ ਲੱਗਦਾ ਹੈ ਕਿ ਬੇਰੁਜ਼ਗਾਰਾਂ ਦੀਆਂ ਕੀਤੀਆਂ ਹੋਈਆਂ ਡਿਗਰੀਆਂ ਖੂਹ ਖਾਤੇ ਪੈ ਗਈਆਂ ਹਨ।
ਪੰਜਾਬ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ, ਜਦੋਂ ਪੜੇ ਲਿਖੇ ਬੇਰੁਜ਼ਗਾਰਾਂ ਨੇ ਸੜਕਾਂ ਤੇ ਉੱਤਰ ਕੇ ਡਿਗਰੀਆਂ ਦੀਆਂ ਕਾਪੀਆਂ ਸਾੜ ਦਿੱਤੀਆਂ ਸਨ, ਹਾਲਾਂਕਿ ਇਸ ਨਾਲ ਵੀ ਹਾਕਮ ਧਿਰ ਦੇ ਪਿੰਡੇ ਤੇ ਜੂੰ ਤੱਕ ਨਹੀਂ ਸੀ ਸਰਕੀ। ਪੰਜਾਬ ਹੀ ਨਹੀਂ ਪੂਰੇ ਮੁਲਕ ਦੇ ਅੰਦਰ ਅਜਿਹੇ ਹਾਲਾਤ ਹਨ। ਪਿਛਲੇ ਦਿਨੀਂ ਯੂ ਪੀ ਅਤੇ ਬਿਹਾਰ ਵਿੱਚ ਵੀ ਬੇਰੁਜ਼ਗਾਰਾਂ ਉੱਤੇ ਤਸ਼ੱਦਦ ਢਾਇਆ ਗਿਆ। ਨੌਕਰੀ ਮੰਗਦਿਆਂ ਨੂੰ ਲਾਠੀਆਂ ਮਿਲੀਆਂ। ਕਈ ਜਗਾਵਾਂ ਤੋਂ ਤਾਂ ਅਜਿਹੀਆਂ ਖ਼ਬਰਾਂ ਵੀ ਹਨ ਕਿ ਸਰਕਾਰ ਨੇ ਨੌਜਵਾਨਾਂ ਨੂੰ ਭਰਤੀ ਤਾਂ ਕਰ ਲਿਆ ਪਰ ਉਨ੍ਹਾਂ ਨੂੰ ਨੌਕਰੀ ਤੇ ਜੁਆਇਨ ਨਹੀਂ ਕਰਾਇਆ। ਜਿਸ ਦੇ ਕਾਰਨ ਸਰਕਾਰ ਦੀ ਨੀਤੀ ਅਤੇ ਨੀਅਤ ਤੇ ਸਵਾਲ ਉੱਠਣੇ ਲਾਜ਼ਮੀ ਹਨ ਕਿ ਸਰਕਾਰ ਆਖ਼ਰ ਚਾਹੁੰਦੀ ਕੀ ਹੈ ਬੇਰੁਜ਼ਗਾਰ ਸੜਕਾਂ ਤੇ ਰੁਲਦੇ ਰਹਿਣ?
ਦੱਸਣਾ ਇਹ ਵੀ ਬਣਦਾ ਹੈ ਕਿ, ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਪਾਰਟੀ ਦਾਅਵਾ ਕਰਦੀ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ, ਪਰ ਹੁੰਦਾ ਇਸ ਤੋਂ ਉਲਟ ਹੈ। ਸਰਕਾਰ ਬਣਦਿਆਂ ਸਾਰ ਹੀ ਸੱਤਾ ਸੰਭਾਲਣ ਵਾਲੀ ਉਕਤ ਪਾਰਟੀ ਵੱਲੋਂ ਕੀਤੇ ਗਏ ਦਾਅਵੇ ਸਭ ਖੋਖਲੇ ਉਸ ਵੇਲੇ ਜਾਪਣ ਲੱਗ ਜਾਂਦੇ ਹਨ, ਜਦੋਂ ਉਕਤ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ। ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਹੋਰਨਾਂ ਕੰਮਾਂ ਵਿੱਚ ਰੁੱਝ ਜਾਂਦੀ ਹੈ।
ਵੇਖਿਆ ਜਾਵੇ ਤਾਂ, ਵੱਖ ਵੱਖ ਸੂਬਿਆਂ ਤੋਂ ਇਸ ਵੇਲੇ ਵੱਡੇ ਪੱਧਰ ਤੇ ਨੌਕਰੀਆਂ ਵਿੱਚ ਘੁਟਾਲਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਬੇਰੁਜ਼ਗਾਰਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਪ੍ਰਾਈਵੇਟ ਸੈਕਟਰਾਂ ਵੱਲੋਂ ਕੀਤੀ ਜਾ ਰਹੀ ਨੌਜਵਾਨਾਂ ਦੀ ਸ਼ਰੇਆਮ ਲੁੱਟ ‘ਤੇ ਸਰਕਾਰ ਚੁੱਪ ਹੈ। ਹਾਲਾਂਕਿ ਉਕਤ ਪ੍ਰਾਈਵੇਟ ਸੈਕਟਰਾਂ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਹੀ ਕਰਜ਼ੇ ਦਿੱਤੇ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਦੇਸ਼ ਦੀ ਸੱਤਾ ਧਿਰ ਦੇ ਵੱਲੋਂ ਨੌਜਵਾਨਾਂ ਨੂੰ ਪਕੌੜੇ ਤੜਨ ਦੀ ਵੀ ਸਲਾਹ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਪੜ੍ਹਿਆ ਲਿਖਿਆ ਨੌਜਵਾਨ ਕੁੱਝ ਹੋਰ ਨਾ ਕਰੇ ਤਾਂ ਪਕੌੜੇ ਹੀ ਤਲ ਲਿਆ ਕਰੇ।
ਭਾਵੇਂ ਕਿ ਪਕੌੜੇ ਤਲ਼ਨਾ ਕੋਈ ਮਾੜਾ ਕੰਮ ਨਹੀਂ, ਪਰ ਪੜ੍ਹੀ ਲਿਖੀ ਨੌਜਵਾਨੀ ਨੂੰ ਪੱਕਾ ਰੁਜ਼ਗਾਰ ਦੇਣ ਦੀ ਬਜਾਏ, ਉਨ੍ਹਾਂ ਨੂੰ ਪਕੌੜੇ ਤਲਨ ਦੀ ਸਲਾਹ ਦੇਣਾ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ। ਸੜਕ ਤੋਂ ਲੈ ਕੇ ਸੰਸਦ ਤਕ ਹਰ ਸੱਤਾਧਾਰੀ ਲੀਡਰ ਏਹੀ ਦਾਅਵੇ ਕਰਦਾ ਨਜ਼ਰ ਆਉਂਦਾ ਹੈ ਕਿ ਉਸ ਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ, ਜਦੋਂ ਕਿ ਅਸਲ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ, ਇਸ ਬਾਰੇ ਤਾਂ ਉਕਤ ਲੀਡਰ ਨਹੀਂ ਬੋਲ ਪਾਉਂਦਾ।
ਦੂਜੇ ਪਾਸੇ ਜੇਕਰ ਬੇਰੁਜ਼ਗਾਰਾਂ ਦੀ ਵੱਧ ਰਹੀ ਗਿਣਤੀ ਦੀ ਦਰ ਤੇ ਨਿਗਾਹ ਮਾਰੀਏ, ਤਾਂ ਇੰਟਰਨੈਸ਼ਨਲ ਲੇਬਰ ਆਰਗਨਾਈਜ਼ੇਸ਼ਨ ਵੱਲੋਂ ਤੈਅ ਕੀਤੀ ਜਾਂਦੀ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਤੇ ਦੁਨੀਆ ਭਰ ਦੀਆਂ ਜ਼ਿਆਦਾਤਰ ਸਰਕਾਰਾਂ ਵਿਸ਼ਵਾਸ ਕਰਦੀਆਂ ਹਨ ਅਤੇ ਉਹ ਆਪਣੇ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਸਾਡੇ ਮੁਲਕ ਦੇ ਅੰਦਰ ਇਸ ਤੋਂ ਉਲਟ ਹੋ ਰਿਹਾ ਹੈ। ਸਰਕਾਰਾਂ ਕਿਸੇ ਦੀ ਨਹੀਂ ਸੁਣ ਰਹੀਆਂ। ਬਲਕਿ ਉਹ ਅਜਿਹੇ ਫ਼ੈਸਲੇ ਲਾਗੂ ਕਰਨ ਦੇ ਵਿੱਚ ਵਿਅਸਤ ਹਨ, ਜਿਸ ਨਾਲ ਪੜ੍ਹੀ ਲਿਖੀ ਜਮਾਤ ਦੇ ਨਾਲ ਚਿੱਟੇ ਦਿਨ ਖਿਲਵਾੜ ਹੋ ਰਿਹਾ ਹੈ। ਜਿਸ ਦੇ ਕਾਰਨ ਬੇਰੁਜ਼ਗਾਰ ਨੌਜਵਾਨ ਸੜਕਾਂ ਤੇ ਹਨ ਅਤੇ ਕਈ ਨੌਜਵਾਨ ਇੰਨੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ ਕਿ ਉਹ ਖੁਦਕੁਸ਼ੀਆਂ ਵਰਗੇ ਰਸਤੇ ਅਪਣਾ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ, ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਵੱਲੋਂ ਰੁਜ਼ਗਾਰ ਦੀ ਇਸ ਪਰਿਭਾਸ਼ਾ ਦੇ ਆਧਾਰ ‘ਤੇ ਬੇਰੁਜ਼ਗਾਰੀ ਦੇ ਅੰਕੜੇ ਕੱਢੇ ਜਾਂਦੇ ਹਨ ਅਤੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿੰਨੀ ਆਬਾਦੀ ਕੋਲ ਰੁਜ਼ਗਾਰ ਹੈ। ਭਾਰਤ ਵਰਗੇ ਦੇਸ਼ ਵਿੱਚ, ਬੇਰੁਜ਼ਗਾਰੀ ਹਮੇਸ਼ਾ ਹੀ ਇੱਕ ਚੋਣਾਵੀ ਨਹੀਂ, ਸਗੋਂ ਇੱਕ ਸਮਾਜਿਕ-ਆਰਥਿਕ ਮੁੱਦਾ ਵੀ ਰਹੀ ਹੈ। ਜਦੋਂ ਵਿਰੋਧੀ ਧਿਰ ਨੌਕਰੀਆਂ ਨਾ ਦੇਣ ਲਈ ਸਰਕਾਰ ‘ਤੇ ਹਮਲਾ ਕਰਦੀ ਹੈ ਤਾਂ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰੁਜ਼ਗਾਰ ਦੇ ਬਹੁਤ ਮੌਕੇ ਪੈਦਾ ਕੀਤੇ ਹਨ।
ਪਰ ਅੰਕੜੇ ਕੀ ਕਹਿੰਦੇ ਹਨ? ਸਰਕਾਰ ਵੱਲੋਂ ਹਰ ਸਾਲ ਬੇਰੁਜ਼ਗਾਰੀ ਦਰ ਦੇ ਅੰਕੜੇ ਵੀ ਖ਼ੁਦ ਹੀ ਜਾਰੀ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ। ਹਾਲ ਹੀ ‘ਚ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ 2023 ‘ਚ ਭਾਰਤ ‘ਚ ਬੇਰੁਜ਼ਗਾਰਾਂ ‘ਚੋਂ 83 ਫ਼ੀਸਦੀ ਨੌਜਵਾਨ ਸਨ। ਰਿਪੋਰਟ ਦੱਸਦੀ ਹੈ ਕਿ ਸਾਲ 2000 ਵਿੱਚ ਬੇਰੁਜ਼ਗਾਰਾਂ ਵਿੱਚ ਪੜੇ-ਲਿਖੇ ਲੋਕਾਂ ਦੀ ਹਿੱਸੇਦਾਰੀ 35.2% ਸੀ, ਜੋ 2022 ਤੱਕ ਵਧ ਕੇ 65.7% ਹੋ ਗਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਭਾਰਤੀ ਨੌਜਵਾਨਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ, ਖ਼ਾਸ ਤੌਰ ‘ਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਹ ਸਮੇਂ ਦੇ ਨਾਲ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਰੁਜ਼ਗਾਰ ਦੇ ਅੰਕੜਿਆਂ ‘ਤੇ ਪੀਰੀਓਡਿਕ ਲੇਬਰ ਫੋਰਸ ਸਰਵੇ ਦੀ ਇੱਕ ਨਵੀਂ ਰਿਪੋਰਟ ਆਈ ਹੈ। ਇਸ ਰਿਪੋਰਟ ਵਿੱਚ ਜੁਲਾਈ 2023 ਤੋਂ ਜੂਨ 2024 ਤੱਕ ਦਾ ਡੇਟਾ ਹੈ। ਰਿਪੋਰਟ ਦੱਸਦੀ ਹੈ ਕਿ, ਭਾਰਤ ਵਿੱਚ ਵਧੇਰੇ ਪੜੇ-ਲਿਖੇ ਬੇਰੁਜ਼ਗਾਰ ਹਨ। ਇਸ ਦੇ ਅਨੁਸਾਰ, ਜਿਹੜੇ ਲੋਕ ਪੜ੍ਹ-ਲਿਖ ਨਹੀਂ ਸਕਦੇ, ਉਨ੍ਹਾਂ ਵਿੱਚ ਬੇਰੁਜ਼ਗਾਰੀ ਦੀ ਦਰ 0.2% ਹੈ। ਜਦੋਂਕਿ 12ਵੀਂ ਤੱਕ ਪੜ੍ਹਨ ਵਾਲਿਆਂ ਵਿੱਚ ਬੇਰੁਜ਼ਗਾਰੀ ਦੀ ਦਰ 5% ਤੋਂ ਵੀ ਘੱਟ ਹੈ। ਜਦੋਂ ਕਿ, ਡਿਪਲੋਮਾ, ਗ੍ਰੈਜੂਏਸ਼ਨ, ਪੀਜੀ ਜਾਂ ਇਸ ਤੋਂ ਵੱਧ ਦੀ ਪੜ੍ਹਾਈ ਕਰਨ ਵਾਲਿਆਂ ਵਿੱਚ ਬੇਰੁਜ਼ਗਾਰੀ ਦੀ ਦਰ 12% ਤੋਂ ਵੱਧ ਹੈ।
