All Latest NewsNews FlashPunjab News

Punjab News: ਕੰਪਿਊਟਰ ਅਧਿਆਪਕਾਂ ਵੱਲੋਂ ਅਧੂਰਾ ਡੀ.ਏ ਜਾਰੀ ਕਰਨ ਵਿਰੁੱਧ ਵੱਡਾ ਪ੍ਰਦਰਸ਼ਨ

 

ਕਿਹਾ- ਸਰਕਾਰ ਨੇ ਉਨ੍ਹਾਂ ਦਾ ਸੰਘਰਸ਼ ਖਤਮ ਕਰਨ ਲਈ ਕੋਝੀ ਚਾਲ ਚੱਲੀ,ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕੰਪਿਊਟਰ ਦਾ ਭਵਿੱਖ ਮਿੱਟੀ ਚ ਮਿਲਾਇਆ – ਆਗੂ

ਪੰਜਾਬ ਨੈੱਟਵਰਕ, ਗੁਰਦਾਸਪੁਰ:

ਪੰਜਾਬ ਭਰ ਦੇ ਕੰਪਿਊਟਰ ਕੰਪਿਊਟਰ ਅਧਿਆਪਕਾਂ ਵੱਲੋਂ 1 ਸਤੰਬਰ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਕੀਤੀ ਜਾ ਰਹੀ ਲਗਾਤਾਰ ਭੁੱਖ ਹੜਤਾਲ ਅਤੇ 3 ਜਨਵਰੀ ਤੋਂ ਜਾਰੀ ਮਰਨ ਵਰਤ ਦੇ ਚਲਦੇ ਸਰਕਾਰ ਨਾਲ ਚੱਲੇ ਵੱਖ ਵੱਖ ਮੀਟਿੰਗਾਂ ਦੇ ਦੌਰ ਤੋਂ ਬਾਅਦ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਤੇ ਅਧੂਰਾ ਮਹਿੰਗਾਈ ਭੱਤੇ (ਡੀ.ਏ.) ਵਧਾਉਣ ਦਾ ਪੱਤਰ ਜਾਰੀ ਕਰ ਦਿਤਾ ਗਿਆ ਹੈ ਜਿਸ ਨੂੰ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦਾ ਧੋਖਾ ਕਰਾਰ ਦਿੰਦੇ ਹੋਏ ਇਸ ਨੂੰ ਮਰਨ ਵਰਤ ਤੇ ਬੈਠੇ ਅਧਿਆਪਕਾਂ ਦੇ ਨਾਲ ਕੋਝਾ ਮਜ਼ਾਕ ਅਤੇ ਉਨ੍ਹਾਂ ਦਾ ਸੰਘਰਸ਼ ਖਤਮ ਕਰਨ ਦੇ ਲਈ ਸਰਕਾਰ ਦੀ ਕੋਝੀ ਚਾਲ ਦੱਸਿਆ ਹੈ।

ਸਰਕਾਰ ਵੱਲੋਂ ਜਾਤੀ ਇਸ ਅਧੂਰੇ ਮਹਿੰਗਾਈ ਭੱਤੇ (ਡੀਏ) ਦੇ ਵਿਰੋਧ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਮੋਹਾਲੀ ਵਿਖੇ ਸਿੱਖਿਆ ਦਫਤਰ ਦੇ ਅੱਗੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਹਜਾਰਾਂ ਦੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਜ਼ਬਰਦਸਤ ਨਾਅਰੇਬਾਜ਼ੀ ਅਤੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਰੋਸ਼ ਪ੍ਰਦਰਸ਼ਨ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਭੁੱਖ ਹੜਤਾਲ਼ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਸਿੱਖਿਆ ਸਕੱਤਰ ਨਾਲ ਵੀ ਹੋਈ ਜਿਸਨੂੰ ਆਗੂਆਂ ਨੇ ਬੇਸਿੱਟਾ ਕਰਾਰ ਦਿੱਤਾ।

ਕੰਪਿਊਟਰ ਅਧਿਆਪਕਾਂ ਦੇ ਵਿਰੋਧ ਵਿਚ ਕਾਰਵਾਈਆਂ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂਆਂ ਕਿ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਕੁਮਾਰ, ਰਣਜੀਤ ਸਿੰਘ, ਨਰਦੀਪ, ਗਗਨਦੀਪ ਸਿੰਘ, ਕਰਮਜੀਤ ਪੁਰੀ, ਮਨਦੀਪ ਸਿੰਘ ਤੂਰ, ਕੁਲਦੀਪ ਸਿੰਘ, ਲਖਬੀਰ ਸਿੰਘ ਲੱਕੀ, ਪ੍ਰਦੀਪ ਸ਼ਰਮਾ ਇੰਦਰਜੀਤ ਸਿੰਘ, ਅੰਕਿਤਾ, ਪਲਵਿੰਦਰ ਸਿੰਘ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ, ਅਸ਼ੋਕ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਹੋਈਆਂ ਵੱਖ ਵੱਖ ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਾਲ 2021 ਤੋਂ ਰੁਕੇ ਡੀ.ਏ ਨੂੰ ਅਨ-ਰਿਵਾਇਜ਼ਡ ਫ਼ਾਰਮੂਲੇ ਤਹਿਤ ਸਟੇਟ ਨਾਲ ਜੋੜ ਕੇ ਅਨ-ਰਿਵਾਇਜਡ ਸਕੇਲਾ ਉੱਤੇ ਬਣਦੇ ਡੀ.ਏ ਲਾਗੂ ਕਰਨ ਦੀ ਸਹਿਮਤੀ ਦਿੱਤੀ ਗਈ ਸੀ।

ਪ੍ਰੰਤੂ ਅੱਜ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਦੇ ਉਲਟ ਡੀ.ਏ ਦਾ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਬਿਨਾਂ ਕਿਸੇ ਨਿਯਮ ਦੇ ਉੱਕਾ-ਪੁੱਕਾ ਵਾਧਾ ਕੀਤਾ ਗਿਆ ਹੈ। ਜਿਸ ਨੂੰ ਪੂਰੇ ਕੰਪਿਊਟਰ ਅਧਿਆਪਕ ਵਰਗ ਵੱਲੋਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਉਨ੍ਹਾਂ ਦੇ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਅਤੇ ਵੱਖ ਵੱਖ ਮੰਗਾਂ ਤੇ ਸਹਿਮਤੀ ਬਣਨ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਦੇ ਵਿਰੋਧ ਵਿਚ ਕਾਰਵਾਈਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕੰਪਿਊਟਰ ਅਧਿਆਪਕ ਵਿਰੋਧੀ ਕਾਰਵਾਈਆਂ ਨਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

ਆਪਣੇ ਵਾਅਦਿਆਂ ਤੋਂ ਮੁਕਰੀ ‘ਆਪ’ ਦੀ ਸੀਨੀਅਰ ਲੀਡਰਸ਼ਿਪ

ਕੰਪਿਊਟਰ ਅਧਿਆਪਕਾਂ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੁਆਰਾ ਅੱਜ ਬਿਨਾਂ ਸਿਰ ਪੈਰ ਵਾਲੇ ਡੀ.ਏ. ਦਾ ਪੱਤਰ ਜਾਰੀ ਕਰ ਕੇ ਕੰਪਿਊਟਰ ਅਧਿਆਪਕਾਂ ਵਰਗ ਨੂੰ ਠੇਸ ਪਹੁੰਚਾਈ ਗਈ ਹੈ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਰਕਾਰ ਬਣਨ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

ਪਰ ਸਰਕਾਰ ਆਪਣੇ ਵਾਅਦੇ ਤੋਂ ਬਿਲਕੁਲ ਮੁੱਕਰ ਚੁੱਕੀ ਹੈ ਅਤੇ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਉਨ੍ਹਾਂ ਨਾਲ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਰ ਵਾਰ ਕੀਤੇ ਜਾ ਰਹੇ ਧੋਖੇ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੀ ਅਵਾਜ਼ ਬੁਲੰਦ ਕਰਨਗੇ ਅਤੇ ਉਨ੍ਹਾਂ ਦੇ ਨਾਲ ਕੀਤੇ ਗਏ ਧੋਖੇ ਦੀ ਕਹਾਣੀ ਦਿੱਲੀ ਦੇ ਆਮ ਲੋਕਾਂ ਤੱਕ ਪਹੁੰਚਾਉਣਗੇ। ਕੰਪਿਊਟਰ ਅਧਿਆਪਕਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭਾਂ ਦੇ ਨਾਲ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿਚ ਮਰਜ਼ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਅਤੇ ਸੂਬਾ ਸਰਕਾਰ ਦਾ ਹਰ ਫ਼ਰੰਟ ਤੇ ਤਿੱਖਾ ਵਿਰੋਧ ਕੀਤਾ ਜਾਵੇਗਾ।

ਡੀਟੀਐਫ ਦੇ ਸੂਬਾ ਪ੍ਰਧਾਨ ਬਿਕਰਮ ਦੇਵ ਸਿੰਘ, ਕੁਲਵੰਤ ਸਿੰਘ ਜੋਸਨ ਜ਼ਿਲਾ ਪ੍ਰਧਾਨ, ਜੀ ਟੀ ਯੂ ਤੋਂ ਪਰਮਜੀਤ ਸਿੰਘ, ਹਰਮਨਜੀਤ ਸਿੰਘ, ਏ ਆਈ ਅਧਿਆਪਕ ਵਰਿੰਦਰ ਸਿੰਘ ਆਦਿ ਨੇ ਵੀ ਸਰਕਾਰ ਦੀਆਂ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੇ ਸਾਰੇ ਹੱਕ ਬਹਾਲ ਕਰਨ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਸਿਖਰਾਂ ਤੱਕ ਪਹੁੰਚਾਉਣ ਦਾ ਐਲਾਨ ਵੀ ਕੀਤਾ।

 

Leave a Reply

Your email address will not be published. Required fields are marked *