ਗ਼ੈਰ ਵਾਜ਼ਿਬ ਇਤਰਾਜ਼ਾਂ ਨੂੰ ਤੁਰੰਤ ਹਟਾ ਕੇ ਲਾਭਪਾਤਰੀ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕੀਤੇ ਜਾਣ: ਢਾਬਾਂ, ਝੰਗੜਭੈਣੀ
ਕਿਰਤ ਵਿਭਾਗ ਵਿੱਚ ਖਾਲੀ ਪਈਆਂ ਇੰਸਪੈਕਟਰਾਂ ਅਤੇ ਕਲਰਕਾਂ ਦੀਆਂ ਤੁਰੰਤ ਅਸਾਮੀਆਂ ਭਰੀਆਂ ਜਾਣ
ਰਣਬੀਰ ਕੌਰ ਢਾਬਾਂ, ਫਾਜ਼ਿਲਕਾ
ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ( ਰਜਿ:) ਇਕਾਈ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਲਾਭਪਾਤਰੀ ਕਿਰਤੀਆਂ ਦੇ ਬੱਚਿਆਂ ਦੇ ਵਜ਼ੀਫੇ ਜਾਰੀ ਕਰਵਾਉਣ ਲਈ ਇੱਕ ਵਫਦ ਸਥਾਨਕ ਲੇਬਰ ਇੰਸਪੈਕਟਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਪ੍ਰਧਾਨ ਸ਼ਬੇਗ ਝੰਗੜਭੈਣੀ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਲਾਭਪਾਤਰੀ ਉਸਾਰੀ ਕਿਰਤੀਆਂ ਦੇ ਬੱਚਿਆਂ ਦੇ ਵਜ਼ੀਫੇ ਕਾਫੀ ਲੰਬੇ ਸਮੇਂ ਤੋਂ ਲਬਿੰਤ ਪਏ ਹਨ ਅਤੇ ਉਸਾਰੀ ਕਿਰਤੀਆਂ ਦੇ ਖ਼ਾਤੇ ਵਿੱਚ ਲੋਕ ਭਲਾਈ ਸਕੀਮ ਤਹਿਤ ਬਣਦੀ ਵਜੀਫ਼ਾ ਰਾਸ਼ੀ ਨਹੀਂ ਪਾਈ ਜਾ ਰਹੀ।
ਉਹਨਾਂ ਦੱਸਿਆ ਕਿ ਉਸਾਰੀ ਕਿਰਤੀਆਂ ਵੱਲੋਂ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ( ਰਜਿ:) ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਵੱਲੋਂ ਭਰੇ ਗਏ ਵਜ਼ੀਫ਼ਾ ਫਾਰਮਾ ‘ਤੇ ਬੇਲੋੜੇ ਅਤੇ ਗ਼ੈਰ ਵਾਜਿਬ ਇਤਰਾਜ਼ ਲਗਾਏ ਜਾਂਦੇ ਹਨ। ਇਹਨਾਂ ਇਤਰਾਜਾਂ ਰਾਹੀਂ ਕਿਰਤ ਵਿਭਾਗ ਵੱਲੋਂ ਦੱਸੀਆਂ ਗਈਆਂ ਕਮੀਆ ਨੂੰ ਉਸਾਰੀ ਕਿਰਤੀ ਲਾਭ ਪਾਤਰੀਆਂ ਵੱਲੋਂ ਦੂਰ ਕਰਨ ਦੇ ਬਾਵਜੂਦ ਉਨ੍ਹਾਂ ਦੇ ਵਜੀਫਿਆਂ ਦੇ ਫਾਰਮ ਪਾਸ ਕਰਕੇ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ।
ਯੂਨੀਅਨ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਜੇਕਰ ਲਗਾਤਾਰ ਖੱਜਲ ਖੁਆਰ ਹੋ ਰਹੇ ਉਸਾਰੀ ਕਿਰਤੀ ਵੱਲੋਂ ਕਿਸੇ ਪ੍ਰਾਈਵੇਟ ਵਿਅਕਤੀ ਕੋਲ ਜਾ ਕੇ ਰਿਸ਼ਵਤ ਦੇ ਰੂਪ ਵਿੱਚ ਮਜ਼ਬੂਰੀ ਵੱਸ ਪੈਸੇ ਦਿੱਤੇ ਜਾਂਦੇ ਹਨ, ਤਾਂ ਉਸ ਦੇ ਵਜੀਫ਼ਾ ਫਾਰਮਾਂ ਤੇ ਲੱਗੇ ਇਤਰਾਜ਼ ਵੀ ਤੁਰੰਤ ਦੂਰ ਹੋ ਜਾਂਦੇ ਹਨ ਅਤੇ ਵਜੀਫ਼ਾ ਰਾਸ਼ੀ ਵੀ ਉਸਾਰੀ ਕਿਰਤੀ ਦੇ ਖ਼ਾਤੇ ਵਿੱਚ ਤੁਰੰਤ ਜਾਰੀ ਕਰ ਦਿੱਤੀ ਜਾਂਦੀ ਹੈ। ਆਗੂਆਂ ਨੇ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਰਾਹੀਂ ਮੰਗ ਕਰਦੇ ਹੋਏ ਕਿਹਾ ਕਿ ਉਸਾਰੀ ਕਿਰਤੀਆ ਨੂੰ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਰਾਹੀਂ ਲਾਗੂ ਕਰਵਾਇਆ ਜਾਵੇ ਅਤੇ ਇਸ ਵਿੱਚ ਉਸਾਰੀ ਕਿਰਤੀਆਂ ਨੂੰ ਆ ਰਹੀਆ ਪਰੇਸ਼ਾਨੀਆਂ ਅਤੇ ਖੱਜਲ ਖ਼ੁਆਰੀ ਤੋਂ ਨਿਜ਼ਾਤ ਦਿਵਾਈ ਜਾਵੇ।
ਯੂਨੀਅਨ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਕਿਰਤ ਵਿਭਾਗ ਵਿੱਚ ਖਾਲੀ ਪਈਆਂ ਇੰਸਪੈਕਟਰਾਂ ਅਤੇ ਕਲਰਕਾਂ ਦੀਆਂ ਤੁਰੰਤ ਅਸਾਮੀਆਂ ਭਰੀਆਂ ਜਾਣ ਤਾਂ ਕਿ ਲਾਭਪਾਤਰੀਆਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਭਾਰੀ ਬੋਝ ਨਾਲ ਲੱਤਦੇ ਇੰਸਪੈਕਟਰ ਅਤੇ ਬਾਕੀ ਸਟਾਫ਼ ਨੂੰ ਵੀ ਠੀਕ ਕੰਮ ਕਰ ਸਕਣ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਮਹੀਨੇ ਦੇ ਅੰਦਰ ਅੰਦਰ ਲਾਭਪਾਤਰੀਆਂ ਦੇ ਜਾਇਜ ਮਸਲੇ ਹੱਲ ਨਾ ਕੀਤੇ ਗਏ, ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਮੰਗ ਪੱਤਰ ਦੇਣ ਮੌਕੇ ਉਹਨਾਂ ਦੇ ਨਾਲ ਹੋਰਾਂ ਤੋਂ ਇਲਾਵਾ ਸਗਨ ਸੰਤੋਖਾ,ਸੁਰਿੰਦਰ ਬਾਹਮਣੀ ਵਾਲਾ,ਅਸ਼ੋਕ ਢਾਬਾਂ ਅਤੇ ਅਕਾਸ਼ ਬਾਹਮਣੀ ਵਾਲਾ ਵੀ ਹਾਜ਼ਰ ਸਨ।