Punjab News: ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ ‘ਤੇ…!

All Latest NewsNews FlashPunjab News

 

ਦਲਜੀਤ ਕੌਰ, ਸੰਗਰੂਰ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਤਾਲਮੇਲ ਕਮੇਟੀ ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੇ ਖ਼ਿਲਾਫ਼, ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਅਤੇ ਦਿੱਲੀ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਮਨਵਾਉਣ ਲਈ ਪੂਰੇ ਦੇਸ਼ ਭਰ ਵਿੱਚ 26 ਜਨਵਰੀ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਤਹਿਸੀਲ ਪੱਧਰ ਤੇ ਟਰੈਕਟਰ ਪਰੇਡ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਉਧਮ ਸਿੰਘ ਸੰਤੋਖਪੁਰਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜਿਆਣਾ ਅਤੇ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਖਜਾਨਚੀ ਸਤਨਾਮ ਸਿੰਘ ਕਿਲ੍ਹਾ ਭਰੀਆਂ, ਬੀਕੇਯੂ ਡਕੌਂਦਾ ਧਨੇਰ ਦੇ ਆਗੂ ਬਹਾਦਰ ਸਿੰਘ ਦੁੱਗਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸੁਖਵੰਤ ਸਿੰਘ ਗੁੱਡੂ ਨੇ ਦੱਸਿਆ ਕਿ ਜੋ ਦਿੱਲੀ ਵਿਖੇ ਇਤਿਹਾਸਿਕ ਅੰਦੋਲਨ ਲੜ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਇਆ ਗਿਆ ਸੀ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਖੇਤੀ ਮੰਡੀਕਰਨ ਨੀਤੀ ਉਨ੍ਹਾਂ ਕਾਨੂੰਨਾਂ ਦਾ ਹੀ ਨਵਾਂ ਅਤੇ ਖਤਰਨਾਕ ਰੂਪ ਹੈ।

ਇਸ ਨੀਤੀ ਰਾਹੀਂ ਕੇਂਦਰ ਸਰਕਾਰ ਖੇਤੀ ਜਿਣਸਾਂ ਲਈ ਮਲਟੀਲੈਵਲ ਮਾਰਕੀਟਿੰਗ ਪਾਲਿਸੀ ਦੇ ਨਾਂ ਹੇਠ ਪ੍ਰਾਈਵੇਟ ਵਪਾਰੀਆਂ ਅਤੇ ਕੰਪਨੀਆਂ ਨੂੰ ਖੇਤੀ ਜਿਣਸਾਂ ਖਰੀਦਣ ਦੀ ਖੁੱਲ੍ਹ ਅਤੇ ਭਾਰੀ ਰਿਆਇਤਾਂ ਦੇ ਕੇ ਸਰਕਾਰੀ ਮੰਡੀਕਰਨ ਢਾਂਚਾ ਕਾਰਪੋਰੇਟ ਹਵਾਲੇ ਕਰਨਾ ਚਾਹੁੰਦੀ ਹੈ ਜੋ ਕਿਸਾਨਾਂ ਨੂੰ ਮਿਲਦੀ ਐਮਐਸਪੀ ਖਤਮ ਕਰਕੇ ਮੰਡੀਕਰਨ ਸਿਸਟਮ ਦਾ ਦੀ ਤਬਾਹੀ ਦਾ ਰਾਹ ਹੈ। ਜਿਸ ਨਾਲ ਮੰਡੀਕਰਨ ਸਿਸਟਮ ਨਾਲ ਜੁੜੇ ਕਿਸਾਨ, ਮਜ਼ਦੂਰ, ਆੜਤੀ ਸਮੇਤ ਸਾਰੇ ਵਰਗ ਬੇਰੁਜ਼ਗਾਰ ਹੋ ਜਾਣਗੇ ਅਤੇ ਖੇਤੀ ਖੇਤਰ ਤੇ ਕਾਰਪੋਰੇਟ ਦਾ ਸਿੱਧਾ ਕਬਜ਼ਾ ਹੋ ਜਾਵੇਗਾ।

ਇਸੇ ਤਰ੍ਹਾਂ ਦਿੱਲੀ ਅੰਦੋਲਨ ਦੀ ਸਮਾਪਤੀ ਸਮੇਂ ਕੇਂਦਰ ਸਰਕਾਰ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਸਮੇਤ ਹੋਰ ਮੰਗਾਂ ਲਿਖਤੀ ਰੂਪ ਵਿੱਚ ਮੰਨੀਆਂ ਸਨ, ਪਰ ਉਹਨਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਹੈ। ਇਹਨਾਂ ਮਾਮਲਿਆਂ ਸਬੰਧੀ ਪੂਰੇ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਆਪੋ ਆਪਣੇ ਟਰੈਕਟਰਾਂ ਰਾਹੀਂ 26 ਜਨਵਰੀ ਨੂੰ ਤਹਿਸੀਲ ਕੇਂਦਰਾਂ ਤੇ ਪਰੇਡ ਕਰਨਗੇ। ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੰਗਰੂਰ, ਧੂਰੀ, ਸੁਨਾਮ, ਭਵਾਨੀਗੜ੍ਹ, ਦਿੜ੍ਹਬਾ, ਲਹਿਰਾ, ਮੂਣਕ ਸਮੇਤ ਸਬ-ਤਹਿਸੀਲ ਲੌਂਗੋਵਾਲ ਤੇ ਸ਼ੇਰਪੁਰ ਵਿਖੇ ਵੀ ਟਰੈਕਟਰ ਪਰੇਡਾਂ ਕੀਤੀਆਂ ਜਾਣਗੀਆਂ।

ਅੱਜ ਦੀ ਮੀਟਿੰਗ ਵਿੱਚ ਇਨਾਂ ਦੀ ਤਿਆਰੀ ਸਬੰਧੀ ਡਿਊਟੀਆਂ ਲਾਈਆਂ ਗਈਆਂ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਿਲ ਕਰਾਉਣ ਦਾ ਟੀਚਾ ਮਿਥਿਆ ਗਿਆ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਦਰਸ਼ਨ ਸਿੰਘ ਕੁੰਨਰਾਂ, ਮਲਕੀਤ ਸਿੰਘ ਬਹਾਦਰਪੁਰ, ਕਸ਼ਮੀਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਬਹਾਦਰਪੁਰ, ਬੁੱਧ ਸਿੰਘ ਬਾਲਦ ਖੁਰਦ ਸਮੇਤ ਕਿਸਾਨ ਆਗੂ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *