ਪ੍ਰੀਖਿਆਵਾਂ ਦੇ ਦਿਨਾਂ ‘ਚ ਅਧਿਆਪਕ ਤੋਰੇ ਟ੍ਰੇਨਿੰਗਾਂ ‘ਤੇ..! ਵਿਰੋਧ ਵਜੋਂ ਡੀਟੀਐਫ਼ ਨੇ DEO ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਵਫ਼ਦ ਵੱਲੋਂ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਲਗਾਉਣ ਵਿਰੁੱਧ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਨੂੰ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੇ ਨਾਂ ਅੱਜ ਮੰਗ ਪੱਤਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਕਿਹਾ ਕਿ ਇਸ ਸਮੇਂ ਜਦੋਂ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਬਿਲਕੁਲ ਸਿਰ ‘ਤੇ ਹਨ ਅਤੇ ਪੜ੍ਹਾਈ ਦਾ ਇੱਕ-ਇੱਕ ਦਿਨ ਕੀਮਤੀ ਹੈ ਤਾਂ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਲਗਾ ਕੇ ਉਹਨਾਂ ਨੂੰ ਸਕੂਲਾਂ ਤੋਂ ਬਾਹਰ ਕੱਢਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ।
ਬਲਕਿ ਸਰਕਾਰਾਂ ਇੱਕ ਏਜੰਡੇ ਦੇ ਤਹਿਤ ਜਨਤਕ ਸਿੱਖਿਆ ਨੂੰ ਖੁਆਰ ਕਰਨ ਦੀ ਨੀਅਤ ਨਾਲ ਇਸ ਪ੍ਰਤੀ ਜਾਣ ਬੁੱਝ ਕੇ ਗ਼ੈਰ ਸੰਵੇਦਨਸ਼ੀਲ ਰਵੱਈਆ ਆਪਣਾ ਰਹੀਆਂ ਹਨ ਜਿਸ ਨਾਲ ਇਹਨਾਂ ਦੇ ਕਈ ਮਕਸਦ ਪੂਰੇ ਹੁੰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਸਮਾਜ ਨੂੰ ਅਸਿੱਖਿਅਤ ਜਾਂ ਅਰਧ ਸਿੱਖਿਅਤ ਰੱਖਣ ਦਾ ਮਨੋਰਥ ਪੂਰਾ ਹੁੰਦਾ ਹੈ ਉੱਥੇ ਹੀ ਸਰਕਾਰੀ ਸੰਸਥਾਵਾਂ ਨੂੰ ਲੋਕਾਂ ਦੀ ਨਜ਼ਰ ਵਿੱਚ ਬਦਨਾਮ ਕਰਨ ਦੀ ਸਾਜ਼ਿਸ਼ ਵੀ ਕਾਮਯਾਬ ਹੁੰਦੀ ਹੈ। ਜਿਕਰਯੋਗ ਹੈ ਕਿ ਪ੍ਰਾਇਮਰੀ ਦੇ ਅਧਿਆਪਕਾਂ ਦੀਆਂ ਟ੍ਰੇਨਿੰਗਾਂ 19 ਦਿਨ, ਮਾਸਟਰ ਕੇਡਰ ਅਧਿਆਪਕਾਂ ਦੀਆਂ 8 ਦਿਨ ਅਤੇ ਲੈਕਚਰਾਰਾਂ ਦੀਆਂ 10 ਦਿਨ ਚੱਲਣੀਆਂ ਹਨ।
ਆਗੂਆਂ ਨੇ ਕਿਹਾ ਕਿ ਇਹ ਵਿਭਾਗ ਦੇ ਕੁਪ੍ਰਬੰਧ ਦੀ ਬਹੁਤ ਵੱਡੀ ਉਦਾਹਰਨ ਹੈ ਕਿ ਜਿਹੜੀਆਂ ਟ੍ਰੇਨਿੰਗਾਂ ਵਿੱਦਿਅਕ ਸੈਸ਼ਨ ਦੇ ਸ਼ੁਰੂ ਵਿੱਚ ਲੱਗਣੀਆਂ ਚਾਹੀਦੀਆਂ ਹਨ, ਉਹ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਲਗਾਈਆਂ ਜਾ ਰਹੀਆਂ ਹਨ। ਅਸਲ ਵਿੱਚ ਜਿਸ ਵਿਭਾਗ ਨੂੰ ਸਭ ਤੋਂ ਵੱਧ ਯੋਜਨਾਬੱਧ ਢੰਗ ਨਾਲ ਚਲਾਉਣ ਦੀ ਲੋੜ ਹੈ ਉਸਨੂੰ ਇੱਕ ਏਜੰਡੇ ਦੇ ਤਹਿਤ ਕੁਪ੍ਰਬੰਧਾਂ, ਗ਼ੈਰ – ਯੋਜਨਾਬੰਦੀ ਅਤੇ ਨਿੱਤ ਨਵੇਂ ਪ੍ਰਯੋਗਾਂ ਦੇ ਰਾਹੀਂ ਤਹਿਸ-ਨਹਿਸ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਉਹਨਾਂ ਨੇ ਮੰਗ ਪੱਤਰ ਰਾਹੀਂ ਰਹਿੰਦੀਆਂ ਟ੍ਰੇਨਿੰਗਾਂ ਨੂੰ ਅੱਗੇ ਪਾ ਕੇ ਅਗਲੇ ਸੈਸ਼ਨ ਦੇ ਸ਼ੁਰੂ ਵਿੱਚ ਲਗਾਉਣ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ,ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂ ਜਗਦੇਵ ਕੁਮਾਰ,ਚੰਦਰ ਸ਼ੇਖਰ,ਜਗਤਾਰ ਲੌਂਗੋਵਾਲ,ਸੰਜੀਵ ਭੀਖੀ ਅਤੇ ਮੱਖਣ ਤੋਲਾਵਾਲ ਸ਼ਾਮਲ ਸਨ।