ਖੇਤੀ ਮੰਡੀ ਨੀਤੀ ਖਰੜਾ, ਕੀ ਬਲਾ?
ਅਜੇ ਗੱਲ ਸ਼ੁਰੂ ਕੀਤੀ ਹੀ ਸੀ ਕਿ ਉਹ ਝੱਟ ਬੋਲ ਉੱਠੇ।ਬਾਈ ਏਹ ਖਰੜਾ ਕੀ ਬਲਾ?ਰੌਲਾ ਤਾਂ ਬਹੁਤ ਸੁਣਿਆ,ਪਰ ਸਮਝ ਜੀ ਨੀਂ ਆਈ, ਕੀ ਸੱਪ ਕੱਢਿਆ ਕੇਂਦਰ ਸਰਕਾਰ ਨੇ? ਇਹ ਭਾਜਪਾ ਸਰਕਾਰ ਜਦੋਂ ਦੀ ਆਈ ਆ,ਕੁਝ ਨਾ ਕੁਝ ਵਿੰਗਾ ਟੇਢਾ ਕਰਦੀ ਰਹਿੰਦੀ ਆ।ਕੋਈ ਨਾ ਕੋਈ ਛਿੰਗੜੀ ਛੇੜੀ ਰੱਖਦੀ ਆ। ਸਾਨੂੰ ਐਨਾ ਕੁ ਪਤਾ ਲੱਗਿਆ,ਬਈ ਖਰੜਾ, ਪਹਿਲਾਂ ਵਾਲੇ ਖੇਤੀ ਕਾਨੂੰਨਾਂ ਵਰਗਾ, ਲੋਕਾਂ ਦੇ ਵਿਰੁੱਧ ਆ।ਇਹ ਤਾਂ ਫਿਰ ਪੂਰਾ ਖਤਰਨਾਕ ਆ?
ਮਿੱਤਰੋ, ਥੋਡੀ ਗੱਲ ਸਹੀ ਆ।ਇਹ ਭੂਸਰੇ ਸਾਨ੍ਹ ਵਰਗਾ।ਸੰਸਾਰ ਡਾਕੂ ਸਾਮਰਾਜ ਦਾ ਥਾਪੜਾ।ਏਹਦਾ ਹਾਰ ਸ਼ਿੰਗਾਰ ਮੁਲਕ ਦੀ ਸਰਕਾਰ ਨੇ ਕੀਤਾ।ਖੇਤੀ ਪੈਦਾਵਾਰ ਨੂੰ ਬੁਰਕ ਭਰਨ ਨੂੰ ਕਾਹਲਾ।ਸਿੰਗ ਮਿੱਟੀ ਚੱਕੀ ਫਿਰਦਾ।ਅਖੇ, ਸਾਰੀਆਂ ਸਰਕਾਰੀ ਖੇਤੀ ਮੰਡੀਆਂ ਪ੍ਰਾਈਵੇਟ ਹੋਣ। ਖੇਤੀ ਪੈਦਾਵਾਰ ਬਦੇਸ਼ੀ ਖੇਤੀ ਵਪਾਰਕ ਕੰਪਨੀਆਂ ਹਵਾਲੇ ਹੋਵੇ।ਖ਼ਰੀਦਣ,ਵੇਚਣ, ਸਟੋਰ ਕਰਨ, ਬਾਹਰੋਂ ਮੰਗਵਾਉਣ ਤੇ ਬਾਹਰ ਭੇਜਣ ਦੇ ਸਭ ਕੰਮ ਉਹਨਾਂ ਹੱਥ ਹੋਣ।ਪੈਦਾਵਾਰ ਦੀ ਕਿਸਮ, ਮਾਤਰਾ ਤੇ ਮਿਆਰ ਉਹਨਾਂ ਅਨੁਸਾਰ ਹੋਵੇ।ਕਾਨੂੰਨ ਵੀ ਉਹਨਾਂ ਦੀ ਮਰਜ਼ੀ ਦੇ ਹੋਣ।
ਖੇਤਾਂ ਵਿੱਚੋਂ ਥੋਕ ਖਰੀਦਣ ਦੀ ਉਹਨਾਂ ਨੂੰ ਖੁੱਲ ਹੋਵੇ। ਉਹਨਾਂ ਦੇ ਵੇਅਰ ਹਾਊਸਾਂ, ਸੈਲੋ, ਕੋਲਡ ਸਟੋਰਾਂ ਨੂੰ ਮੰਡੀਆਂ ਦਾ ਰੁਤਬਾ ਮਿਲੇ। ਵਪਾਰ ਦਾ ਢਾਂਚਾ ਆਨਲਾਈਨ ਹੋਵੇ। ਮੰਡੀਆਂ ਦਾ ਨਵੀਨੀਕਰਨ ਤੇ ਡਿਜੀਟਲਕਰਨ ਹੋਵੇ। ਉਹਨਾਂ ਨੂੰ ਲੈਵੀ ਫੀਸ ਸਾਰੇ ਮੁਲਕ ਵਿੱਚ ਸਿਰਫ਼ ਇੱਕ ਥਾਂ ਲੱਗੇ। ਉਹਨਾਂ ਲਈ ਸਾਰੇ ਮੁਲਕ ਵਿੱਚ ਇੱਕ ਖਰੀਦ ਲਾਇਸੰਸ ਚੱਲੇ। ਉਹਨਾਂ ਤੋਂ ਮੰਡੀਆਂ ਵਿੱਚ ਲਈਆਂ ਜਾਣ ਵਾਲੀਆਂ ਫੀਸਾਂ ਘਟਾਈਆਂ ਜਾਣ। ਉਹਨਾਂ ਲਈ ਆੜਤੀਆ ਕਮਿਸ਼ਨ ਘਟਾਇਆ ਜਾਵੇ। ਉਹਨਾਂ ਲਈ ਇੱਕ ਸੂਬੇ ਦਾ ਲਾਇਸੰਸ ਸਾਰੇ ਮੁਲਕ ਵਿੱਚ ਚੱਲਣ ਦਾ ਨਿਯਮ ਬਣੇ। ਜ਼ਮੀਨ ਹੱਦਬੰਦੀ ਕਾਨੂੰਨ ਖ਼ਤਮ ਹੋਵੇ।
ਸਰਕਾਰੀ ਨੀਤੀਆਂ ਅਤੇ ਕਾਨੂੰਨ ਸਭ, ਕੰਪਨੀਆਂ ਪੱਖੀ।ਚੱਤੋ ਪਹਿਰ ਉਹਨਾਂ ਦੀ ਸੇਵਾ, ਚਾਕਰੀ। ਕੇਂਦਰੀ ਭਾਜਪਾਈ ਹਕੂਮਤ ਖਰੜੇ ਨੂੰ ਮੁਲਕ ਸਿਰ ਮੜਨ ਲਈ ਤਹੂ।ਲੋਕਾਂ ਨਾਲ ਖੇਡਾਂ ਖੇਡੇ।ਝੂਠ ਬੋਲੇ, ਕੁਫ਼ਰ ਤੋਲੇ। ਖਰੜੇ ਨੂੰ ਕਿਸਾਨ ਹਿੱਤੂ ਦੱਸੇ।ਕਹੇ, ਮੰਡੀਆਂ ਵਿੱਚ ਵਪਾਰੀਆਂ ਦਾ ਮੁਕਾਬਲਾ ਵਧੂ,ਕਿਸਾਨਾਂ ਮਜ਼ਦੂਰਾਂ ਦਾ ਫਾਇਦਾ ਹੋਊ।
ਇਸ ਦੀ ਭਿਆਨਕਤਾ ਉਦੋਂ ਸਾਹਮਣੇ ਆਊ,ਜਦੋਂ ਖੇਤੀ ਪੈਦਾਵਾਰ ਕੌਡੀਆਂ ਦੇ ਭਾਅ ਲੁੱਟੀ ਜਾਊ।ਖੁੱਗਲ ਹੋਈ ਕਿਸਾਨੀ ਸੂਦਖੋਰੀ ਕਰਜ਼ੇ ਦੇ ਤੰਦੂਏ ਜਾਲ ਵਿੱਚ ਫਸੂ। ਜ਼ਮੀਨਾਂ ਵੇਚਣ ਲਈ ਸਰਾਪੀ ਜਾਊ। ਜਦੋਂ ਖੇਤ ਮਜ਼ਦੂਰਾਂ ਲਈ ਕੰਮ-ਮੌਕੇ ਘਟ ਜਾਣਗੇ, ਕੰਮ-ਘੰਟੇ ਵਧ ਜਾਣਗੇ। ਜਿਉਣਾ ਮੁਹਾਲ ਹੋ ਜਾਊ।ਗਰੀਬੀ ਤੇ ਮੁਥਾਜਗੀ ਦਾ ਬੋਝ ਚਿੱਤ ਨੂੰ ਚਿਤਮਨੀ ਲਾਊ।
ਜਦ ਜਨਤਕ ਵੰਡ ਪ੍ਰਣਾਲੀ ਦਾ ਪੂਰੀ ਤਰ੍ਹਾਂ ਗਲ਼ ਘੁੱਟਿਆ ਜਾਊ। ਜਦੋਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰ ਬੇਰੁਜ਼ਗਾਰੀ ਮੂੰਹ ਧੱਕੇ ਜਾਣਗੇ। ਜਦੋਂ ਖਰੀਦ ਏਜੰਸੀਆਂ ਦੀ ਸਫ ਲਪੇਟੀ ਜਾਊ, ਨੌਕਰੀਓ ਬਾਹਰ ਕੀਤੇ ਕਰਮਚਾਰੀਆਂ ਨੂੰ ਤਨਖਾਹਾਂ ਪੈਨਸ਼ਨਾਂ ਨਹੀਂ ਮਿਲਣਗੀਆਂ। ਨਵੀਆਂ ਨੌਕਰੀਆਂ ਪਹਿਲਾਂ ਹੀ ਬੰਦ ਹਨ। ਜਦੋਂ ਬੇਰੁਜ਼ਗਾਰਾਂ ਦੀ ਨਫ਼ਰੀ ਵਧੂ,ਵੇਹਲੜ ਕਹੇ ਜਾਣ ਦੀ ਹੁੱਜ ਵੱਜੂ।
ਜਦੋਂ ਖੇਤੀ ਪੈਦਾਵਾਰ ਨਾਲ ਜੁੜੇ ਅਣਗਿਣਤ ਕਾਰੋਬਾਰਾਂ ‘ਚ ਉਖੇੜਾ ਆਊ। ਜਦੋਂ ਖੇਤੀ ਪੈਦਾਵਾਰ ਨੂੰ ਖਪਤ ਯੋਗ ਬਣਾਉਣ ਵਾਲਿਆਂ ਤੇ ਖਪਤਕਾਰਾਂ ਤੱਕ ਪਹੁੰਚਾਉਣ ਵਾਲਿਆਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਸੁੰਗੇੜਾ ਆਊ।ਜਦੋ ਟਰੱਕਾਂ ਵਾਲਿਆਂ ਦੇ ਧੰਦੇ ‘ਤੇ ਵੀ ਮਾੜਾ ਅਸਰ ਪਊ। ਮਹਿੰਗਾਈ ਮੂਹਰੇ ਸਾਹ ਸਤ ਹੀਣ ਹੋਈਆਂ ਨਿਗੂਣੀਆਂ ਤਨਖਾਹਾਂ ਦਾ ਕੁਝ ਨੀਂ ਵੱਟਿਆ ਜਾਣਾ।ਪ੍ਰਚੂਨ ਵਪਾਰ ਵਿੱਚ ਇਹਨਾਂ ਦੇ ਆਉਣ ਨਾਲ ਅਨੇਕਾਂ ਦੁਕਾਨਾਂ ਨੂੰ ਤਾਲੇ ਲੱਗ ਜਾਣ ਦੀ ਨੌਬਤ ਆ ਜਾਣੀ ਹੈ। ਪਹਿਲਾਂ ਖੁੱਲੇ ਮਾਲਾਂ ਨੇ ਬਥੇਰੀ ਮਾਰ ਮਾਰੀ ਹੈ।
ਦੂਜੇ ਪਾਸੇ ਕੰਪਨੀਆਂ ਖੇਤੀ ਪੈਦਾਵਾਰ ਨੂੰ ਮਨ ਆਏ ਭਾਅ ਖਰੀਦਣਗੀਆਂ ਤੇ ਮਨ ਚਾਹੇ ਭਾਅ ਵੇਚਣਗੀਆਂ।ਮੋਟੇ ਮੁਨਾਫ਼ੇ ਮੁੱਛਣਗੀਆਂ। ਠੀਕ ਆ ਬਾਈ ਸਿਆਂ,ਇਹ ਤਾਂ ਬੜਾ ਖਤਰਨਾਕ ਹੋਇਆ।ਇਹਦੇ ਖ਼ਿਲਾਫ਼ ਤਾਂ ਲੜਨਾ ਹੀ ਪਊ। ਇਸ ਖਰੜੇ ਦਾ ਮੂੰਹ ਵੀ ਮੋੜਨਾ ਪਊ, ਖੇਤੀ ਕਾਨੂੰਨਾਂ ਵਾਂਗੂੰ।
ਹਾਂ ਥੋਡੀ ਗੱਲ ਠੀਕ ਆ, ਲੜਨਾ ਪਊ।ਸਿਆਣੇ ਹੋ ਕੇ,ਦਮ ਰੱਖ ਕੇ।ਆਪਣੇ ਪਰਾਏ ਦੀ ਪਛਾਣ ਕਰਕੇ। ਸਰਕਾਰੀ ਛਲ ਬਲ ਨੂੰ ਬੁੱਝਣ ਝੱਲਣ ਲਈ ਤਿਆਰ ਹੋ ਕੇ। ਮਜ਼ਬੂਤੀ ਨਾਲ ਸਿਸਤ ਬੰਨ ਕੇ। ਭੂਸਰਿਆ ਸਾਨ੍ਹ ਕੱਲੇ ਦੁਕੱਲੇ ਤੋਂ ਸੂਤ ਨੀਂ ਆਉਣਾ।ਕਿਸਾਨਾਂ ਮਜ਼ਦੂਰਾਂ ਦੀ ਜੋਟੀ ਹੀ ਏਹਨੂੰ ਖੇਤੋਂ ਬਾਹਰ ਕਰੂ।ਖਰੜੇ ਦੀ ਮਾਰ ਹੇਠ ਆਉਣ ਵਾਲੇ ਸਾਰੇ ਵਰਗਾਂ ਨੂੰ ਨਾਲ ਲੈ ਕੇ।
ਜਗਮੇਲ ਸਿੰਘ
9417224822