All Latest NewsNews FlashPunjab News

ਹਾਰ ਨੂੰ ਸਵੀਕਾਰਨਾ ਸਿੱਖੋ/-ਹਰਪ੍ਰੀਤ ਕੌਰ ਸੰਧੂ

 

ਅੱਜ ਦੇ ਯੁੱਗ ਵਿੱਚ ਦੋ ਸ਼ਬਦ ਬਹੁਤ ਸੁਣਨ ਨੂੰ ਮਿਲਦੇ ਹਨ ਨਕਾਰਾਤਮਕਤਾ ਅਤੇ ਸਕਰਤਮਕਤਾ। ਆਮ ਜਿਹੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਨੈਗੇਟਿਵਿਟੀ ਅਤੇ ਪੋਜੀਟਿਵਿਟੀ। ਅਕਸਰ ਲੋਕ ਇੱਕ ਦੂਜੇ ਨੂੰ ਇਹ ਕਹਿੰਦੇ ਸੁਣੇ ਜਾਂਦੇ ਹਨ ਬੀ ਪੋਜੀਟਿਵ। ਕੁਝ ਚੰਗਾ ਸੋਚੋ। ਕੁਝ ਚੰਗਾ ਕਰੋ। ਸਾਡਾ ਸਾਰਾ ਜ਼ੋਰ ਇਸੇ ਗੱਲ ਤੇ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਪੋਜੀਟਿਵ ਰਹੀਏ। ਅਸੀਂ ਦੂਜਿਆਂ ਨੂੰ ਵੀ ਇਹ ਹੀ ਸਲਾਹ ਦਿੰਦੇ ਹਾਂ।

ਨੈਗੇਟਿਵਿਟੀ ਅਸਲ ਵਿੱਚ ਹੈ ਕੀ? ਸਿਰਫ ਨਿਰਾਸ਼ਾ ਨੂੰ ਨੈਗੇਟਿਵਿਟੀ ਕਹਿ ਦੇਣਾ ਠੀਕ ਨਹੀਂ। ਕੋਈ ਕਿਸੇ ਦੀ ਆਲੋਚਨਾ ਕਰਦਾ ਹੈ। ਇਹ ਵੀ ਹਮੇਸ਼ਾ ਨੈਗਟੀਵਿਟੀ ਨਹੀਂ ਹੁੰਦੀ। ਆਲੋਚਨਾ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕਿਸੇ ਦੇ ਗੁਣ ਤੇ ਦੋਸ਼ ਅਲੱਗ ਅਲੱਗ ਕਰਕੇ ਨਿਖੇੜ ਕੇ ਦੇਖੇ ਜਾਣ। ਹਰ ਵੇਲੇ ਕੁਝ ਗਲਤ ਹੋ ਜਾਣ ਬਾਰੇ ਸੋਚਣਾ। ਕਿਸੇ ਮਾੜੇ ਵਰਤਾਰੇ ਦੀ ਉਮੀਦ ਰੱਖ ਕੇ ਬਹਿ ਜਾਣਾ। ਹਰ ਪਲ ਨਿਰਾਸ਼ਾਜਨਕ ਵਿਚਾਰਾਂ ਵਿੱਚ ਘਿਰੇ ਰਹਿਣਾ। ਇਸ ਨੂੰ ਅਸੀਂ ਨੈਗੇਟਿਵਿਟੀ ਕਹਿੰਦੇ ਹਾਂ।

ਇਸ ਦੇ ਵਿਪਰੀਤ ਪੋਜੀਟਿਵਿਟੀ ਨੂੰ ਅਸੀਂ ਦੂਜਿਆਂ ਵਿੱਚ ਚੰਗਿਆਈ ਨੂੰ ਦੇਖਣਾ, ਕਿਸੇ ਵਰਤਾਰੇ ਵਿੱਚ ਚੰਗਿਆਈ ਦੇਖਣਾ,
ਜ਼ਿੰਦਗੀ ਬਾਰੇ ਹੌਸਲੇ ਭਰਪੂਰ ਵਿਚਾਰ ਰੱਖਣਾ, ਆਪਣਾ ਹੌਸਲਾ ਬਣਾਈ ਰੱਖਣਾ ਅਤੇ ਦੂਜਿਆਂ ਨੂੰ ਵੀ ਹੌਸਲਾ ਦੇਣਾ ਕਹਿੰਦੇ ਹਾਂ। ਅਸੀਂ ਬੜੇ ਸੌਖੇ ਜਿਹੇ ਤਰੀਕੇ ਨਾਲ ਇਹਨਾਂ ਦੀ ਪਰਿਭਾਸ਼ਾ ਘੜ ਲਈ ਹੈ। ਉਤਸਾਹਵਰਧਕ ਗੱਲਾਂ ਨੂੰ ਅਸੀਂ ਪੋਜੀਟਿਵਿਟੀ ਕਹਿੰਦੇ ਹਾਂ।

ਦਰਅਸਲ ਪੋਜੀਟਿਵਿਟੀ ਤੇ ਨੈਗੇਟਿਵਿਟੀ ਨੂੰ ਸਮਝਣਾ ਇਨਾ ਸੌਖਾ ਨਹੀਂ ਜਿੰਨਾ ਅਸੀਂ ਬਣਾ ਲਿਆ ਹੈ। ਸਾਡਾ ਹਰ ਵੇਲੇ ਪੋਜੀਟਿਵ ਰਹਿਣ ਤੇ ਜ਼ੋਰ ਦੇਣਾ ਸਾਨੂੰ ਕਿਤੇ ਇਸ ਗੱਲ ਤੋਂ ਦੂਰ ਕਰ ਸਕਦਾ ਹੈ ਕਿ ਅਸੀਂ ਆਲੋਚਨਾ ਨੂੰ ਸਹਿਣ ਕਰੀਏ। ਪੋਜੀਟਿਵ ਰਹਿਣਾ ਸਾਡੇ ਤੇ ਇੰਨਾ ਹਾਵੀ ਹੋ ਗਿਆ ਹੈ ਕਿ ਕੋਈ ਜਰਾ ਜਿੰਨੀ ਵੀ ਸਾਡੀ ਆਲੋਚਨਾ ਕਰੇ ਤਾਂ ਅਸੀਂ ਉਸ ਨੂੰ ਨੈਗੇਟਿਵ ਕਹਿ ਕੇ ਪਾਸੇ ਕਰ ਦਿੰਦੇ ਹਾਂ। ਜੋ ਬੰਦਾ ਸੱਚ ਬੋਲਦਾ ਹੈ ਉਸ ਨੂੰ ਵੀ ਨੈਗੇਟਿਵ ਗਰਦਾਨ ਦਿੱਤਾ ਜਾਂਦਾ ਹੈ। ਇਹ ਵਰਤਾਰਾ ਆਮ ਹੈ।

ਪੋਜੀਟਿਵ ਰਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਵੀ ਹਾਰ ਨੂੰ ਮਨਜ਼ੂਰ ਹੀ ਨਾ ਕਰੀਏ। ਹਰ ਵੇਲੇ ਪੋਜੀਟਿਵ ਰਹਿਣ ਦਾ ਗੁਣਗਾਨ ਕਰਨ ਦਾ ਅਰਥ ਇਹ ਹੋ ਜਾਂਦਾ ਹੈ ਕਿ ਸਾਡੇ ਬੱਚੇ ਸਾਡੀ ਨਵੀਂ ਪੀੜੀ ਕਿਸੇ ਤਰ੍ਹਾਂ ਦੀ ਅਸਫਲਤਾ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਉਂਦੀ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਨਿੱਕੀ ਜਿਹੀ ਗੱਲ ਤੇ ਬੱਚੇ ਆਤਮ ਹੱਤਿਆ ਤੱਕ ਕਰ ਲੈਂਦੇ ਹਨ। ਇਸ ਲਈ ਹੈ ਕਿ ਉਹਨਾਂ ਨੂੰ ਹਾਰਨਾ ਹੀ ਨਹੀਂ ਸਿਖਾਇਆ ਗਿਆ। ਪੋਜੀਟਿਵਿਟੀ ਦੇ ਨਾਂ ਤੇ ਉਹਨਾਂ ਨੂੰ ਸਿਰਫ ਜਿੱਤਣਾ ਸਿਖਾਇਆ ਗਿਆ।

