ਕੰਪਿਊਟਰ ਅਧਿਆਪਕਾਂ ਦਾ ਅਨੋਖਾ ਪ੍ਰਦਰਸ਼ਨ! CM ਮਾਨ ਸਮੇਤ ਕੈਬਨਿਟ ਦੀ ਅਰਥੀ ਨੂੰ ਪਹਿਲਾਂ ਚੌਂਕ ‘ਚ ਝਾੜੂਆਂ ਨਾਲ ਕੁੱਟਿਆ ਤੇ ਫਿਰ ਲਗਾਈ ਅੱਗ
ਦਲਜੀਤ ਕੌਰ, ਸੰਗਰੂਰ
ਸੰਗਰੂਰ ਵਿਖੇ ਚੱਲ ਰਿਹਾ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। 1 ਸਤੰਬਰ ਤੋਂ ਕੰਪਿਊਟਰ ਅਧਿਆਪਕਾਂ ਦੀ ਲਗਾਤਾਰ ਭੁੱਖ ਹੜਤਾਲ ਜਾਰੀ ਹੈ, ਅੱਜ ਉੱਥੇ ਅੱਜ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਦਾ ਮਰਨ ਵਰਤ ਅੱਠਵੇਂ ਦਿਨ ਵਿੱਚ ਦਾਖਿਲ ਹੋ ਗਿਆ। ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਦੀ ਹਾਲਤ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਹੈ ਪਿਛਲੇ ਸੱਤ ਦਿਨਾਂ ਦੇ ਦੌਰਾਨ ਉਨਾਂ ਦਾ ਛੇ ਕਿਲੋ ਵਜ਼ਨ ਘੱਟ ਗਿਆ ਹੈ ਅਤੇ ਉਹਨਾਂ ਦਾ ਸ਼ੂਗਰ ਲੈਵਲ ਘੱਟ ਕੇ 60 ਤੱਕ ਆ ਗਿਆ ਹੈ।
ਅੱਜ ਇੱਥੇ ਮੋਰਚੇ ਤੇ ਇਕੱਠੇ ਹੋਏ ਸੈਂਕੜੇ ਕੰਪਿਊਟਰ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਹਿਲਾਂ ਉਹਨਾਂ ਨੇ ਸਥਾਨਕ ਲਾਲ ਬੱਤੀ ਚੌਂਕ ਵਿਖੇ ਲੰਬਾ ਜਾਮ ਲਗਾਇਆ ਉਸ ਮਗਰੋਂ ਉਹਨਾਂ ਨੇ ਬਰਨਾਲਾ ਕੈਂਚੀਆਂ ਤੇ ਇਕੱਠੇ ਹੁੰਦੇ ਹੋਏ ਲਗਭਗ ਦੋ ਘੰਟੇ ਤੋਂ ਵੱਧ ਜਾਮ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਅਤੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਮੰਡਲ ਦੀ ਅਰਥੀ ਨੂੰ ਚੌਂਕ ਵਿੱਚ ਰੱਖ ਕੇ ਝਾੜੂਆਂ ਨਾਲ ਕੁੱਟਿਆ ਅਤੇ ਮੁੜ ਉਸ ਨੂੰ ਫੂਕ ਦਿੱਤਾ।
ਕੰਪਿਊਟਰ ਅਧਿਆਪਕਾਂ ਆਗੂਆਂ ਉਧਮ ਸਿਂਘ ਡੋਗਰਾ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਰਘੁਬੀਰ ਸਿੰਘ, ਨਾਇਬ ਸਿੰਘ,ਜਸਵਿੰਦਰ ਸਿੰਘ ਲੁਧਿਆਣਾ, ਬਵਲੀਨ ਕੌਰ,, ਹਰਪ੍ਰੀਤ ਸਾਹਨੇਵਾਲ, ਦਿਸ਼ਕਰਨ ਕੌਰ, ਰਵਿੰਦਰ ਕੌਰ, ਅੰਜੂ ਜੈਨ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਰਕਾਰ ਬਣਨ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਦੇਰੀ ਪੂਰਾ ਕਰਨ ਦੇ ਵਾਅਦੇ ਕਰਦੇ ਰਹੇ ਹਨ।
