All Latest NewsNews FlashPunjab News

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਤਨਖਾਹ ਸਕੇਲਾਂ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਵੱਡਾ ਧੋਖਾ: ਸਿੰਦਰ ਧੌਲਾ

 

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਾਮੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ: ਰੂਪ ਚੰਦ ਤਪਾ

ਦਲਜੀਤ ਕੌਰ, ਬਰਨਾਲਾ

ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੀ ਸਾਂਝੀ ਮੀਟਿੰਗ ਸਾਥੀ ਰੂਪ ਚੰਦ ਤਪਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰ ਚਰਚਾ ਅਧੀਨ ਆਏ ਮਸਲਿਆਂ ਸਬੰਧੀ ਜਾਣਕਾਰੀ ਸ਼ਹਿਰੀ ਮੰਡਲ ਬਰਨਾਲਾ ਦੇ ਸਕੱਤਰ ਗੁਰਚਰਨ ਸਿੰਘ ਨੇ ਦਿੱਤੀ।

ਮੀਟਿੰਗ ਵਿੱਚ ਆਗੂਆਂ‌ ਸ਼ਿੰਦਰ ਸਿੰਘ ਧੌਲਾ, ਜੱਗਾ ਸਿੰਘ ਧਨੌਲਾ, ਮੋਹਣ ਸਿੰਘ ਛੰਨਾਂ, ਸਿਕੰਦਰ ਸਿੰਘ ਤਪਾ ਨੇ ਪਿਛਲੇ ਸਮੇਂ ਦੌਰਾਨ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਪੈਨਸ਼ਨਰਾਂ ਸਾਥੀਆਂ ਵੱਲੋਂ ਪਾਏ ਭਰਪੂਰ ਯੋਗਦਾਨ ਦੀ ਜ਼ੋਰਦਾਰ ਸ਼ਲਾਘਾ ਕੀਤੀ।

ਆਗੂਆਂ ਨੇ ਕਿਹਾ ਕਿ ਮਨੇਜਮੈਂਟ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਬਿਜਲੀ ਬੋਰਡ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਅਡਾਨੀਆਂ-ਅੰਬਾਨੀਆਂ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਸੌਂਪਿਆ ਜਾ ਰਿਹਾ ਹੈ।

ਬਿਜਲੀ ਬੋਰਡ ਅੰਦਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ 2016 ਤੋਂ ਸੱਤਵੇਂ ਤਨਖ਼ਾਹ ਕਮਿਸ਼ਨ ਦਾ 60 ਮਹੀਨਿਆਂ ਦਾ ਤਨਖ਼ਾਹ ਸਕੇਲਾਂ ਦਾ ਲੱਖਾਂ ਰੁਪਏ ਦਾ ਬਕਾਇਆ ਅਤੇ ਮਹਿੰਗਾਈ ਭੱਤਾ ਅਦਾ ਕਰਨ ਦਾ ਨੋਟੀਫਿਕੇਸ਼ਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵੱਡਾ ਧੋਖਾ ਹੈ।

ਆਗੂਆਂ ਕਿਹਾ ਕਿ ਹਾਲਾਂ ਕਿ ਪੰਜਾਬ ਸਰਕਾਰ ਨੂੰ ਇਹ ਧੋਖੇ ਭਰਿਆ ਨੋਟੀਫਿਕੇਸ਼ਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਲੰਬੇ ਸੰਘਰਸ਼ ਉਪਰੰਤ ਹੀ ਜਾਰੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਆਊਟਸੋਰਸ/ਠੇਕੇਦਾਰੀ ਸਿਸਟਮ ਰਾਹੀਂ ਨਿਗੂਣੀਆਂ ਤਨਖਾਹਾਂ ਰਾਹੀਂ ਅੰਨ੍ਹੀ ਉਜਰਤੀ ਲੁੱਟ ਕੀਤੀ ਜਾ ਰਹੀ ਹੈ।

ਪੱਕੀ ਭਰਤੀ ਨਾਂ ਮਾਤਰ ਹੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ 25-25 ਸਾਲ ਤੋਂ ਸੀਐਚਬੀ/ਆਊਟਸੋਰਸ/ਕੰਟਰੈਕੂਐਚਲ ਕਾਮਿਆਂ ਨੂੰ ਮੁੱਖ ਮੰਤਰੀ ਦੇ ਹਰੇ ਪੈੱਨ ਦੀ ਉਡੀਕ ਹੈ।

ਇਸ ਸਮੇਂ ਆਗੂਆਂ ਬਹਾਦਰ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ, ਰਾਮ ਪਾਲ ਸਿੰਘ, ਅਬਜਿੰਦਰ ਸਿੰਘ, ਤਰਸੇਮ ਬਾਵਾ, ਜਗਰਾਜ ਸਿੰਘ, ਰਾਮ ਲਖਣ, ਬਲਵੀਰ ਸਿੰਘ, ਸੁਖਵੰਤ ਸਿੰਘ, ਜੋਗਿੰਦਰ ਪਾਲ, ਰਣਬੀਰ ਸਿੰਘ ਆਦਿ ਆਗੂਆਂ ਨੇ ਪੈਨਸ਼ਨਰਜ਼ ਦੀਆਂ ਤਨਖ਼ਾਹ ਸਕੇਲਾਂ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਜ਼ੋਰਦਾਰ ਸੱਦਾ ਦਿੱਤਾ।

 

Leave a Reply

Your email address will not be published. Required fields are marked *