All Latest NewsNews FlashPunjab News

ਪਹਿਲਾ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ-2025

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਸਹਿਯੋਗ ਨਾਲ ਪਹਿਲਾ ਸੁਰਜੀਤ ਪਾਤਰ ਯਾਦਗਾਰੀ -2025 ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸ. ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰੋਫ਼ੈਸਰ ਕਰਮਜੀਤ ਸਿੰਘ, ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਦੀ ਲੋੜ ਹੈ। ਉਹਨਾਂ ਦੀ ਕਵਿਤਾ ਨੂੰ ਸਮੁੱਚਾ ਪੰਜਾਬ ਸਲਾਮ ਕਰਦਾ ਹੈ। ਉਹ ਨਵੀਨਤਮ ਤਕਨੀਕੀ ਰੁਝਾਨ ਮਸ਼ੀਨੀ ਬੁੱਧੀਮਤਾ ਵਿੱਚੋਂ ਮਾਨਵੀ ਕੀਮਤਾਂ ਦੇ ਮਨਫੀ ਹੋਣ ਕਾਰਨ ਕਾਫ਼ੀ ਚਿੰਤਿਤ ਸਨ।

ਉਹਨਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਡੂੰਘੀ ਦਿਲਚਸਪੀ ਸ਼ਲਾਘਾਯੋਗ ਹੈ।ਇਸ ਤੋਂ ਬਾਅਦ ਸ. ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬੀ ਕਵਿਤਾ ਨੂੰ ਨਵਾਂ ਰੂਪ ਦਿੱਤਾ। ਉਹਨਾਂ ਨੂੰ ਵਿਅੰਗ ਦੀ ਵਿਧਾ ਦੀ ਡੂੰਘੀ ਸਮਝ ਸੀ। ਅਸੀਂ ਇਸ ਉੱਤੇ ਮਾਣ ਕਰ ਸਕਦੇ ਹਾਂ ਕਿ ਜੇਕਰ ਅੰਗਰੇਜ਼ੀ ਭਾਸ਼ਾ ਵਿੱਚ ਕੀਟਸ ਵਰਗੇ ਕਵੀ ਹਨ ਤਾਂ ਪੰਜਾਬੀ ਭਾਸ਼ਾ ਕੋਲ ਪਾਤਰ ਸਾਹਿਬ ਸਨ। ਅਜਿਹੇ ਕਵੀਆਂ ਦੀ ਬਦੌਲਤ ਹੀ ਪੰਜਾਬੀ ਭਾਸ਼ਾ ਨਵੀਆਂ ਬੁਲੰਦੀਆਂ ਨੂੰ ਛੂਹ ਸਕਦੀ ਹੈ ਕਿਉਂਕਿ ਭਾਸ਼ਾਵਾਂ ਮਹਾਨ ਸਾਹਿਤਕਾਰਾਂ ਦੇ ਸਿਰ ਉੱਤੇ ਹੀ ਜ਼ਿੰਦਾ ਰਹਿੰਦੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਪਾਤਰ ਸਾਹਿਬ ਨੂੰ ਕਵਿਤਾ ਦੇ ਖੇਤਰ ਵਿੱਚ ਆਪਣਾ ਰਹਿਨੁਮਾ ਮੰਨਦੇ ਸਨ। ਉਹਨਾਂ ਇਸ ਮੌਕੇ ਉੱਤੇ ਪਾਤਰ ਸਾਹਿਬ ਦੀ ਪ੍ਰੇਰਣਾ ਨਾਲ ਲਿਖੀ ਸਵੈ ਰਚਿਤ ਕਵਿਤਾ ਪੱਗ ਵੀ ਸਰੋਤਿਆਂ ਨਾਲ ਸਾਂਝੀ ਕੀਤੀ।

ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ “ਸੁਰਜੀਤ ਪਾਤਰ ਸਾਹਿਬ ਦੇ ਨਾਮ ਉੱਤੇ ਐਥੀਕਲ ਆਰਟੀਫਿਸ਼ਲ ਇੰਟੈਲੀਜੈਂਸ ਕੇਂਦਰ” ਦੀ ਸਥਾਪਨਾ ਦਾ ਐਲਾਨ ਕੀਤਾ ਅਤੇ ਨਵੇਂ ਪੁੰਗਰਦੇ ਕਵੀਆਂ ਲਈ ਭਵਿੱਖ ਵਿੱਚ “ਸੁਰਜੀਤ ਪਾਤਰ ਯਾਦਗਾਰੀ ਸਨਮਾਨ” ਦਾ ਆਰੰਭ ਕਰਨ ਦੀ ਵੀ ਘੋਸ਼ਣਾ ਕੀਤੀ। ਮੁੱਖ ਮੰਤਰੀ ਪੰਜਾਬ ਵੱਲੋਂ ਸੁਰਜੀਤ ਪਾਤਰ ਸਾਹਿਬ ਦੇ ਧਰਮ ਪਤਨੀ ਸ੍ਰੀਮਤੀ ਭੁਪਿੰਦਰ ਕੌਰ ਪਾਤਰ, ਭਰਾ ਉਪਕਾਰ ਸਿੰਘ, ਭੈਣ ਬਲਬੀਰ ਕੌਰ ਅਤੇ ਸਪੁੱਤਰ ਮਨਰਾਜ ਪਾਤਰ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ। ਉਹਨਾਂ ਇਸ ਮੌਕੇ ਉੱਤੇ ਉਹਨਾਂ ਅਮਰਜੀਤ ਗਰੇਵਾਲ ਰਚਿਤ ਸੁਰਜੀਤ ਪਾਤਰ ਜੀ ਨਾਲ ਸਬੰਧਤ ਇੱਕ ਪੁਸਤਕ “Poetic Truth : Journeying with Surjit Patar” ਦਾ ਵੀ ਲੋਕ ਅਰਪਣ ਕੀਤਾ। ਸੁਰਜੀਤ ਪਾਤਰ ਯਾਦਗਾਰੀ ਭਾਸ਼ਣ, ਉੱਘੇ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸੁਰਜੀਤ ਪਾਤਰ ਸਾਹਿਬ ਨੋਬਲ ਪੁਰਸਕਾਰ ਜਿੱਤਣ ਦੀ ਕਾਬਲੀਅਤ ਰੱਖਦੇ ਸਨ ਕਿਉਂਕਿ ਉਹ ਇਸ ਸਦੀ ਦੇ ਭਵਿੱਖ ਦੇ ਕਵੀ ਸਨ।

