All Latest NewsNews FlashPunjab News

ਪੰਜਾਬ ਸਰਕਾਰ ਦਾ ਵੱਡਾ ਫੈਸਲਾ! 1400 ਹੋਰ ਖੋਲ੍ਹੇ ਜਾਣਗੇ ਨਵੇਂ ਆਂਗਣਵਾੜੀ ਸੈਂਟਰ

 

ਪੰਜਾਬ ਨੈੱਟਵਰਕ, ਬਠਿੰਡਾ

ਧੀਆਂ ਸਾਡੇ ਘਰ ਦੀ ਰੌਣਕ ਹੁੰਦੀਆਂ ਹਨ, ਧੀਆਂ ਤੋਂ ਬਗੈਰ ਘਰ ਦਾ ਵੇਹੜਾ ਵੀ ਸੁੰਨਾ ਲਗਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ “ਧੀਆਂ ਦੀ ਲੋਹੜੀ” ਵੂਮੈਨ ਸਿਹਤ ਚੈਕਅਪ ਅਤੇ ਜਾਗਰੂਕਤਾ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਡੀ.ਆਈ.ਜੀ.  ਹਰਜੀਤ ਸਿੰਘ, ਐਸ.ਐਸ.ਪੀ ਮੈਡਮ ਅਮਨੀਤ ਕੌਂਡਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਲੋਹੜੀ ਬਾਲ ਕੇ ਖੁਸ਼ੀ ਸਾਂਝੀ ਕੀਤੀ ਗਈ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੇ “ਧੀਆਂ ਦੀ ਲੋਹੜੀ” ਵੂਮੈਨ ਸਿਹਤ ਚੈਕਅਪ ਅਤੇ ਜਾਗਰੂਕਤਾ ਕੈਂਪ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕੱਠ ਸੂਬੇ ਭਰ ਦੀਆਂ ਮਹਿਲਾਵਾਂ ਲਈ ਸ਼ੁਭ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਚ ਧੀਆਂ ਦੀ ਗੱਲ ਅਤੇ ਔਰਤਾਂ ਦੀ ਸਿਹਤ ਵੱਲ ਧਿਆਨ ਦਿੰਦਿਆਂ ਹੈਲਥ ਚੈਕਅਪ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਕਾਬਲੇ ਤਰੀਫ਼ ਹੈ। ਇਸ ਸਿਹਤ ਚੈਕਅਪ ਦੌਰਾਨ ਜੇਕਰ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਸਮੇਂ-ਸਿਰ ਇਲਾਜ਼ ਕਰਵਾਕੇ ਸਾਡੀਆਂ ਮਹਿਲਾਵਾਂ ਰਿਸਟ-ਪੁਸ਼ਟ ਰਹਿ ਸਕਣਗੀਆਂ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਹਰ ਪੱਖੋਂ ਮਰਦਾਂ ਦੇ ਬਰਾਬਰ ਰੱਖਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਔਰਤਾਂ ਹਰ ਖੇਤਰ ਵਿੱਚ ਵਿਸ਼ਾਲ ਮੱਲਾਂ ਮਾਰ ਰਹੀਆਂ ਹਨ। ਔਰਤਾਂ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਉਨ੍ਹਾਂ ਤੋਂ ਵੀ ਅਗਾਂਹ ਵੱਖ-ਵੱਖ ਖਿੱਤਿਆਂ ਵਿੱਚ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਭਰ ਚ 1400 ਹੋਰ ਨਵੇਂ ਆਂਗਣਵਾੜੀ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਸੈਲਫ਼ ਹੈਲਪ ਗਰੁੱਪਾਂ ਦੁਆਰਾ ਲਗਾਈਆਂ ਵੱਖ-ਵੱਖ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਉਨ੍ਹਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਦੌਰਾਨ ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਵਲੋਂ ਲਗਾਈਆਂ ਗਈਆਂ ਸਟਾਲਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਦਾ ਟੈਲੈਂਟ ਦੇਖ ਕੇ ਹੋਰ ਔਰਤਾਂ ਵੀ ਅਜਿਹੇ ਆਪਣੇ ਕੰਮਾਂ ਵਿੱਚ ਰੁਚੀ ਦਿਖਾਉਂਦਿਆਂ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਸਕਣਗੀਆਂ।

ਉਨ੍ਹਾਂ ਮਹਿਲਾਵਾਂ ਨੂੰ ਅਪੀਲ ਤੇ ਸੁਚੇਤ ਕਰਦਿਆਂ ਇਹ ਵੀ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਵਧੀਆ ਅਦਾਰਾ ਹੈ, ਜਿੱਥੇ ਔਰਤਾਂ ਵੱਲੋਂ ਆਪਣੇ ਨਾਲ ਹੋਈ ਵਧੀਕੀ ਸਬੰਧੀ ਨਿਆਂ ਲਿਆ ਜਾ ਸਕਦਾ ਹੈ। ਇਸ ਸਮਾਗਮ ਦੀ ਸ਼ੁਰੂਆਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਧਾਰਮਿਕ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਇਸੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫ਼ੀਆਂ, ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੰਗੜਾ, ਭਾਸ਼ਾ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਨਾਟਿਅਮ ਗਰੁੱਪ ਦੇ ਕਲਾਕਾਰਾਂ ਵੱਲੋਂ ਪੰਜਾਬੀ ਨਾਟਕ “ਬੱਸ ਹੁਣ ਹੋਰ ਨਹੀਂ”, ਗੁਰੂ ਹਰਕ੍ਰਿਸ਼ਨ ਸਕੂਲ, ਸਿਲਵਰ ਓਕਸ ਸਕੂਲ ਅਤੇ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।

ਇਸ ਦੌਰਾਨ ਮਿਊਜਿਕ ਟੀਚਰ ਬਲਕਰਨ ਸਿੰਘ ਵੱਲੋਂ ਦੁੱਲੇ ਭੱਟੀ ਦੀ ਗਾਥਾ ਅਤੇ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਰੁਨਦੀਪ ਨੇ ਲੋਕ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਅਸ਼ੀਰਵਾਦ ਸਕੀਮ ਤਹਿਤ 196 ਨਵ-ਵਿਆਹੁਤਾ ਨੂੰ 51-51 ਹਜ਼ਾਰ ਰੁਪਏ ਦੇ ਸੈਕਸ਼ਨ ਪੱਤਰ, ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ 11 ਖਿਡਾਰਨਾਂ ਨੂੰ ਪ੍ਰਸੰਸਾ ਪੱਤਰ, ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ 11 ਵਿਦਿਆਰਥਣਾਂ ਨੂੰ ਟਰੈਕ ਸੂਟ, ਮੈਰੀਟੋਰੀਅਸ ਸਕੂਲ ਦੇ ਗਿਆਰਾਂ ਬੱਚਿਆਂ ਨੂੰ ਸਕੂਲੀ ਬੈਗ, 31 ਨਵਜੰਮੇ ਬੱਚਿਆਂ ਨੂੰ ਸੂਟ ਅਤੇ ਉਨ੍ਹਾਂ ਦੀਆਂ ਮਾਤਾਂਵਾਂ ਨੂੰ ਸ਼ਾਲ, 50 ਵਿਧਵਾ ਔਰਤਾਂ ਨੂੰ ਬਿਜਲੀ ਵਾਲੇ ਚੁੱਲ੍ਹਿਆਂ ਤੋਂ ਇਲਾਵਾ ਵਿਭਾਗ ਦੀਆਂ ਸੁਪਰਵਾਈਜਰਾਂ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ, ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਰੋਜ਼ਗਾਰ ਵਿਭਾਗ ਦੁਆਰਾ ਲਗਾਏ ਗਏ ਕੈਂਪ ਮੌਕੇ ਵੱਖ-ਵੱਖ ਕੰਪਨੀਆਂ ਦੁਆਰਾ 26 ਬੇਰੁਜ਼ਗਾਰ ਨੌਜਵਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਡਾ. ਜੀਵਨਜੋਤ ਕੌਰ, ਡਾ. ਬੰਧਨਾ, ਡਾ. ਰੀਤਿਕਾ, ਡਿਪਟੀ ਮਾਸ ਮੀਡੀਆ ਅਫਸ਼ਰ ਮਲਕੀਤ ਕੌਰ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਡਾ. ਕ੍ਰਿਤੀ ਵੱਲੋਂ ਆਪੋ-ਆਪਣੇ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

 

Leave a Reply

Your email address will not be published. Required fields are marked *