Punjab News: ਸੜਕ ਹਾਦਸੇ ‘ਚ ਕਾਲਜ ਪ੍ਰੋਫ਼ੈਸਰ ਦੀ ਮੌਤ
MLA ਰਾਜ ਸਿੰਘ ਖੇੜੀ ਅਤੇ ਹੋਰਨਾਂ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਤੇ ਪ੍ਰੀਵਾਰ ਨਾਲ ਹਮਦਰਦੀ ਜ਼ਾਹਰ
ਰਾਏਕੋਟ/ਲੁਧਿਆਣਾ
ਰਾਏਕੋਟ ਦੇ ਲੱਜਿਆਵਤੀ ਜੈਨ ਨਰਸਿੰਗ ਕਾਲਜ(ਜਲਾਲਦੀਵਾਲ)ਦੀ ਸਹਾਇਕ ਪ੍ਰੋਫੈਸਰ ਆਨੂਪ੍ਰਿਆ ਕੌਰ ਦੀ ਇੱਕ ਸੜਕ ਹਾਦਸੇ ‘ਚ ਬੇ-ਵਕਤ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਵੇਰੇ ਸੰਘਣੀ ਧੁੰਦ ‘ਚ ਪੀ.ਆਰ.ਟੀ.ਸੀ.ਦੀ ਬੱਸ-ਟਰੈਕਟਰ-ਟਰਾਲਾ ਅਤੇ ਕਈ ਹੋਰ ਵਾਹਨਾਂ ਦੀ ਆਪਸ ‘ਚ ਜਬਰਦਸਤ ਟੱਕਰ ਹੋ ਗਈ।
ਇਹ ਹਾਦਸਾ ਬਠਿੰਡਾ-ਬਰਨਾਲਾ-ਰਾਏਕੋਟ-ਲੁਧਿਆਣਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਵਜੀਦਕੇ ਕਲਾਂ ਦੇ ਨੇੜੇ ਵਾਪਰਿਆ। ਇਸ ਹਾਦਸੇ ‘ਚ ਪ੍ਰਫੈਸਰ ਅਨੂਪ੍ਰਿਆ ਕੌਰ ਨੂੰ ਕੁਲਹਿਣੀ ਮੌਤ ਨੇ ਡੱਸ ਲਿਆ।
ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਪ੍ਰੋਫੈਸਰ ਅਨੂਪ੍ਰਿਆ ਕੌਰ ਪੁੱਤਰੀ ਸੁਖਦੇਵ ਸਿੰਘ ਫੌਜੀ,ਖੇੜ੍ਹੀ ਕਲਾਂ(ਨੇੜੇ ਸ਼ੇਰਪੁਰ-ਕਾਤਰੋਂ), ਜ਼ਿਲਾ ਸੰਗਰੂਰ ਦੀ ਰਹਿਣ ਵਾਲੀ ਸੀ।
ਦਿਲ ਹਿਲਾ ਕੇ ਰੱਖ ਦੇਣ ਵਾਲੇ ਇਸ ਸੜਕ ਹਾਦਸੇ ‘ਚ ਮੌਤ ਦੇ ਮੂੰਹ ‘ਚ ਜਾ ਪਈ ਹੋਣਹਾਰ ਪ੍ਰੋਫ਼ੈਸਰ ਅਨੂ ਪ੍ਰਿਆ ਕੌਰ ਪੀ.ਐਚ.ਡੀ(Ph.D)ਕਰ ਰਹੀ ਸੀ। MLA ਰਾਜ ਸਿੰਘ ਖੇੜੀ ਅਤੇ ਹੋਰਨਾਂ ਆਗੂਆਂ ਵੱਲੋਂ ਪ੍ਰੋਫੈਸਰ ਅਨੂਪ੍ਰਿਆ ਕੌਰ ਦੀ ਸੜਕ ਹਾਦਸੇ ‘ਚ ਹੋਈ ਬੇ-ਵਕਤ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।