Punjab News: ਪੰਜਾਬ ਨੂੰ ਜੰਗਲ ਰਾਜ ਨਹੀਂ ਬਣਨ ਦੇਵਾਂਗੇ: ਲਿਬਰੇਸ਼ਨ
ਮਾਨਸਾ
ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ਾ ਤਸਕਰਾਂ ਦੇ ਨਸ਼ਈ ਗੁੰਡਾ ਗਰੋਹ ਵੱਲੋਂ ਪਿੰਡ ਦੇ ਕਈ ਮਜ਼ਦੂਰ ਪਰਿਵਾਰਾਂ ਦੇ ਘਰਾਂ ਤੇ ਕੀਤੇ ਕਾਤਲਾਨਾ ਤੇ ਵਹਿਸ਼ੀ ਹਮਲੇ ਦਾ CPIML ਲਿਬਰੇਸ਼ਨ ਜ਼ੋਰਦਾਰ ਵਿਰੋਧ ਕਰਦੀ ਹੈ ਤੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕਰਦੀ ਹੈ ।
ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ CPIML ਲਿਬਰੇਸ਼ਨ ਦੇ ਜ਼ਿਲ੍ਹਾ ਇੰਚਾਰਜ ਕਾਮਰੇਡ ਰਾਜਿੰਦਰ ਸਿਵੀਆਂ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਅਮੀ ਲਾਲ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ ਨੇ ਕਿਹਾ ਕਿ ਅਜਿਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਆਮ ਆਦਮੀ ਪਾਰਟੀ ਦੁਆਰਾ ਇਨਕਲਾਬ ਤੇ ਬਦਲਾਅ ਜਿਹੇ ਝੂਠੇ ਨਾਅਰਿਆਂ ਨਾਲ ਬਣਾਈ ਸਰਕਾਰ ਦੇ ਰਾਜ ਚ ਨਸ਼ਾ ਤਸਕਰਾਂ ਦੇ ਗੁੰਡਾ ਗਰੋਹ ਸ਼ਰੇਆਮ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਕੇ ਪੰਜਾਬ ਨੂੰ ਜੰਗਲ ਰਾਜ ਬਣਾਉਣ ਲਈ ਯਤਨਸ਼ੀਲ ਹਨ ਪਰ ਪੰਜਾਬ ਦੇ ਜਮਹੂਰੀਅਤ ਪਸੰਦ ਲੋਕ ਇਸਨੂੰ ਬਰਦਾਸ਼ਤ ਨਹੀਂ ਕਰਨਗੇ ।
ਆਗੂਆਂ ਵੱਲੋਂ ਇਸ ਘਟਨਾ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਤੇ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਬਣਾਈ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਨਾਲ ਮਜ਼ਬੂਤੀ ਨਾਲ ਖੜਨ ਦਾ ਐਲਾਨ ਕੀਤਾ ਤੇ ਗੁੰਡਾਗਰਦੀ ਤੇ ਨਸ਼ਾ ਤਸ਼ਕਰਾਂ ਵਿਰੁੱਧ ਜ਼ੋਰਦਾਰ ਲਹਿਰ ਖੜ੍ਹੀ ਕਰਨ ਦਾ ਐਲਾਨ ਕੀਤਾ ਤੇ ਪੁਲਸ ਵੱਲੋਂ ਇਸ ਗੁੰਡਾ ਕਾਰਵਾਈ ਨੂੰ ਦੋ ਧਿਰਾਂ ਦੇ ਆਪਸੀ ਟਕਰਾਅ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ।
ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਇਸ ਘਟਨਾ ਨੂੰ ਲੈਕੇ 13 ਜਨਵਰੀ ਨੂੰ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੂੰ ਮਿਲਣ ਲਈ ਪਹੁੰਚਣ ਦੇ ਸੱਦੇ ਤਹਿਤ ਸਮੂਹ ਇਨਸਾਫਪਸੰਦ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਪੰਜਾਬ ਪੱਧਰ ਦਾ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ।