All Latest NewsNews FlashPunjab News

ਕੰਪਿਊਟਰ ਅਧਿਆਪਕ ‘ਭੁੱਖ ਹੜਤਾਲ ਸੰਘਰਸ਼ ਕਮੇਟੀ’ ਵੱਲੋਂ ਪੰਜਾਬ ਦੇ ਵਜ਼ੀਰ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਐਲਾਨ! DTF ਨੇ ਕੀਤੀ ਸੰਘਰਸ਼ ਦੀ ਹਮਾਇਤ

 

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸੰਘਰਸ਼ੀ ਹਿਮਾਇਤ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਭਰਵੀਂ ਸਮੂਲੀਅਤ ਦਾ ਐਲਾਨ

ਪੰਜਾਬ ਨੈੱਟਵਰਕ, ਚੰਡੀਗੜ੍ਹ

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ,ਮਹਿੰਦਰ ਕੌੜਿਆਂਵਾਲੀ (ਜਨਰਲ ਸਕੱਤਰ) ਅਤੇ ਅਸ਼ਵਨੀ ਅਵਸਥੀ (ਵਿੱਤ ਸਕੱਤਰ) ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ਿੰਗ ਕਰਵਾਉਣ ਅਤੇ ਮਹਿੰਗਾਈ ਭੱਤੇ ਸਮੇਤ ਛੇਵੇਂ ਪੰਜਾਬ ਪੇਅ ਕਮਿਸ਼ਨ ਦੇ ਬਾਕੀ ਲਾਭ ਲਿੰਕ ਕਰਵਾਉਣ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ 1 ਸਤੰਬਰ 2024 ਤੋਂ ਲਗਾਤਾਰ ਸੰਗਰੂਰ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲ ਦੇ ਰੂਪ ਵਿੱਚ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੀ ਢੀਠਤਾਈ ਕਾਰਨ ਬੀਤੀ 22 ਦਸੰਬਰ ਤੋਂ ਸੰਗਰੂਰ ਮੋਰਚੇ ਵਿੱਚ ਹੀ ਅਧਿਆਪਕ ਸਾਥੀ ਜੋਨੀ ਸਿੰਗਲਾ ‘ਮਰਨ ਵਰਤ’ਬੈਠੇ ਹਨ,ਜਿਸ ਨੂੰ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਜਬਰੀ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।

ਪੰਜਾਬ ਵਿੱਚ ਰਾਜ ਕਰ ਚੁੱਕੀਆਂ ਬਾਕੀ ਹਾਕਮ ਜਮਾਤ ਸਰਕਾਰਾਂ ਵਾਂਗ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਪਣੀ ਲੋਕ ਵਿਰੋਧੀ ਖਸਲਤ ਅਨੁਸਾਰ ਲਗਾਤਾਰ ਸਿੱਖਿਆ ਤੇ ਅਧਿਆਪਕ ਮਾਰੂ ਕਦਮਾਂ ‘ਤੇ ਅੱਗੇ ਵਧ ਰਹੀਂ ਹੈ। ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਵੀ ‘ਆਪ’ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵੱਡੇ ਵਾਅਦੇ ਤੇ ਇਸ ਦੇ ਸਿੱਖਿਆ ਮੰਤਰੀ ਦੇ ਐਲਾਨ ਵੀ ਫੋਕੇ ਸਾਬਿਤ ਹੋਏ ਹਨ। ਅਧਿਆਪਕਾਂ ਦੇ ਇਸ ਸੰਘਰਸ਼ ਪ੍ਰਤੀ ਸਰਕਾਰ ਵੱਲੋਂ ਅਪਣਾਈ ਬੇਸ਼ਰਮੀ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ।

ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਦੀ ਸਮੁੱਚੀ ਕੈਬਨਿਟ ਨੂੰ ਸੰਘਰਸ਼ੀ ਸੇਕ ਤੋਂ ਜਾਣੂ ਕਰਵਾਉਣ ਦੀ ਰਣਨੀਤੀ ਤਹਿਤ 11-01-2024 ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮਨਿਸਟਰ ਅਮਨ ਅਰੋੜਾ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਵੱਲੋਂ ਕੰਪਿਊਟਰ ਅਧਿਆਪਕਾਂ ਵੱਲੋਂ ਬਾਕਮਾਲ ਸਿਰੜ ਨਾਲ ਕੀਤੇ ਜਾ ਰਹੇ ਇਸ ਸੰਘਰਸ਼ ਦੀ ਪਿੱਠ ‘ਤੇ ਡਟਣ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਲਗਾਤਾਰ ਹਰ ਪੱਖੋਂ ਕੰਪਿਊਟਰ ਅਧਿਆਪਕਾਂ ਦੀ ਇਸ ਅਣਥੱਕ ਲੜਾਈ ਦਾ ਹਿੱਸਾ ਬਣਨ ਦਾ ਤਹਈਆ ਕੀਤਾ ਹੋਇਆ ਹੈ। ਸੁਨਾਮ ਵਿਖੇ ਹੋਣ ਵਾਲੇ ਕੰਪਿਊਟਰ ਅਧਿਆਪਕਾਂ ਦੇ ਰੋਸ ਮਾਰਚ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।

 

Leave a Reply

Your email address will not be published. Required fields are marked *