Punjab News: ਅਧਿਆਪਕ ਮੋਰਚੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪੁਤਲੇ ਫੂਕਣ ਦਾ ਐਲਾਨ
ਸਾਂਝਾ ਅਧਿਆਪਕ ਮੋਰਚਾ 8 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਕਰੇਗਾ ਰੋਸ ਪ੍ਰਦਰਸ਼ਨ
24 – 25 ਫਰਵਰੀ ਨੂੰ ਬਲਾਕ / ਤਹਿਸੀਲ ਪੱਧਰ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਦਾ ਐਲਾਨ
ਪ੍ਰਮੋਦ ਭਾਰਤੀ, ਨਵਾਂ ਸ਼ਹਿਰ
ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੀ ਟੀ ਐਫ ਦੇ ਆਗੂਆਂ ਦੀ ਵਰਚੁਅਲ ਹੰਗਾਮੀ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿੱਖਿਆ ਮੰਤਰੀ ਨਾਲ ਪਿਛਲੀਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਪਦਉੱਨਤ ਅਧਿਆਪਕਾਂ ਦੀ ਦੁਆਰਾ ਸਟੇਸ਼ਨ ਚੋਣ ਕਰਵਾਉਣ ਦੀ ਬਜਾਏ 20 ਫਰਵਰੀ ਤੱਕ ਸਟੇਸ਼ਨਾਂ ‘ਤੇ ਹਾਜ਼ਰ ਹੋਣ ਦਾ ਪੱਤਰ ਜਾਰੀ ਕਰਨ ਦੀ ਨਿਖੇਧੀ ਕੀਤੀ ਗਈ।
ਪੰਜਾਬ ਕੈਬਨਿਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਦੇਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਮੋਰਚੇ ਵਲੋਂ ਮੁੱਢੋਂ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਚੋਣਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਚਾਹਲ, ਦਿਗਵਿਜੇਪਾਲ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਬਲਜੀਤ ਸਿੰਘ ਸਲਾਣਾ, ਰਵਿੰਦਰਜੀਤ ਸਿੰਘ ਪੰਨੂ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ, ਸੁਖਰਾਜ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਆਦਿ ਸ਼ਾਮਲ ਸਨ।
ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਦੇ ਫੈਸਲੇ ਲਾਗੂ ਨਾ ਕਰਨ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਅਤੇ ਡੀ ਟੀ ਐਫ ਵਲੋਂ 8 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ 24 – 25 ਫਰਵਰੀ ਨੂੰ ਬਲਾਕ / ਤਹਿਸੀਲ ਪੱਧਰ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਜਾਣਗੇ।
ਅਧਿਆਪਕ ਵਿਰੋਧੀ ਜਾਰੀ ਪੱਤਰ ਰੱਦ ਕਰਵਾਉਣ ਲਈ ਅੱਜ ਮੋਰਚੇ ਦਾ ਵੱਡਾ ਵਫਦ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੂੰ ਮਿਲਿਆ ਅਤੇ ਮੰਗਾਂ ਦਾ ਨਿਪਟਾਰਾ ਨਾ ਕਰਨ ਸਬੰਧੀ ਰੋਸ ਪੱਤਰ ਸੌਂਪਿਆ ਗਿਆ। ਮੰਗਾਂ ਦਾ ਜਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਮਾਸਟਰ ਤੋਂ ਲੈਕਚਰਾਰ ਅਤੇ ਈਟੀਟੀ / ਓਸੀਟੀ ਤੋਂ ਮਾਸਟਰ ਕਾਡਰ ਵਿੱਚ ਹੋਈਆਂ ਤਰੱਕੀਆਂ ਸਮੇਂ ਦੂਰ ਦੁਰਾਡੇ ਦਿੱਤੇ ਸਟੇਸ਼ਨਾਂ ਦੀ ਥਾਂ ਮੁੜ ਸਟੇਸ਼ਨ ਚੋਣ ਕਰਵਾਈ ਜਾਵੇ।
ਪੀ. ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਆਦਿ ਸੀ. ਐਂਡ ਵੀ. ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਰੱਦ ਕੀਤੇ ਜਾਣ, 16 ਫਰਵਰੀ ਦੀ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਦਾ ਪੱਤਰ ਰੱਦ ਕੀਤਾ ਜਾਵੇ, 2018 ਦੇ ਅਧਿਆਪਕ ਵਿਰੋਧੀ ਨਿਯਮਾਂ ਨੂੰ ਰੱਦ ਕੀਤਾ ਜਾਵੇ, ਰਾਸ਼ਟਰੀ ਸਿੱਖਿਆ ਨੀਤੀ 2020 ਦੀ ਥਾਂ ਪੰਜਾਬ ਦੀ ਨਵੀਂ ਸਿੱਖਿਆ ਨੀਤੀ ਬਣਾਈ ਜਾਵੇ।
ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ, ਮੈਰੀਟੋਰੀਅਸ ਸਕੂਲਾਂ ਅਤੇ ਆਦਰਸ਼ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆ ਜਾਵੇ, 8886 ਅਧਿਆਪਕਾਂ ਦੀਆਂ ਛੁੱਟੀਆਂ ਲਈ ਪਿਛਲੀ ਸੇਵਾ ਗਿਣਨ ਦੀ ਮੰਗ, ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ ਸਮੇਤ ਅਧਿਆਪਕਾਂ ਦੇ ਸਮੁੱਚੇ ਮਸਲੇ ਹੱਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਉਚੇਰੀ ਗ੍ਰੇਡ ਪੇ ਬਹਾਲ ਕਰਦਿਆਂ 1-1-2016 ਤੋਂ 125% ਮਹਿੰਗਾਈ ਭੱਤੇ ‘ਤੇ ਤਨਖਾਹ ਦੁਹਰਾਈ ਕਰਨ ਉਪਰੰਤ ਬਣਦੇ ਬਕਾਏ ਯਕਮੁਸ਼ਤ ਤੁਰੰਤ ਜਾਰੀ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਪੇਂਡੂ ਭੱਤੇ ਸਮੇਤ ਸੋਧਣ ਦੇ ਨਾਂ ‘ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕੀਤੇ ਜਾਣ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ।