ਪੰਜਾਬ ਦੇ ਅਨਏਡਿਡ ਅਧਿਆਪਕਾਂ ਨੂੰ 70:30 ਸਕੀਮ ਅਧੀਨ ਕੀਤਾ ਜਾਵੇ ਪੱਕਾ
ਪੰਜਾਬ ਨੈੱਟਵਰਕ, ਹੁਸ਼ਿਆਰਪੁਰ:
ਅਨਏਡਿਡ ਯੂਨੀਅਨ ਹੁਸ਼ਿਆਰਪੁਰ (ਪੰਜਾਬ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਭਾਰਦਵਾਜ ਦੀ ਅਗਵਾਈ ਵਿੱਚ ਸ਼ਹੀਦ ਉਧਮ ਸਿੰਘ ਪਾਰਕ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਬਲਵੀਰ ਸਿੰਘ ਉਪ ਪ੍ਰਧਾਨ, ਅਜੈ ਪਾਲ ਸਕੱਤਰ, ਮਨਦੀਪ ਰਾਏ, ਵੀਰ ਸਿੰਘ, ਯਸ਼ਪਾਲ ਸਿੰਘ ਅਤੇ ਜ਼ਿਲ੍ਹਾ ਮੈਂਬਰ ਸ਼ਾਮਲ ਹੋਏ।
ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਅਨਏਡਿਡ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਰਕਾਰ ਅਜੇ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਸਾਡੇ ਅਧਿਆਪਕਾਂ ਦੀਆਂ ਲਿਸਟਾਂ ਮੰਗਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਸੰਗਰੂਰ ਵਿੱਖੇ ਵੱਡੀ ਰੈਲੀ ਕੱਢੀ ਜਾਵੇਗੀ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਜਿਹੜੇ ਅਧਿਆਪਕ 10 ਤੋਂ 15 ਸਾਲਾਂ ਤੋਂ ਲਗਾਤਾਰ ਪੜ੍ਹਾ ਰਹੇ ਹਨ ਇਨ੍ਹਾਂ ਅਨਏਡਿਡ ਸਕੂਲਾਂ ਵਿੱਚ ਇਨ੍ਹਾਂ ਨੂੰ ਕੇਵਲ 4 ਤੋਂ 8 ਹਜ਼ਾਰ ਹੀ ਤਨਖਾਹ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵਲੋਂ 2003 ਤੋਂ ਬਾਅਦ ਕੋਈ ਨਵੀਂ ਭਰਤੀ ਨਹੀ ਕੀਤੀ ਗਈ। ਆਪਣੀ ਉਮਰ ਦਾ ਬਹੁਤ ਸਮਾਂ ਲੰਘਾ ਚੁੱਕੇ ਅਧਿਆਪਕ ਹੋਰ ਕੋਈ ਕੰਮ ਕਰਨ ਤੋਂ ਅਸਮਰੱਥ ਹਨ। ਇਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ 70:30 ਸਕੀਮ ਅਧੀਨ ਪੱਕਾ ਕੀਤਾ ਜਾਵੇ।