ਵੱਡੀ ਖ਼ਬਰ: ਪੰਜਾਬ ਦੇ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਵੱਲੋਂ ‘ਪੰਜਾਬ ਨਿਕਾਲੇ’ ਦੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸੱਤਾ ਵਿੱਚ ਆਉਣ ਲਈ ਭਰੋਸੇ ਦਿਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਨੇ ਮੰਗਾਂ ਪ੍ਰਵਾਨ ਨਾਂ ਕਰਨ ਦੀ ਸੂਰਤ ’ਚ ਪੰਜਾਬ ਚੋਂ ਤੜੀਪਾਰ ਕਰਨ ਦੀ ਮੰਗ ਰੱਖੀ ਹੈ।
ਜਥੇਬੰਦੀ ਦੀ ਦਲੀਲ ਹੈ ਕਿ ਭਾਵੇਂ ਆਈ.ਈ.ਵਲੰਟੀਅਰਾਂ (ਸਪੈਸ਼ਲ ਬੀਐੱਡ ਪਾਸ) ਨੂੰ 15 ਹਜ਼ਾਰ ਤੇ ਪੱਕੇ ਕਰਕੇ ਆਈਈਏਟੀ ਦਾ ਨਾਮ ਦੇ ਕੇ ਸੂਬੇ ਅੰਦਰ ਵਾਹਵਾ ਖੱਟੀ ਹੈ ਪਰ ਸਾਡੀਆਂ ਸਪੈਸ਼ਲ ਬੀਐੱਡ ਵਿੱਦਿਅਕ ਯੋਗਤਾਵਾਂ ਨੂੰ ਅੱਖੋ-ਪਰੋਖੇ ਕਰਕੇ ਸਾਡੇ ਨਾਲ ਧੋਖਾ ਵੀ ਕੀਤਾ ਹੈ।
ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ ਰਾਏਕੋਟ ਤੇ ਸੂਬਾ ਕਨਵੀਨਰ ਆਸ਼ਾ ਰਾਣੀ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਲੈਕੇ ਆਓ ਤਾਂ ਤੁਹਾਡੀਆਂ ਵਿੱਦਿਅਕ ਯੋਗਤਾਵਾਂ ਦੇ ਆਧਾਰ ਤੇ ਤੁਹਾਨੂੰ ਪੱਕਾ ਕਰਨ ਦੇ ਨਾਲ ਤਨਖਾਹਾਂ ਵੀ ਉਸੇ ਹਿਸਾਬ ਨਾਲ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਅਫਸੋਸ ਕਿ ਨਾ ਹੀ ਸਾਡੀ ਸਪੈਸ਼ਲ ਬੀਐੱਡ ਵਿੱਦਿਅਕ ਯੋਗਤਾ ਜੋੜੀ ਗਈ ਹੈ ਤੇ ਨਾ ਹੀ ਉਸ ਮੁਤਾਬਕ ਤਨਖਾਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਨੇ ਸੁਪਰੀਮ ਕੋਰਟ ’ਚ ਸਪੈਸ਼ਲ ਐਜੂਕੇਟਰ ਸਬੰਧੀ ਚੱਲ ਰਹੇ ਕੇਸ’ ਚ ਇੱਕ ਹਲਫੀਆ ਬਿਆਨ ਦੇਕੇ ਇਹ ਦੱਸਿਆ ਹੈ ਕਿ ਵਿਭਾਗ ਨੇ 89 ਆਈਈਏਟੀ ਸਪੈਸ਼ਲ ਐਜੂਕੇਟਰ ਲਾਏ ਗਏ ਹਨ।
ਜਦਕਿ ਹਾਲੇ ਤੱਕ ਆਈਈਏਟੀ ਵਿੱਚੋਂ ਕੋਈ ਵੀ ਸਪੈਸ਼ਲ ਐਜੂਕੇਟਰ ਨਹੀਂ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਵਿਭਾਗ ਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਵੀ ਮਸਲੇ ਦਾ ਹੱਲ ਨਹੀਂ ਹੋ ਸਕਿਆ ਹੈ।
ਉਨ੍ਹਾਂ ਕਿਹਾ ਕਿ 15-15 ਸਾਲ ਉਹ ਵਿਭਾਗ ਨੂੰ ਦੇ ਚੁੱਕੇ ਹਨ ਜਦ ਤੱਕ ਲਾਭ ਦੀ ਗੱਲ ਦਿਖੇਗੀ ਤਦ ਤੱਕ ਉਮਰ ਲੰਘ ਜਾਵੇਗੀ । ਉਨ੍ਹਾਂ ਕਿਹਾ ਕਿ ਬਹੁਤ ਆਈਈਏ ਅਧਿਆਪਕ ਤਾਂ ਸੇਵਾਮੁਕਤ ਵੀ ਹੋ ਚੁੱਕੇ ਹਨ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਜੇਕਰ ਸਾਡੀਆਂ ਵਿੱਦਿਅਕ ਯੋਗਤਾਵਾਂ ਜੋੜਕੇ ਸਾਨੂੰ ਬਣਦਾ ਲਾਭ ਨਹੀਂ ਦੇ ਸਕਦੇ ਤਾਂ ਸਾਨੂੰ ’ਪੰਜਾਬ ਨਿਕਾਲਾ’ ਦੇ ਦਿਓ ਤਾਂ ਜੋ ਅਸੀਂ ਸਮਝ ਸਕੀਏ ਕਿ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣਾ ਤੇ ਆਪਣੀਆਂ ਹੱਕੀ ਮੰਗਾਂ ਮੰਨਣਾ ਪੰਜਾਬ ਵਿੱਚ ਗਲਤ ਹੈ।