ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਧਿਆਪਕ ਭਰਤੀ ਬਾਰੇ ਜਾਰੀ ਕੈਲੰਡਰ ਸਿਰਫ਼ ਐਲਾਨ ਬਣ ਕੇ ਰਹਿ ਗਿਆ!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਈ ਟੀ ਟੀ ਦੀਆਂ ਅਸਾਮੀਆਂ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਰਿਹਾਇਸ਼ ਅੱਗੇ ਬੀਤੇ ਦਿਨ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਸੂਬਾਈ ਆਗੂਆਂ ਵੱਲੋਂ ਕੇਡਰ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋ ਕਿ ਸਿੱਖਿਆ ਦੇ ਏਜੰਡੇ ਨੂੰ ਵਰਤ ਕੇ ਸੱਤਾ ਵਿਚ ਆਈ ਸੀ।
ਪਰ ਸੱਤਾ ਸੰਭਾਲਦੇ ਹੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਪਿਛਲੇ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੂਦ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਧਿਆਪਕ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ।
ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨੇ ਜ਼ੋ ਅਧਿਆਪਕ ਭਰਤੀ ਦਾ ਕੈਲੰਡਰ ਜਾਰੀ ਕਰਕੇ ਹਰ ਸਾਲ ਅਧਿਆਪਕ ਭਰਤੀ ਕਰਨ ਦਾ ਐਲਾਨ ਕੀਤਾ ਸੀ ਉਹ ਸਿਰਫ਼ ਐਲਾਨ ਬਣਕੇ ਰਹਿ ਗਿਆ ਹੈ।
ਸਰਕਾਰ ਦੀ ਇਸ ਬੇਰੁਖ਼ੀ ਦਾ ਸ਼ਿਕਾਰ ਬੇਰੁਜ਼ਗਾਰ ਅਧਿਆਪਕ ਹੋ ਰਹੇ ਹਨ ਤੇ ਲਗਾਤਾਰ ਨਿਰਾਸ਼ਾ ਵੱਲ ਜਾ ਰਹੇ ਹਨ। ਆਗੂਆਂ ਨੇ ਵੱਧ ਤੋਂ ਵੱਧ ਕੇਡਰ ਨੂੰ ਯੂਨੀਅਨ ਨਾਲ ਜੁੜਨ ਦੀ ਅਪੀਲ ਕੀਤੀ ਗਈ ਤਾਂ ਜ਼ੋ ਬਣਦੇ ਹੱਕ ਸਰਕਾਰ ਤੋਂ ਪ੍ਰਾਪਤ ਕੀਤੇ ਜਾ ਸਕਣ।
ਇਸ ਧਰਨੇ ਸਮੁੱਚੇ ਈ ਟੀ ਟੀ ਕੇਡਰ ਤੋਂ ਇਲਾਵਾ ਸੂਬਾਈ ਕਮੇਟੀ ਪ੍ਰਧਾਨ ਪਰਮਜੀਤ ਸਿੰਘ ,ਸੂਬਾ ਆਗੂ ਬਲਵੰਤ ਸ਼ਾਹਪੁਰ, ਪ੍ਰੈੱਸ ਸਕੱਤਰ ਰਾਜਦੀਪ ਸਿੰਘ, ਗੁਰਜੀਤ ਸਿੰਘ ਮਾਨਸਾ, ਨਵਦੀਪ ਬੱਲੀ ਜਸਵੀਰ ਸੇਖੋਂ ਤੇ ਮਨਪ੍ਰੀਤ ਕੌਰ,ਹਰਦੀਪ ਕੌਰ ਅਤੇ ਸਿਮਰ ਆਦਿ ਹਾਜ਼ਰ ਰਹੇ।