ਜਿੱਥੇ ਕਿਸੇ ਨੇ ਹਾਰਨ ਦੀ, ਆਲੋਚਨਾ ਦੀ, ਔਗੁਣ ਦੀ ਗੱਲ ਕੀਤੀ ਅਸੀਂ ਉਸ ਨੂੰ ਨੈਗੇਟਿਵ ਕਹਿ ਕੇ ਪਾਸੇ ਹੋ ਗਏ। ਅਸੀਂ ਬੀ ਪੋਜੀਟਿਵ ਨੂੰ ਇਸ ਤਰਾਂ ਅਪਣਾ ਲਿਆ ਕਿ ਜ਼ਿੰਦਗੀ ਵਿੱਚ ਕੁਝ ਮਾੜਾ ਹੋਣ ਲਈ ਕਦੀ ਤਿਆਰ ਹੀ ਨਹੀਂ ਰਹੇ। ਜ਼ਿੰਦਗੀ ਵਿੱਚ ਹਮੇਸ਼ਾ ਚੰਗਾ ਹੋਵੇਗਾ ਅਜਿਹਾ ਨਹੀਂ ਹੋ ਸਕਦਾ। ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ। ਜੇ ਇੱਕ ਗੱਲ ਸਾਡੀ ਪਸੰਦ ਦੀ ਹੁੰਦੀ ਹੈ ਤਾਂ ਇੱਕ ਗੱਲ ਸਾਡੀ ਨਾ ਪਸੰਦ ਦੀ ਵੀ ਹੋ ਸਕਦੀ ਹੈ।

ਅੱਜ ਸਮਾਜ ਵਿੱਚ ਫੈਲੇ ਹੋਏ ਡਿਪਰੈਸ਼ਨ ਦਾ ਮੁੱਖ ਕਾਰਨ ਬੀ ਪੋਜੀਟਿਵ ਦਾ ਗੁਣਗਾਨ ਹੈ। ਜਦੋਂ ਬੰਦੇ ਵਿੱਚ ਆਪਣੇ ਆਲੋਚਨਾ ਨੂੰ ਸਮਝ ਸਕਣ ਆਪਣੇ ਔਗੁਣਾਂ ਨੂੰ ਦੇਖ ਸਕਣ ਤੇ ਆਪਣੀ ਹਾਰ ਨੂੰ ਸਵੀਕਾਰ ਕਰ ਸਕਣ ਦੀ ਸਮਰੱਥਾ ਹੀ ਨਹੀਂ ਹੈ ਤਾਂ ਉਹ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਮੁਸੀਬਤ ਆਈ ਡਿਪਰੈਸ਼ਨ ਵਿੱਚ ਹੀ ਜਾਏਗਾ। ਜ਼ਿੰਦਗੀ ਦੀ ਰਫਤਾਰ ਬੜੀ ਤੇਜ਼ ਹੋ ਗਈ ਹੈ। ਮਨੁੱਖ ਇਸ ਵਿੱਚ ਕਿਤੇ ਉਲਝਿਆ ਪਿਆ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਕੇ ਉਸ ਦੇ ਕੋਲੋਂ ਦੀ ਲੰਘ ਜਾਂਦੇ ਹਨ।

