ਖੇਤੀ ਪੈਦਾਵਾਰ ਉੱਤੇ ਏ.ਬੀ.ਸੀ.ਡੀ ਦਾ ਹਮਲਾ
ਆਹ ਏ ਬੀ ਸੀ ਡੀ ਦਾ ਕੀ ਰੌਲਾ, ਬਾਈ।ਬੜਾ ਰੌਲਾ ਪਿਆ ਫਿਰਦਾ।ਸਾਡੇ ਤਾਂ ਇਥੇ ਬਾਹਲਾ ਈ ਰੌਲਾ। ਕੋਈ ਕੁਝ ਬੋਲਦਾ, ਕੋਈ ਕੁਝ ਦੱਸਦਾ।ਜਿੰਨੇ ਮੂੰਹ ਓਨੀਆਂ ਗੱਲਾਂ।ਕੀ ਸਮਝੀਏ,ਕੀ ਕਰੀਏ ?ਤੂੰ ਬੋਲ ਬਾਈ, ਗੱਲ ਤੋਰ ਅੱਗੇ।
ਮਿੱਤਰੋ, ਇੱਕ ਗੱਲ ਤਾਂ ਇਹ,ਬਈ ਇਹ ਅੰਗਰੇਜ਼ੀ ਦੀ ਮੁਹਾਰਨੀ ਨਹੀਂ।ਇਹ ਦੁਨੀਆਂ ਦੀ ਖੇਤੀ ਪੈਦਾਵਾਰ ਨੂੰ ਨਿਗਲਣ ਵਾਲੀਆਂ ਬਦੇਸ਼ੀ ਕੰਪਨੀਆਂ।ਏ – ਆਰਚਰ ਡੇਨੀਅਲ ਮਿਡਲੈਂਡ, ਬੀ – ਬੁੰਗੇ, ਸੀ – ਕਾਰਗਿਲ ਤੇ ਡੀ – ਡਰੇਫਸ।ਸਭ ਬਦੇਸ਼ੀ ਨੇ।
ਗੱਲ ਅਗਲੀ ਆ, ਖੇਤੀ ਮੰਡੀ ਨੀਤੀ ਬਦਲੇ ਜਾਣ ਦੀ।ਬਦਲਣ ਵਾਸਤੇ ਆਹ ਖਰੜਾ ਲਿਆਂਦਾ।ਖਰੜਾ, ਖੇਤੀ ਮੰਡੀ ਨੀਤੀ ਦਾ।ਇਹਨੂੰ ਰੌਲਾ ਨਾ ਕਹੋ।ਇਹ ਹਮਲਾ, ਖੇਤੀ ਪੈਦਾਵਾਰ ਲੁੱਟੇ ਜਾਣ ਦਾ।ਇਹਦਾ ਸਾਰਾ ਤਾਣਾ ਬਾਣਾ ਵੱਡੀਆਂ ਕੰਪਨੀਆਂ ਦੇ ਹੱਥ ਦਿੱਤੇ ਜਾਣ ਦਾ। ਹਮਲਾ ਕਰਨ ਵਾਲਾ ਕੋਈ ਹੋਰ ਨੀਂ,ਕੇਂਦਰ ਦੀ ਭਾਜਪਾ ਹਕੂਮਤ ਆ। ਉਹਨੇ ਖੇਤੀ ਮੰਡੀ ਨੀਤੀ ਦਾ ਖਰੜਾ ਤਿਆਰ ਕੀਤਾ।
ਡਬਲਿਊ. ਟੀ. ਓ. ਦੀਆਂ ਹਿਦਾਇਤਾਂ ਮੰਨ ਕੇ ਕੀਤਾ। ਦੇਸ਼ੀ ਵਿਦੇਸ਼ੀ ਵੱਡੀਆਂ ਫਰਮਾਂ ਨੂੰ ਫਾਇਦਾ ਦੇਣਾ। ਉਹਨਾਂ ਦੇ ਮੁਨਾਫਿਆਂ ਵਿੱਚ ਵਾਧਾ ਕਰਨਾ। ਕਿਸਾਨਾਂ ਮਜ਼ਦੂਰਾਂ ਨੂੰ ਖੇਤੀ ਵਿਚੋਂ ਬਾਹਰ ਕਰਨਾ। ਜ਼ਮੀਨਾਂ ਉੱਤੇ ਮੁੜ ਜਾਗੀਰਦਾਰਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ। ਖਪਤਕਾਰਾਂ ਦੀਆਂ ਜੇਬਾਂ ‘ਤੇ ਡਾਕਾ ਮਾਰਨਾ।ਛੋਟੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਉਜਾੜਨਾ।
ਖਰੜਾ, ਸਿਆਪੇ ਦੀ ਜੜ੍ਹ। ਸਰਕਾਰੀ ਮੰਡੀਆਂ ਦਾ ਕੀਰਤਨ ਸੋਹਿਲਾ ਪੜਨ ਨੂੰ ਕਹਿੰਦਾ। ਵਿਦੇਸ਼ੀ ਖੇਤੀ ਵਪਾਰਕ ਕੰਪਨੀਆਂ ਨੂੰ ਸੱਦਾ ਦਿੰਦਾ।ਦੇਸ਼ ਵਿਦੇਸ਼ ‘ਚ ਵਪਾਰ ਦੀ ਖੁੱਲ੍ਹ ਦਿੰਦਾ। ਜਿਹਨਾਂ ਨੂੰ ਸੱਦਾ ਦਿੰਦਾ,ਉਹ ਕੰਪਨੀਆਂ ਦੁਨੀਆਂ ‘ਚ ਸਭ ਤੋਂ ਵੱਡੀਆਂ ਨੇ, ਜ਼ੋਰਾਵਰ ਨੇ। ਦੁਨੀਆਂ ਦੇ ਅਨਾਜ ਵਪਾਰ ਦੇ 70 ਪ੍ਰਤੀਸ਼ਤ ‘ਤੇ ਗਲਬਾ ਇਹਨਾਂ ਦਾ।ਇਹਨਾਂ ਕੋਲ ਆਵਦੇ ਜਹਾਜ਼, ਸਮੁੰਦਰੀ ਜਹਾਜ਼, ਰੇਲਾਂ, ਟਰੱਕ ਨੇ।
ਨਵੀਨਤਮ ਤਕਨੀਕ ਦੇ ਸੰਦ ਸਾਧਨ ਨੇ।ਮਸ਼ਹੂਰੀਆਂ ਕਰਨ ਦਾ ਪੂਰਾ ਸੂਰਾ ਸਿਸਟਮ ਹੈ।ਨੋਟਾਂ ਦੀਆਂ ਆਫਰੀਆਂ ਤਿਜੌਰੀਆਂ ਨੇ। 60-70 ਮੁਲਕਾਂ ਵਿੱਚ ਇਹ ਕਾਰੋਬਾਰ ਆ। 50-60 ਲੱਖ ਏਕੜ ਜ਼ਮੀਨ ਆ। ਠੇਕੇ ‘ਤੇ ਵੀ ਖੇਤੀ ਕਰਵਾਉਂਦੇ ਨੇ।ਮੁੱਖ ਕਾਰੋਬਾਰ ਆਨਾਜ ਵਪਾਰ ਦਾ।ਇੱਕ ਅਰਬ ਸੋਲ੍ਹਾਂ ਕਰੋੜ ਰੁਪਏ ਦਾ ਰੋਜ਼ ਦਾ ਮੁਨਾਫ਼ਾ ਮੁੱਛਦੀ ਆ, ਕੱਲੀ ਏ ਕੰਪਨੀ।ਭਾਰਤੀ ਕਾਰਪੋਰੇਟ ਇਹਨਾਂ ਦੇ ਭਾਈਵਾਲ ਨੇ।ਖਰੜਾ, ਲੋਕਾਂ ਦਾ ਇਹਨਾਂ ਦਿਓਆਂ ਨਾਲ ਭੇੜ ਕਰਾਉਂਦਾ।
ਸਰਕਾਰਾਂ ਤੋਂ ਰੋਕਣ ਦੀ ਆਸ ਕਰਨਾ, ਕਿੱਕਰਾਂ ਤੋਂ ਅੰਬ ਭਾਲਣਾ।ਸਰਕਾਰਾਂ ਨੇ ਕੀ ਰੋਕਣਾ,ਇਹ ਤਾਂ ਖੁਦ ਖਰੜਾ ਲੈ ਕੇ ਆਈ ਆ।ਇਹ ਤਾਂ ਮੁਲਕ ਸਿਰ ਮੜ੍ਹਨ ਨੂੰ ਚਾਰੇ ਚੱਕੀ ਫਿਰਦੀ ਆ।ਆਪ ਪਾਰਟੀ ਵਾਲਿਆਂ ਦੀ ਸੁਣਲੋ, ਨਵੀਂ ਕਮੇਡੀ, ਨੰਗਾ ਚਿੱਟਾ ਧੋਖਾ। ਲੋਕਾਂ ਲਈ ਖਰੜਾ ਰੱਦ ਦਾ ਬਿਆਨ, ਵਪਾਰੀਆਂ ਲਈ ਸੂਬੇ ਵਿੱਚ ਅਡਾਨੀ ਦੇ 26 ਸਾਇਲੋ ਨੂੰ ਮਨਜ਼ੂਰੀ। ਹਮਲੇ ਦੀ ਮਾਰ ਹੇਠ ਆਉਣ ਵਾਲਿਆਂ ਨੂੰ ਖੁਦ ਨੂੰ ਲੜਨਾ ਪੈਣਾ। ਖਰੜੇ ਦੀ ਵਾਪਸੀ, ਸਾਮਰਾਜੀ ਪਾਵਿਆਂ ਨਾਲ ਬੱਝੀ ਆ।ਇਹ ਕੇਂਦਰੀ ਹਕੂਮਤਾਂ ਨੇ ਧ੍ਰੋਹ ਕਮਾਇਆ।ਜੁੰਮੇਵਾਰ ਸਾਰੀਆਂ ਹਾਕਮ ਪਾਰਟੀਆਂ। ਇਹਨਾਂ ਬੇੜੀਆਂ ਨੂੰ ਤੋੜਨਾ ਪੈਣਾ।ਲੋੜ ਆ, ਵਿਸ਼ਾਲ ਏਕਾ ਤੇ ਸਖਤ ਸੰਘਰਸ਼।
ਜਗਮੇਲ ਸਿੰਘ
-9417224822