ਯੂਥ ਕਲੱਬ ਕੈਨੇਡਾ ਨੇ ਜਿੱਤਿਆ ਜਲਾਲਾਬਾਦ ਕਬੱਡੀ ਕੱਪ, ਲੜਕੀਆਂ ‘ਚੋਂ ਹਰਿਆਣਾ ਦੀ ਟੀਮ ਰਹੀ ਅਵਲ
ਕਬੱਡੀ ਖਿਡਾਰੀ ਗੁਰਲਾਲ ਸੋਹਲ ਨੂੰ ਕੀਤਾ ਗਿਆ ਸਕਾਰਪੀਓ ਨਾਲ ਸਨਮਾਨਿਤ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਯੂਥ ਕਬੱਡੀ ਕਲੱਬ ਕਨੇਡਾ ਵੱਲੋਂ ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਜਲਾਲਾਬਾਦ ਕਬੱਡੀ ਕੱਪ ਯੂਥ ਕਲੱਬ ਕੈਨੇਡਾ ਦੀ ਟੀਮ ਨੇ ਡੀਏਵੀ ਬਠਿੰਡਾ ਨੂੰ ਹਰਾ ਕੇ ਜਿੱਤਿਆ। ਇਸ ਤੋਂ ਇਲਾਵਾ ਲੜਕੀਆਂ ਵਿਚੋਂ ਹਰਿਆਣਾ ਦੀ ਟੀਮ ਨੇ ਪੰਜਾਬ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪਿੰਡ ਪੰਨੀ ਕੜਾਈ ਦੇ ਐਨ,ਆਰ,ਆਈ ਪਰਿਵਾਰਾਂ ਵੱਲੋਂ ਅਜੀਤ ਸਿੰਘ ਚਿੱਟੀ ਅਤੇ ਅਮਰਜੀਤ ਬੱਬੂ ਵਿਰਕ ਦੀ ਯਾਦ ਵਿੱਚ ਕਰਵਾਏ ਗਏ ਇਸ ਕਬੱਡੀ ਕੱਪ ਵਿੱਚ ਛੇ ਲੜਕਿਆਂ ਦੀਆਂ ਟੀਮਾਂ ਅਤੇ ਚਾਰ ਲੜਕੀਆਂ ਦੀਆਂ ਟੀਮਾ ਨੇ ਹਿੱਸਾ ਲਿਆ ਸੀ।
ਲੜਕਿਆਂ ਲਈ ਪਹਿਲਾ ਇਨਾਮ ਡੇਢ ਲੱਖ ਰੁਪਇਆ ਅਤੇ ਦੂਸਰਾ ਇਨਾਮ ਇੱਕ ਲਖ ਰੁਪਇਆ ਦਿੱਤਾ ਗਿਆ ਜਦਕਿ ਲੜਕੀਆਂ ਦਾ ਪਹਿਲਾ ਇਨਾਮ 41000 ਅਤੇ ਦੂਸਰਾ ਨਾਮ 31000 ਸੀ। ਇਸ ਕਬੱਡੀ ਕੱਪ ਵਿੱਚ ਪ੍ਰਸਿੱਧ ਕਬੱਡੀ ਖਿਡਾਰੀ ਗੁਰਲਾਲ ਸੋਹਲ ਨੂੰ ਸਕਾਰਪੀਓ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਬੈਸਟ ਰੇਡਰ ਪੰਕਜ ਬੇਰੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
ਕਬੱਡੀ ਕੱਪ ਨੂੰ ਵੇਖਣ ਆਏ ਦਰਸ਼ਕਾਂ ਨੂੰ ਕੂਪਨ ਦਿੱਤੇ ਗਏ, ਜਿਨ੍ਹਾਂ ਵਿਚੋਂ ਜੇ ਤੂੰ ਦਰਸ਼ਕਾਂ ਨੂੰ ਸਾਈਕਲ ਇਨਾਮ ਵਜੋਂ ਦਿੱਤੇ ਗਏ। ਕਬੱਡੀ ਕੱਪ ਦੇ ਸਫਲ ਆਯੋਜਨ ਵਿੱਚ ਹਰਵਿੰਦਰ ਸਿੰਘ ਲੱਡੂ, ਹਰਜਿੰਦਰ ਸਿੰਘ, ਨੀਟੂ ਕੰਗ, ਗੋਲਡੀ ਖੱਟਰਾ, ਮੱਖਣ ਧਾਲੀਵਾਲ, ਬਿੱਕਰ ਸਰਾਏ, ਅਮਰੀਕ ਖੱਖ ਦਾ ਵਿਸ਼ੇਸ਼ ਸਹਿਯੋਗ ਰਿਹਾ।
ਕਬੱਡੀ ਕੱਪ ਦੌਰਾਨ ਖਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਟੇਡੀਅਮ ਦੇ ਚੇਅਰਮੈਨ ਅੰਕਿਤ ਕਟਾਰੀਆ ਨਾਲ ਮਿਲ ਕੇ ਜੇਤੂਆਂ ਨੂੰ ਇਨਾਮ ਵੰਡੇ।