ਪਰ ਅੱਜ ਉਹ ਉਨਾਂ ਦੇ ਲਈ ਅੱਜ ਜਦੋਂ ਉਨਾਂ ਦਾ ਇੱਕ ਸਾਥੀ ਆਪਣੇ ਜਾਇਜ਼ ਹੱਕਾਂ ਦੀ ਬਹਾਲੀ ਦੇ ਲਈ ਮਰਨ ਵਰਤ ਤੇ ਬੈਠਾ ਹੈ ਤਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਨਾਲ ਹੋਈਆਂ ਦਰਜਨਾਂ ਮੀਟਿੰਗਾਂ ਦਾ ਸਿੱਟਾ ‘ਸਿਫਰ’ ਨਿਕਲਿਆ ਹੈ ਹਰ ਮੀਟਿੰਗ ਵਿੱਚ ਉਹਨਾਂ ਨੂੰ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਉਹਨਾਂ ਦੇ ਨਾਲ ਇੱਕ ਵਾਰ ਮੀਟਿੰਗ ਕਰਨਾ ਵੀ ਜਾਇਜ਼ ਨਹੀਂ ਸਮਝਿਆ। ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਸੰਘਰਸ਼ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਅਤੇ ਉਹ ਆਪਣੀ ਹੱਕਾਂ ਦੀ ਬਹਾਲੀ ਤੋਂ ਮਗਰੋਂ ਹੀ ਇਸ ਸੰਘਰਸ਼ ਨੂੰ ਵਿਰਾਮ ਦੇਣਗੇ।
ਕੰਪਿਊਟਰ ਅਧਿਆਪਕਾਂ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਉਹਨਾਂ ਦੀ ਸਿਰਫ ਇਹੋ ਮੰਗ ਹੈ ਕਿ ਉਹਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭਾ ਸਮੇਤ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਜਿਨਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਬਣਨ ਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ। ਕੰਪਿਊਟਰ ਅਧਿਆਪਕਾਂ ਨੇ ਸਰਕਾਰ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦੇ ਉਹਨਾਂ ਦੇ ਬਣਦੇ ਹੱਕ ਬਹਾਲ ਨਾ ਕੀਤੇ ਗਏ ਤਾਂ ਉਹ ਪੂਰੇ ਪੰਜਾਬ ਵਿੱਚ ਇੱਕ ਵਿਆਪਕ ਜਨ ਅੰਦੋਲਨ ਛੇੜਨਗੇ ਜਿਸ ਦੀ ਜਿੰਮੇਵਾਰੀ ਅਤੇ ਸਰਕਾਰ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਉਹਨਾਂ ਦੱਸਿਆ ਕਿ ਉਹ ਵਾਰੋ ਵਾਰੀ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਪਹੁੰਚ ਕੇ ਰੋਸ਼ ਪ੍ਰਦਰਸ਼ਨ ਕਰਨਗੇ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਨਾਲ ਹੋਏ ਧੋਖੇ ਸਬੰਧੀ ਜਾਣੂ ਕਰਵਾਉਣਗੇ ਅਤੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੋਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਸੂਬਾ ਆਗੂ ਆਗੂ ਫਕੀਰ ਸਿੰਘ ਟਿੱਬਾ, ਈਸ਼ਰ ਸਿੰਘ, ਅਸ਼ਵਨੀ ਕੁਮਾਰ, ਮਾਨਸਾ ਤੋ ਡੀਟੀਐਫ ਸਾਥੀ ,ਗੁਰਦਾਸਪੁਰ ਤੋਂ ਗੁਰਪਿੰਦਰ ਸਿੰਘ ਅਤੇ ਪਰਮਿੰਦਰ ਘੁਮਾਣ, ਫਾਜਲਿਕਾ ਜਿਲ੍ਹਾ ਪ੍ਰਧਾਨ ਸੱਤਿਆ ਸਰੂਪ,ਦੇ ਨਾਲ ਨਾਲ ਵੱਖ ਵੱਖ ਜਿਲਿਆਂ ਤੋ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜਰ ਸਨ।