ਬੇਰੁਜ਼ਗਾਰਾਂ ਨੇ ਸਰਕਾਰੀ ਲਾਰੇ ਫੂਕੇ! ਸੰਘਰਸ਼ੀ ਲੋਹੜੀ ਮਨਾਉਂਦਿਆਂ ਕੀਤਾ ਰੋਸ ਮੁਜਾਹਰਾ
ਦਲਜੀਤ ਕੌਰ, ਸੰਗਰੂਰ
ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ (ਸਿਹਤ ਅਤੇ ਸਿੱਖਿਆ ਵਿਭਾਗ) ਦੇ ਬੈਨਰ ਹੇਠ ਮਾਸਟਰ ਕੇਡਰ, ਲੈਕਚਰਾਰ, ਆਰਟ ਐਂਡ ਕਰਾਫਟ ਅਤੇ ਮਲਟੀ ਪਰਪਜ਼ ਹੈਲਥ ਵਰਕਰਾਂ ਵੱਲੋਂ ਤਹਿਸ਼ੁਦਾ ਪ੍ਰੋਗਰਾਮ ਅਨੁਸਾਰ ਸੰਘਰਸ਼ੀ ਲੋਹੜੀ ਮਨਾਉਣ ਲਈ ਵੇਰਕਾ ਮਿਲਕ ਪਲਾਂਟ ਵਿਖੇ ਇਕੱਠੇ ਹੋਏ।
ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਵੱਲੋਂ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੰਦਰ ਦਾਖਲ ਹੋਕੇ ਪੰਜਾਬ ਸਰਕਾਰ ਦੇ ਲਾਰੇ ਫੂਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲੀਸ ਮੁਲਾਜ਼ਮਾਂ ਵੱਲੋਂ ਬੇਰੁਜ਼ਗਾਰਾਂ ਨੂੰ ਬੈਰੀਕੇਟ ਲਾਕੇ ਰੋਕ ਲਿਆ ਗਿਆ। ਇਸ ਦੌਰਾਨ ਬੇਰੁਜ਼ਗਾਰਾਂ ਵੱਲੋਂ ਇਥੇ ਹੀ ਸਰਕਾਰ ਦੇ ਲਾਰੇ ਫੂਕੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਸੰਘਰਸ਼ੀ ਲੋਹੜੀ ਮਨਾਈ ਗਈ।
ਮੋਰਚੇ ਦੇ ਆਗੂ ਹਰਜਿੰਦਰ ਸਿੰਘ ਝੁਨੀਰ, ਅਮਨਦੀਪ ਸਿੰਘ ਸੇਖਾ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਨੂੰ ਮੁੱਖ ਮੁੱਦਾ ਬਣਾਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਲਗਭਗ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਪਰੰਤੂ ਹਾਲੇ ਵੀ ਸਿਹਤ ਅਤੇ ਸਿੱਖਿਆ ਵਿੱਚ ਕੋਈ ਨਵੀਂ ਭਰਤੀ ਨਹੀ ਕੀਤੀ ਅਤੇ ਪੁਰਾਣੀਆਂ ਭਰਤੀਆਂ ਵੀ ਅੱਧਵਾਟੇ ਲਟਕ ਰਹੀਆਂ ਹਨ।
ਇਸ ਮੌਕੇ ਮਨਦੀਪ ਸਿੰਘ ਭੱਦਲਵੱਢ, ਅਵਤਾਰ ਸਿੰਘ ਭੁੱਲਰਹੇੜੀ, ਹਰਦਮ ਸਿੰਘ, ਹਰਪ੍ਰੀਤ ਸਿੰਘ ਸੰਗਰੂਰ, ਕਰਮਜੀਤ ਸਿੰਘ ਜਗਜੀਤ ਪੁਰਾ,ਗੁਰਪ੍ਰੀਤ ਸਿੰਘ ਧੂਰੀ, ਆਰਟਿਸਟ ਜਤਿੰਦਰ ਸਿੰਘ, ਹਾਜ਼ਰ ਸਨ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-
(1) ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।
(2) ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿੱਚ ਬਾਕੀ ਵਿਸ਼ਿਆਂ ਦੀਆਂ ਅਸਾਮੀਆਂ ਐਡ ਕਰਕੇ, ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।
(3) ਮਾਸਟਰ ਕੇਡਰ ਵਿੱਚ ਥੋਪੀ ਗਰੈਜੁਏਸ਼ਨ ਵਿੱਚੋ 55 ਪ੍ਰਤੀਸ਼ਤ ਲਾਜ਼ਮੀ ਅੰਕਾਂ ਵਾਲੀ ਬੇਤੁਕੀ ਸ਼ਰਤ ਰੱਦ ਕੀਤੀ ਜਾਵੇ।
(4) ਆਰਟ ਐਂਡ ਕਰਾਫਟ ਦੀਆਂ 250 ਜਾਰੀ ਅਸਾਮੀਆਂ ਦਾ ਤੁਰੰਤ ਲਿਖਤੀ ਪੇਪਰ ਲੈ ਕੇ ਭਰਤੀ ਮੁਕੰਮਲ ਕੀਤਾ ਜਾਵੇ।
(5) ਮਾਸਟਰ ਕੇਡਰ ਅਤੇ ਲੈਕਚਰਾਰ ਭਰਤੀ ਵਿੱਚ ਕੰਬੀਨੇਸ਼ਨ ਦਰੁਸਤ ਕੀਤੇ ਜਾਣ।
(6) ਸਿਹਤ ਵਿਭਾਗ ਵਿੱਚ ਖਾਲੀ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।