ਅਜੋਕੇ ਮਸ਼ੀਨੀ ਬੁੱਧੀਮਤਾ ਦੇ ਯੁੱਗ ਵਿੱਚ ਕੇਵਲ ਨੈਤਿਕਤਾ ਹੀ ਇਨਸਾਨੀਅਤ ਦਾ ਬਚਾਓ ਕਰ ਸਕਦੀ ਹੈ। ਪਾਤਰ ਸਾਹਿਬ ਦੀ ਕਵਿਤਾ ਏਸੇ ਇਨਸਾਨੀਅਤ ਦੀ ਗੱਲ ਕਰਦੀ ਹੈ। ਇਸ ਸਮਾਗਮ ਵਿੱਚ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੇ ਕਾਵਿ-ਰੰਗ ਪ੍ਰੋਗਰਾਮ ਦੇ ਅੰਤਰਗਤ ਕਾਵਿ-ਰਚਨਾਵਾਂ ਦੇ ਮਾਧਿਅਮ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਸਵਰਨਜੀਤ ਸਵੀ,ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਨੇ ਸਿਰਜਣ ਪ੍ਰਕ੍ਰਿਆ ਦੇ ਪਲਾਂ ਨੂੰ ਅੰਕਿਤ ਕਰਦੀ ਕਵਿਤਾ “ਨਾਚੀ ਤੇ ਨਾਚ” ਦੇ ਕਵਿਤਾ ਪਾਠ ਰਾਹੀਂ ਪਾਤਰ ਸਾਹਿਬ ਨੂੰ ਯਾਦ ਕੀਤਾ। ਇਸ ਤੋਂ ਬਾਅਦ ਜਸਵੰਤ ਜ਼ਫ਼ਰ,ਡਾਇਰੈਕਟਰ , ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ਪਾਤਰ ਸਾਹਿਬ ਦੀ ਸ਼ਖ਼ਸੀਅਤ ਦੀਆਂ ਵਿਭਿੰਨ ਪਰਤਾਂ ਫਰੋਲਦੀ ਕਵਿਤਾ ਸਰੋਤਿਆਂ ਦੇ ਸਨਮੁੱਖ ਰੱਖੀ। ਉਹਨਾਂ ਕਿਹਾ ਕਿ ਪਾਤਰ ਸਾਹਿਬ ਅਕਾਲ ਚਲਾਣੇ ਤੋਂ ਬਾਅਦ ਤਾਰਾ ਨਹੀਂ ਬਲਕਿ ਪੂਰੇ ਬ੍ਰਹਿਮੰਡ ਦੀ ਗੂੰਜ ਬਣ ਗਏ ਹਨ।

ਨਾਮਵਰ ਕਵੀ ਡਾ. ਮਨਮੋਹਨ ਸਿੰਘ (ਆਈ. ਪੀ. ਐੱਸ) ਨੇ ਮਿਥਿਹਾਸਿਕ ਪ੍ਰਸੰਗ ਨਾਲ ਸਬੰਧਤ ਪਾਤਰ ਸਾਹਿਬ ਨੂੰ ਸਮਰਪਿਤ ਕਵਿਤਾ ਦਰਸ਼ਕਾਂ ਸਾਹਮਣੇ ਰੱਖੀ। ਇਸ ਤੋਂ ਬਾਅਦ ਸ੍ਰੀ ਅਸ਼ਵਨੀ ਚੈਟਲੇ ਨੇ ਕਿਹਾ ਕਿ ਪਾਤਰ ਸਾਹਿਬ ਦੀ ਸਮੁੱਚੀ ਸ਼ਖ਼ਸੀਅਤ ਹੀ ਸੰਗੀਤਮਈ ਸੀ ਜਿਸਨੂੰ ਅੱਜ ਦੇ ਦੌਰ ਵਿੱਚ ਸੰਭਾਲਣ ਦੀ ਲੋੜ ਹੈ। ਉਹਨਾਂ ਵਾਅਦਾ ਕੀਤਾ ਕਿ ਉਹ ਇਸ ਵਾਸਤੇ 500 ਕਰੋੜ ਦੀ ਲਾਗਤ ਨਾਲ ਸੁਰਜੀਤ ਪਾਤਰ ਸਭਿਆਚਾਰਕ ਸੈਂਟਰ ਦਾ ਨਿਰਮਾਣ ਕਰਨਗੇ। ਡਾ. ਆਤਮ ਰੰਧਾਵਾ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਨੇ ਕਿਹਾ ਕਿ ਪਾਤਰ ਸਾਹਿਬ ਨੇ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਨੂੰ ਵਿਸਾਰਨਾ ਮੁਮਕਿਨ ਨਹੀਂ। ਸ੍ਰੀਮਤੀ ਭੁਪਿੰਦਰ ਕੌਰ, ਧਰਮ ਪਤਨੀ ਸ੍ਰੀ ਸੁਰਜੀਤ ਪਾਤਰ, ਨੇ ਕਿਹਾ ਕਿ ਉਹ ਪਾਤਰ ਸਾਹਿਬ ਨੂੰ ਸਮਰਪਿਤ ਇਸ ਉਪਰਾਲੇ ਲਈ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਪਾਤਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵਿਤਾ ਵੀ ਸਰੋਤਿਆਂ ਨੂੰ ਸੁਣਾਈ। ਇਸ ਉਪਰੰਤ ਕਲਾ ਪਰਿਸ਼ਦ ਦੇ ਉਪ-ਚੇਅਰਮੈਨ ਅਤੇ ਨਾਮਵਰ ਆਲੋਚਕ ਡਾ. ਯੋਗਰਾਜ ਨੇ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਰਚਨਾ ਵਿਸ਼ੇ ਉੱਤੇ ਭਾਸ਼ਣ ਦਿੱਤਾ। ਉਹਨਾਂ ਕਿਹਾ ਕਿ ਸੁਰਜੀਤ ਪਾਤਰ ਸਾਹਿਬ ਹਮੇਸ਼ਾਂ ‘ਸੁਰਜੀਤ’ ਹੀ ਰਹਿਣਗੇ।

ਇਸ ਮੌਕੇ ਉੱਤੇ ਪ੍ਰਮੁੱਖ ਸ਼ਖ਼ਸੀਅਤਾਂ ਪ੍ਰੋਫ਼ੈਸਰ ਕਰਮਜੀਤ ਸਿੰਘ,ਅਮਰਜੀਤ ਗਰੇਵਾਲ,ਸਵਰਨਜੀਤ ਸਵੀ,ਡਾ. ਜਸਵੰਤ ਜ਼ਫ਼ਰ,ਡਾ. ਮਨਮੋਹਨ,ਸ੍ਰੀ ਅਸ਼ਵਨੀ ਚੈਟਲੇ,ਡਾ. ਆਤਮ ਰੰਧਾਵਾ,ਡਾ. ਯੋਗਰਾਜ,ਬਿਕਰਮਜੀਤ ਸਿੰਘ ਰਬਾਬੀ, ਮੈਡਮ ਅਨੁਜੋਤ ਕੌਰ, ਸ੍ਰੀ ਨੀਲੇ ਖਾਨ, ਡਾ. ਮਨਜਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਫੁੱਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਸਿਧਾਰਥ ਵੱਲੋਂ ਸੁਰਜੀਤ ਪਾਤਰ-ਕਾਵਿ ਦੀ ਕੈਲੀਗਰਾਫੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਸਮਾਗਮ ਦੇ ਸੰਗੀਤਕ ਸੈਸ਼ਨ ਵਿਚ ਬਿਕਰਮਜੀਤ ਸਿੰਘ ਰਬਾਬੀ ਵੱਲੋਂ ਕੀਤੇ ਗਏ ਰਬਾਬ ਵਾਦਨ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਨਾਲ ਹੀ ਉਸਤਾਦ ਨੀਲੇ ਖਾਨ, ਮਨਰਾਜ ਪਾਤਰ, ਉਪਕਾਰ ਸਿੰਘ ਅਤੇ ਅਨੁਜੋਤ ਕੌਰ ਵੱਲੋਂ ਸੁਰਜੀਤ ਪਾਤਰ ਦੀਆਂ ਕਾਵਿ-ਰਚਨਾਵਾਂ ਦੇ ਕੀਤੇ ਗਾਇਨ ਨੇ ਇਹਨਾਂ ਨੂੰ ਹੋਰ ਵੀ ਵਧੇਰੇ ਅਰਥ ਭਰਪੂਰ ਬਣਾ ਦਿੱਤਾ l ਮੰਚ ਦਾ ਖ਼ੂਬਸੂਰਤ ਸੰਚਾਲਨ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਬਲਜੀਤ ਰਿਆੜ ਵੱਲੋਂ ਕੀਤਾ ਗਿਆ। ਧੰਨਵਾਦ ਦਾ ਪ੍ਰਸਤਾਵ ਡਾ. ਯੋਗਰਾਜ ਨੇ ਪੇਸ਼ ਕੀਤਾ।

 

Leave a Reply

Your email address will not be published. Required fields are marked *