ਹਰ ਮਨੁੱਖ ਇੱਕ ਦੌੜ ਵਿੱਚ ਹੈ। ਉਸ ਦਾ ਸਾਰਾ ਜ਼ੋਰ ਪ੍ਰਾਪਤੀ ਤੇ ਲੱਗਾ ਹੋਇਆ ਹੈ। ਉਹ ਪ੍ਰਾਪਤੀ ਕਿਸੇ ਕਿਸਮ ਦੀ ਹੋਵੇ। ਉਹ ਸਭ ਕੁਝ ਹਾਸਿਲ ਕਰ ਲੈਣਾ ਚਾਹੁੰਦਾ ਹੈ। ਉਸ ਨੂੰ ਕਦੇ ਵੀ ਕਿਸੇ ਹਾਰ ਲਈ ਕਿਸੇ ਅਸਫਲਤਾ ਲਈ ਤਿਆਰ ਨਹੀਂ ਕੀਤਾ ਜਾਂਦਾ। ਅਸੀਂ ਆਪਣੇ ਬੱਚੇ ਨੂੰ ਇੱਕ ਉਦੇਸ਼ ਦਿੰਦੇ ਹਾਂ ਤੇ ਉਸਨੂੰ ਕਹਿੰਦੇ ਹਾਂ ਕਿ ਪੂਰਾ ਜ਼ੋਰ ਲਾ ਕੇ ਇਸਨੂੰ ਪ੍ਰਾਪਤ ਕਰ। ਫਿਰ ਜਦੋਂ ਬੱਚਾ ਤਨਦੇਹੀ ਨਾਲ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਟੀਚੇ ਤੱਕ ਪਹੁੰਚਣ ਤੋਂ ਅਸਮਰੱਥ ਰਹਿੰਦਾ ਹੈ ਤਾਂ ਉਸਦਾ ਨਿਰਾਸ਼ ਹੋ ਜਾਣਾ ਆਮ ਗੱਲ ਹੈ।

ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੋ ਗੋਲ ਦੇਣੇ ਹਨ। ਏ ਗੋਲ ਤੇ ਬੀ ਗੋਲ। ਇਹ ਇਸ ਲਈ ਕਿ ਜੇ ਉਹ ਇੱਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਹੋਵੇ ਤਾਂ ਦੂਜਾ ਟੀਚਾ ਉਸਦੇ ਸਾਹਮਣੇ ਹੋਵੇ। ਇਸ ਨਾਲ ਉਸਨੂੰ ਨਿਰਾਸ਼ਾ ਨਹੀਂ ਹੋਏਗੀ। ਉਸ ਨੂੰ ਪਹਿਲਾਂ ਹੀ ਪਤਾ ਹੋਏਗਾ ਕਿ ਇਹ ਹਾਸਿਲ ਕੀਤਾ ਜਾ ਸਕਦਾ ਹੈ। ਪਰ ਜੇ ਨਾ ਹਾਸਿਲ ਹੋਵੇ ਤਾਂ ਇਸ ਦਾ ਦੂਜਾ ਹੱਲ ਵੀ ਹੈ। ਪਰ ਸਾਡੇ ਬੁੱਧੀਜੀਵੀਆਂ ਨੇ ਬੀ ਪੋਜੀਟਿਵ ਤੇ ਇੰਨਾ ਜ਼ੋਰ ਦਿੱਤਾ ਹੈ ਕਿ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦਰਕਿਨਾਰ ਕਰ ਦਿੱਤਾ ਹੈ।

ਮਨੁੱਖ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ ਪਰ ਮਨੁੱਖ ਮਸ਼ੀਨ ਨਹੀਂ ਹੈ। ਮਨੁੱਖ ਮਸ਼ੀਨ ਕਦੀ ਹੋ ਵੀ ਨਹੀਂ ਸਕਦਾ। ਉਸਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਦੀ ਲੋੜ ਹੈ। ਜਦੋਂ ਅਸੀਂ ਸਾਰਾ ਜ਼ੋਰ ਸਿਰਫ ਬੀ ਪੋਜੀਟਿਵ ਤੇ ਲਾ ਦਿੰਦੇ ਹਾਂ ਤਾਂ ਉਹ ਕਿਸ ਤਰ੍ਹਾਂ ਨਿਰਾਸ਼ਾ ਨਾਲ ਮੱਥਾ ਡਾਏਗਾ। ਅਸੀਂ ਯਤਨ ਕਰਨ ਤੇ ਉਮੀਦ ਰੱਖਣ ਤੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਨਿਰਾਸ਼ ਹੋ ਜਾਣ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ।

