ਅਹਿਮ ਖ਼ਬਰ: ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਹੋਈ ਮੀਟਿੰਗ, ਰੈਗੂਲਰ ਕਰਨ ਦਾ ਮਿਲਿਆ ਭਰੋਸਾ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ
ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਕਰ ਰਹੇ ਹਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ
ਜੇਕਰ ਸਰਕਾਰ ਨੇ ਸਿੱਖਿਆ ਵਿਭਾਗ ਰੈਗੂਲਰ ਕਰਨ ਵਿੱਚ ਹੋਰ ਦੇਰੀ ਕੀਤੀ ਤਾਂ ਕਰਾਂਗੇ ਤਿੱਖਾ ਸੰਘਰਸ਼ : ਸੀਨੀਅਰ ਮੀਤ ਪ੍ਰਧਾਨ : ਡਾ. ਟੀਨਾ
ਸਰਕਾਰ ਪਿਛਲੇ ਸਮੇਂ ਦੇ ਰੁਕੇ ਹੋਏ ਬਕਾਏ ਤੇ ਤਨਖ਼ਾਹ ਵਾਧੇ ਜਲਦ ਜਾਰੀ ਕਰੇ : ਜਨਰਲ ਸਕੱਤਰ ਡਾ. ਅਜੇ ਕੁਮਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੰਘਰਸ਼ ਦੇ ਰਾਹ ਪਈ ਹੋਈ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਪੈੱਨਲ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਸਕੱਤਰ ਕੇ.ਕੇ. ਯਾਦਵ ਤੇ ਵਿੱਤ ਸਕੱਤਰ ਦੀ ਮੌਜੂਦਗੀ ਦੌਰਾਨ ਹੋਈ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗ ਰੱਖੀ ਕਿ ਮੈਰੀਟੋਰੀਅਸ ਟੀਚਰਜ਼ ਦੀ ਚਿਰਾਂ ਤੋਂ ਲਟਕਦੀ ਹੋਈ ਮੰਗ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਪੂਰੀ ਕੀਤੀ ਜਾਵੇ।
ਜਿਸ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕਰਕੇ ਯੂਨੀਅਨ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਸਿੱਖਿਆ ਮੰਤਰੀ ਦੇ ਨਾਲ-ਨਾਲ ਸਿੱਖਿਆ ਸਕੱਤਰ ਕੇ.ਕੇ.ਯਾਦਵ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਜਲਦ ਸਰਕਾਰ ਵੱਲੋਂ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾ ਰਿਹਾ ਹੈ।
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਵੱਲੋਂ ਪੂਰਨ ਭਰੋਸਾ ਦਿਵਾਇਆ ਗਿਆ ਹੈ ਕਿ ਜਲਦ ਅਸੀਂ ਮੈਰੀਟੋਰੀਅਸ ਟੀਚਰਾਂ ਦੀ ਰੈਗੂਲਰ ਦੀ ਮੰਗ ਪੂਰੀ ਕਰ ਰਹੇ ਹਾਂ, ਇਹ ਯੂਨੀਅਨ ਦੀ ਅੰਸ਼ਿਕ ਜਿੱਤ ਹੈ , ਜੇਕਰ ਸਰਕਾਰ ਵੱਲੋਂ ਹੋਰ ਦੇਰੀ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਦੇ ਪਿਛਲੇ ਸਮੇਂ ਤੋਂ ਰੁਕੇ ਹੋਏ ਤਨਖਾਹ ਵਾਧੇ ਤੇ ਪਿਛਲੇ ਬਕਾਏ ਜਾਰੀ ਕੀਤੇ ਜਾਣ ਜਿਸ ਤੇ ਸਿੱਖਿਆ ਮੰਤਰੀ ਦੀ ਹਾਜ਼ਰੀ ਵਿੱਚ ਸਿੱਖਿਆ ਸਕੱਤਰ ਤੇ ਵਿੱਤ ਵਿਭਾਗ ਵੱਲੋਂ ਵੀ ਆਪਣੀ ਸਹਿਮਤੀ ਪ੍ਰਗਟ ਕੀਤੀ ਗਈ, ਕਿ ਜਲਦ ਉਹਨਾਂ ਦੀ ਇਹ ਮੰਗ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਮੀਟਿੰਗ ਵਿੱਚ ਡੀ.ਜੀ.ਐੱਸ.ਈ ਵਿਨੈ ਬੁਬਲਾਨੀ ਤੇ ਮੈਰੀਟੋਰੀਅਸ ਸੁਸਾਇਟੀ ਦੇ ਸਹਾਇਕ ਡਾਇਰੈਕਟਰ ਬਲਵਿੰਦਰ ਸੈਣੀ ਤੇ ਮੈਰੀਟੋਰੀਅਸ ਯੂਨੀਅਨ ਦੇ ਸੂਬਾ ਆਗੂ ਬੂਟਾ ਸਿੰਘ ਮਾਨ ਤੇ ਐਸ਼ਪ੍ਰੀਤ ਕੌਰ ਵੀ ਹਾਜ਼ਰ ਰਹੇ।