ਹਾਲਾਂਕਿ, ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਪੜੇ-ਲਿਖੇ ਨੌਜਵਾਨ ਆਪਣੀ ਯੋਗਤਾ ਦੇ ਆਧਾਰ ‘ਤੇ ਕੰਮ ਲੱਭਦੇ ਹਨ, ਜਿਸ ਕਾਰਨ ਉਨ੍ਹਾਂ ਵਿਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਦੱਸਦੀ ਹੈ ਕਿ, ਜਿਨ੍ਹਾਂ ਲੋਕਾਂ ਕੋਲ ਕੰਮ ਹੈ, ਉਨ੍ਹਾਂ ਵਿੱਚੋਂ 46% ਲੋਕ ਖੇਤੀ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ 12.2% ਲੋਕ ਵਪਾਰ, ਹੋਟਲ ਜਾਂ ਰੈਸਟੋਰੈਂਟ ਨਾਲ ਜੁੜੇ ਹੋਏ ਸਨ। 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਥੋੜ੍ਹੀ ਵਧੀ ਹੈ। ਇਸ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 2022-23 ਵਿੱਚ 10% ਸੀ, ਜੋ 2023-24 ਵਿੱਚ ਵੱਧ ਕੇ 10.2% ਹੋ ਗਈ ਹੈ। ਇਹ ਸ਼ਹਿਰੀ ਖੇਤਰਾਂ ਵਿੱਚ 14.7% ਅਤੇ ਪੇਂਡੂ ਖੇਤਰਾਂ ਵਿੱਚ 8.5% ਹੈ।
ਦੱਸ ਦੇਈਏ ਕਿ, ਜਿਸ ਤਰੀਕੇ ਦੇ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਅਤੇ ਪਿਛਲੇ ਕਰੀਬ ਦੋ ਦਹਾਕਿਆਂ ਵਿੱਚ ਜਿਵੇਂ ਬੇਰੁਜ਼ਗਾਰੀ ਨੇ ਆਪਣੀ ਰਫ਼ਤਾਰ ਫੜੀ ਹੈ, ਉਸ ਤੋਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਬੇਰੁਜ਼ਗਾਰੀ ਦੀ ਦਰ ‘ਤੇ ਹੁਣੇ ਕੰਟਰੋਲ ਨਾ ਕੀਤਾ ਤਾਂ ਆਉਂਦੇ ਸਮੇਂ ਵਿੱਚ ਇਹ ਇੱਕ ਵੱਡਾ ਬੰਬ ਬਣ ਸਕਦੀ ਹੈ, ਕਿਉਂਕਿ ਮੁਲਕ ਦੇ ਅੰਦਰ ਵੱਧ ਰਹੀ ਆਬਾਦੀ ਦੇ ਕਾਰਨ ਰੁਜ਼ਗਾਰ ਦਾ ਘਟਨਾ, ਬੇਰੁਜ਼ਗਾਰਾਂ ਦੀ ਗਿਣਤੀ ਦਾ ਵਧਣਾ ਮੁਲਕ ਦੇ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
ਸਾਡੇ ਮੁਲਕ ਦੇ ਅੰਦਰ ਇੱਕ ਪਾਸੇ ਤਾਂ ਲਗਾਤਾਰ ਆਬਾਦੀ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੀ ਅਥਾਹ ਵਾਧਾ ਹੋ ਰਿਹਾ ਹੈ, ਜਿਸ ਦੇ ਕਾਰਨ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਮੁਲਕ ਦਾ ਸਿਸਟਮ ਸਹੀ ਤਰੀਕੇ ਦੇ ਨਾਲ ਚੱਲ ਸਕੇ ਅਤੇ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਆਪਣੇ ਪੈਰਾਂ ਸਿਰ ਖੜੀ ਹੋ ਕੇ, ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ।
ਗੁਰਪ੍ਰੀਤ
9569820314