ਸਾਡੇ ਨੌਜਵਾਨ ਪੀੜੀ ਇਸ ਗੱਲ ਦੀ ਸਭ ਤੋਂ ਵੱਧ ਸ਼ਿਕਾਰ ਹੈ। ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਬੀ ਪੋਜੀਟਿਵ ਸਾਨੂੰ ਸਬਰ ਤੇ ਸ਼ੁਕਰ ਨਹੀਂ ਸਿਖਾਉਂਦਾ। ਸਾਡੀ ਪੁਰਾਣੀ ਪੀੜੀ ਨੇ ਸਬਰ ਤੇ ਸ਼ੁਕਰ ਸਿੱਖਿਆ ਹੈ ਤੇ ਇਸ ਨਾਲ ਜ਼ਿੰਦਗੀ ਬਤੀਤ ਕੀਤੀ ਹੈ। ਬੀ ਪੋਜੀਟਿਵ ਸਾਨੂੰ ਸਾਰਾ ਜ਼ੋਰ ਲਗਾ ਕੇ ਸਿਰਫ ਜਿੱਤਣਾ ਸਿਖਾਉਂਦਾ ਹੈ। ਯਕੀਨ ਮੰਨੋ ਅੱਜ ਦੇ ਸਮੇਂ ਵਿੱਚ ਸਭ ਤੋਂ ਖਤਰਨਾਕ ਸ਼ਬਦ ਬੀ ਪੋਜੀਟਿਵ ਹੈ। ਸਾਨੂੰ ਇਸ ਦੀ ਜਗ੍ਹਾ ਤੇ ਬੀ ਰਿਅਲਿਸਟਿਕ ਯਾਨੀ ਕਿ ਯਥਾਰਥਵਾਦੀ ਹੋਣ ਦੀ ਜਰੂਰਤ ਹੈ। ਸਾਨੂੰ ਸੱਚ ਨੂੰ ਸਮਝਣਾ ਤੇ ਉਸ ਦਾ ਸਾਹਮਣਾ ਕਰਨਾ ਸਿੱਖਣ ਦੀ ਜਰੂਰਤ ਹੈ।

ਆਸ਼ਾਵਾਦੀ ਹੋਣਾ ਮਾੜੀ ਗੱਲ ਨਹੀਂ ਪਰ ਸਿਰਫ ਆਸ਼ਾਵਾਦੀ ਹੀ ਹੋਣਾ ਮਾੜੀ ਗੱਲ ਹੈ। ਜ਼ਿੰਦਗੀ ਵਿੱਚ ਜਿੱਤਾਂ ਹਾਰਾਂ ਚੱਲਦੀਆਂ ਹੀ ਰਹਿੰਦੀਆਂ ਹਨ। ਬਹੁਤ ਜਰੂਰੀ ਹੈ ਕਿ ਮਨੁੱਖ ਇਸ ਗੱਲ ਨੂੰ ਸਮਝ ਲਵੇ ਕਿ ਉਸਨੇ ਕੋਸ਼ਿਸ਼ ਕਰਨੀ ਹੈ ਪਰ ਕੋਸ਼ਿਸ਼ ਦਾ ਸਫਲ ਹੋ ਜਾਣਾ ਜ਼ਰੂਰੀ ਨਹੀਂ ਹੈ। ਕਾਮਯਾਬੀ ਤੇ ਨਾਕਾਮਯਾਬੀ ਦੋਵੇਂ ਹੀ ਮਨੁੱਖ ਨਾਲ ਕਦੇ ਵੀ ਵਾਪਰ ਸਕਦੇ ਹਨ।
ਸਾਨੂੰ ਇਸ ਲਈ ਹਰ ਪੱਖੋਂ ਤਿਆਰ ਰਹਿਣਾ ਚਾਹੀਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਅਸੀਂ ਬੀ ਪੋਜੀਟਿਵ ਨੂੰ ਛੱਡ ਕੇ ਬੀ ਰਿਅਲਿਸਟਿਕ ਨੂੰ ਅਪਣਾਈਏ ਤਾਂ ਜੋ ਜ਼ਿੰਦਗੀ ਵਿੱਚ ਆਉਣ ਵਾਲੀ ਹਾਰ ਦਾ ਸਾਹਮਣਾ ਕਰਨਾ ਵੀ ਸਿੱਖੀਏ।

ਹਰਪ੍ਰੀਤ ਕੌਰ ਸੰਧੂ

9041073310

Leave a Reply

Your email address will not be published. Required fields are marked *