ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਸੰਗਰੂਰ ‘ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਕੋਠੀ ਦੇ ਘਿਰਾਓ ਦਾ ਐਲਾਨ
ਲਗਾਤਾਰ ਪੈੱਨਲ ਮੀਟਿੰਗਾਂ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿੱਚ ਦੇਰੀ ਕਿਓਂ – ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ
ਸਰਕਾਰ ਨੇ ਪਿਛਲੇ ਸਮੇਂ ਦੇ ਬਕਾਏ ਤੇ ਤਨਖ਼ਾਹ ਵਾਧੇ ਵੀ ਰੋਕੇ , ਪਿਛਲੇ 10 ਸਾਲਾਂ ਵਿੱਚ ਸਿਰਫ਼ 2326 ਰੁਪਏ ਹੀ ਵਧੇ – ਡਾ. ਅਜੈ ਕੁਮਾਰ ਜਨਰਲ ਸਕੱਤਰ
ਪੰਜਾਬ ਨੈੱਟਵਰਕ, ਸੰਗਰੂਰ
ਲਗਾਤਾਰ ਚੰਗੇ ਨਤੀਜੇ ਦੇਣ ਦੇ ਬਾਵਜੂਦ ਵੀ ਮੈਰੀਟੋਰੀਅਸ ਅਧਿਆਪਕਾ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ, ਚੇਤੇ ਰਹੇ ਇਸ ਵਾਰ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਵਿੱਚੋਂ 320 ਮੈਰਿਟ ਹੋਲਡਰ ਵਿਦਿਆਰਥੀਆਂ ਵਿੱਚੋਂ 86 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਦੇ ਹਨ ਤੇ ਦੂਜੇ ਪਾਸੇ ਪ੍ਰਤੀਯੋਗੀ ਪ੍ਰੀਖਿਆਵਾਂ 243 ਮੈਰੀਟੋਰੀਅਸ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਤੇ 118 ਵਿਦਿਆਰਥੀਆਂ ਨੇ ਜੇ. ਈ ਦੀ ਪ੍ਰੀਖਿਆ ਪਾਸ ਕੀਤੀ ਹੈ ਹਰ ਪੱਖੋਂ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਬਿਹਤਰ ਰਹੇ ਹਨ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ 18/1/25 ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੈੱਨਲ ਮੀਟਿੰਗ ਹੋਈ , ਇਹ ਮੀਟਿੰਗ ਵਿੱਚ ਸਿੱਖਿਆ ਸਕੱਤਰ ਕੇ .ਕੇ ਯਾਦਵ ਅਤੇ ਡੀਜੀਐੱਸਈ ਵਿਨੈ ਕੁਮਾਰ ਬੁਬਲਾਨੀ ਤੇ ਸਹਾਇਕ ਡਾਇਰੈਕਟਰ ਹਾਜ਼ਰ ਸਨ, ਇਸ ਮੀਟਿੰਗ ਵਿਚ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਵਾਇਆ ਗਿਆ ਸੀ ਕਿ ਤੁਹਾਨੂੰ ਬਹੁਤ ਜਲਦੀ ਸਿੱਖਿਆ ਵਿਭਾਗ ਚ ਰੈਗੂਲਰ ਕੀਤਾ ਜਾਏਗਾ ਅਤੇ ਤੁਹਾਡੇ ਰੁਕੇ ਹੋਏ ਸਲਾਨਾ ਵਾਧੇ ਜਾਰੀ ਕਰ ਦਿੱਤੇ ਜਾਣਗੇ।
ਇਸ ਸੰਬੰਧੀ ਸਾਲਾਨਾ ਵਾਧੇ ਸਬੰਧੀ ਪੱਤਰ ਮੰਗਲਵਾਰ ਨੂੰ ਮਿਤੀ 21/1/25 ਤੱਕ ਜਾਰੀ ਕਰਨ ਦਾ ਯਕੀਨ ਦਵਾਇਆ ਗਿਆ ਸੀ। ਪਰ ਹਾਲੇ ਤੱਕ ਸਰਕਾਰ ਵੱਲੋ ਕੋਈ ਵੀ ਪੱਤਰ ਜਾਰੀ ਨਾ ਕੀਤੇ ਜਾਣ ਕਰਕੇ ਅਧਿਆਪਕਾ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ 25/01/25 ਸ਼ਨੀਵਾਰ ਸ਼ਾਮ 4 ਵਜੇ ਸ਼ਾਮ ਵਿੱਤ ਮੰਤਰੀ ਹਰਪਾਲ ਚੀਮਾ ਦੀ ਸੰਗਰੂਰ ਵਿਖੇ ਕੋਠੀ ਦਾ ਘਿਰਾਓ ਕਰਨ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਲਗਾਤਾਰ ਇਹੀ ਪ੍ਰਚਾਰ ਕਰਦੀ ਰਹੀ ਹੈ ਕਿ ਉਹ ਸਿੱਖਿਆ ਤੇ ਸਿਹਤ ਦੇ ਸੁਧਾਰਾਂ ਲਈ ਪਹਿਲ ਆਧਾਰਿਤ ਕਾਰਜ ਕਰ ਰਹੀ ਹੈ , ਪਰ ਚਿਰਾਂ ਤੋਂ ਲਟਕਦੀ ਮੰਗ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ, ਚਿਰਾਂ ਤੋਂ ਲਟਕਦੇ ਤਨਖ਼ਾਹ ਵਾਧਿਆਂ ਸੰਬੰਧੀ ਮੰਗਾਂ ਤੇ ਸਰਕਾਰ ਵੱਲੋ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਨੇ ਸਪੱਸ਼ਟ ਕੀਤਾ ਕਿ ਜੇਕਰ ਵਿੱਤ ਮੰਤਰੀ ਵੱਲੋਂ ਲਿਖਤੀ ਉਪਰੋਕਤ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਏਗਾ ਤੇ ਜਨਤਾ ਸਾਹਮਣੇ ਸਰਕਾਰ ਦੀ ਖੋਟ ਨੀਤੀ ਦਾ ਪ੍ਰਚਾਰ ਕੀਤਾ ਜਾਏਗਾ , ਜਨਰਲ ਸਕੱਤਰ ਡਾ.ਅਜੈ ਸ਼ਰਮਾ ਨੇ ਕਿਹਾ ਕਿ ਹੁਣ ਟਾਲਮਟੋਲ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਰਕਾਰ ਨੇ ਤਨਖ਼ਾਹ ਵਾਧੇ ਤੇ ਪਿਛਲੇ ਬਕਾਏ ਵੀ ਰੋਕ ਕੇ ਰੱਖੇ ਹਨ , ਪਿਛਲੇ 10 ਸਾਲਾਂ ਵਿੱਚ ਸਿਰਫ਼ 2326 ਹੀ ਰੁਪਏ ਹੀ ਵਧਣੇ ਮੈਰੀਟੋਰੀਅਸ ਟੀਚਰਾਂ ਨਾਲ ਕੋਝਾ ਮਜ਼ਾਕ ਹੈ ਜੇ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵੱਲੋਂ ਦਿੱਲੀ ਵਿੱਚ ਜਾ ਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਵੀ ਪ੍ਰਚਾਰ ਕੀਤਾ ਜਾਵੇਗਾ, ਸਿੱਟੇ ਵੱਜੋਂ ਸਰਕਾਰ ਨੂੰ ਦਿੱਲੀ ਚੋਣ ਨਤੀਜਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇਗਾ।