8ਵੀਂ ਜਮਾਤ ਦੇ ਰਜਿਸਟ੍ਰੇਸ਼ਨ ‘ਚ ਸੋਧ ਸਬੰਧੀ ਪ੍ਰੋਫਾਰਮੇ ਆਨਲਾਈਨ ਜਾਂ ਖੇਤਰੀ ਦਫਤਰਾਂ ‘ਚ ਹੀ ਪ੍ਰਾਪਤ ਕੀਤੇ ਜਾਣ – ਮਾਸਟਰ ਕੇਡਰ ਯੂਨੀਅਨ
ਪੰਜਾਬ ਨੈੱਟਵਰਕ, ਸ਼੍ਰੀ ਮੁਕਤਸਰ ਸਾਹਿਬ –
ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸੁਖਰਾਜ ਸਿੰਘ ਬੁੱਟਰ, ਗੁਰਸੇਵਕ ਸਿੰਘ ਬਰਾੜ, ਸਰਪ੍ਰਸਤ ਕੁਲਜੀਤ ਸਿੰਘ ਮਾਨ ਅਤੇ ਖਜ਼ਾਨਚੀ ਗੁਰਮੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਵੀਂ ਜਮਾਤ ਵਾਲੇ ਰਜਿਸਟ੍ਰੇਸ਼ਨ ਨੰਬਰ ਕੰਟੀਨਿਊ ਰੱਖਣ ਦੀ ਥਾਂ ਆਪਣੇ ਪੱਧਰ ਤੇ ਨਵੇਂ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਦਿੱਤੇ ਗਏ ਹਨ ਜਿਸਦਾ ਭਾਂਡਾ ਬੋਰਡ ਹੁਣ ਸਕੂਲਾਂ ਸਿਰ ਭੰਨ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ।
ਇਸਦੇ ਇਲਾਵਾ ਬੋਰਡ ਵਲੋਂ ਕਿਹਾ ਜਾ ਰਿਹਾ ਹੈ ਇਸਦੀ ਸੋਧ ਕਰਕੇ 31 ਜਨਵਰੀ ਤੱਕ ਇਸਦੀ ਹਾਰਡ ਕਾਪੀ ਬੋਰਡ ਦੇ ਦਫ਼ਤਰ ਜਮਾਂ ਕਰਵਾਈ ਜਾਵੇ ਇਸਤੋਂ ਬਾਦ ਜੁਰਮਾਨਾ ਪਾ ਦਿੱਤਾ ਜਾਵੇਗਾ ਜੋ ਕਿ ਵਿਦਿਆਰਥੀਆਂ ਨਾਲ ਅਨਿਆ ਹੋਵੇਗਾ। ਜੇਕਰ ਬੋਰਡ ਵਾਕਿਆ ਹੀ ਸੁਹਿਰਦ ਹੈ ਤਾਂ ਸੋਧ ਤਾਂ ਸਕੂਲਾਂ ਵਲੋਂ ਆਨਲਾਈਨ ਭਰ ਦਿੱਤੀ ਜਾਵੇਗੀ ਪਰੰਤੂ ਬੋਰਡ ਵਲੋਂ ਇਸਦੀ ਹਾਰਡ ਕਾਪੀ ਬੋਰਡ ਦੇ ਖੇਤਰੀ ਦਫ਼ਤਰ ਵਿੱਚ ਜਮਾਂ ਕਰਵਾ ਲਈ ਜਾਵੇ ਤਾਂ ਜੋ ਪੂਰੇ ਪੰਜਾਬ ਦੇ ਅਧਿਆਪਕਾਂ ਨੂੰ ਮੋਹਾਲੀ ਜਾਣ ਦੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਬੋਰਡ ਦਾ ਕੰਮ ਵੀ ਸੌਖਾਲਾ ਹੋ ਜਾਵੇਗਾ।
ਇਸਦੇ ਨਾਲ ਹੀ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਜੋ ਸੋਧ ਆਨਲਾਈਨ ਕੀਤੀ ਜਾਂਦੀ ਹੈ ਬੋਰਡ ਵਲੋਂ ਬਹੁਤ ਸਮਾਂ ਬੀਤਣ ਤੱਕ ਉਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ ਇਸਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ।
ਮਾਸਟਰ ਕੇਡਰ ਯੂਨੀਅਨ ਪੰਜਾਬ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਇਸ ਮਸਲੇ ਤੇ ਜਲਦੀ ਗੌਰ ਕਰਨ ਦੀ ਮੰਗ ਕਰਦੀ ਹੈ ਅਤੇ ਜਲਦੀ ਤੋਂ ਜਲਦੀ ਇਸਦੇ ਨਿਪਟਾਰੇ ਲਈ ਆਸਵੰਦ ਹੈ। ਇਸ ਮੌਕੇ ਇਸ ਸਮੇਂ ਹੋਰਨਾ ਤੋ ਇਲਾਵਾ ਕੁਲਦੀਪ ਸਿੰਘ ਹੈੱਡਮਾਸਟਰ,ਮਲਕੀਤ ਸਿੰਘ ਕੋਟਲੀ, ਗੁਰਪ੍ਰੀਤ ਦੁੱਗਲ,ਇੰਦਰਜੀਤ ਸਿੰਘ,ਚੰਦਰਪਾਲ ਲੰਬੀ,ਸੁਖਮੰਦਰ ਸਿੰਘ, ਅੰਗਰੇਜ਼ ਸਿੰਘ, ਸੁਖਪਾਲ ਸਿੰਘ, ਗੁਰਜੀਤ ਸਿੰਘ, ਸੁਖਦਰਸ਼ਨ ਸਿੰਘ ਅਤੇ ਬਲਰਾਜ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।