ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੰਤਰੀ ਅਮਨ ਅਰੋੜਾ ਦੀ ਸਖ਼ਤ ਚੇਤਾਵਨੀ! ਕਿਹਾ- ਠੀਕ ਢੰਗ ਨਾਲ ਨੌਕਰੀ ਕਰੋ, ਨਹੀਂ ਤਾਂ ਕਰ ਦਿਆਂਗੇ ‘ਸੇਵਾਮੁਕਤ’
ਅਧਿਕਾਰੀਆਂ ਤੇ ਕਰਮਚਾਰੀਆਂ ਮਾੜੀਆਂ ਆਦਤਾਂ ਛੱਡ ਦੇਣ ਨਹੀਂ ਤਾਂ ਤਨਖਾਹ ਤੋਂ ਪੈਨਸ਼ਨ ’ਤੇ ਲਿਆਉਣ ਨੰ ਬਹੁਤਾ ਸਮਾਂ ਨਹੀਂ ਲੱਗਣਾ
ਚੰਡੀਗੜ੍ਹ-
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਪ ਪ੍ਰਧਾਨ ਅਮਨ ਅਰੋੜਾ ਨੇ ਸੂਬੇ ਦੀ ਅਫਸਰਸਾਹੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਸਰਕਾਰੀ ਸੀਟਾਂ ’ਤੇ ਬੈਠਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਉਹ ਮਾੜੀਆਂ ਆਦਤਾਂ ਛੱਡ ਦੇਣ ਨਹੀਂ ਤਾਂ ਤਨਖਾਹ ਤੋਂ ਪੈਨਸ਼ਨ ’ਤੇ ਲਿਆਉਣ ਨੰ ਬਹੁਤਾ ਸਮਾਂ ਨਹੀਂ ਲੱਗਣਾ।
ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਵਿਧਾਨ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ 80 ਹਜ਼ਾਰ ਤੋਂ ਘੱਟ ਆਮਦਨ ਵਾਲੇ ਵਿਅਕਤੀਆਂ ਦਾ ਇਨਕਮ ਟੈਕਸ ਸਰਟੀਫਿਕੇਟ ਬਣਾਉਣ ਦਾ ਮੁੱਦਾ ਚੁੱਕਿਆ ਸੀ। ਇਸਦੇ ਜਵਾਬ ਵਿਚ ਅਮਨ ਅਰੋੜਾ ਨੇ ਕਿਹਾ ਕਿ 80 ਹਜ਼ਾਰ ਦੀ ਕੋਈ ਸ਼ਰਤ ਨਹੀਂ ਹੈ।
ਘੱਟ ਆਮਦਨ, ਇਥੋ ਤੱਕ ਕਿ ਸਿਫ਼ਰ ਆਮਦਨ ਦਾ ਵੀ ਸਰਟੀਫਿਕੇਟ ਬਣਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਤਹਿਸੀਲਦਾਰ ਨੇ ਅਸਲ ਆਮਦਨ ਚੈੱਕ ਕਰਨ ਜਾਂ ਫਿਰ ਗ਼ਲਤ ਸਰਟੀਫਿਕੇਟ ਬਣਾਉਣ ਦੇ ਡਰ ਕਾਰਨ ਸੁਵਿਧਾ ਕੇਂਦਰ ਦੇ ਸਟਾਫ਼ ਨੂੰ ਅਰਜ਼ੀ ਨਾ ਲੈਣ ਦੀ ਗੱਲ ਕਹੀ ਹੋਵੇ।
ਅਰੋੜਾ ’ਤੇ ਟਿੱਪਣੀ ਕਰਦੇ ਹੋਏ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਜਿਹੜੇ ਤਹਿਸੀਲਦਾਰ ਨੇ ਕੰਮ ਨਹੀਂ ਕੀਤਾ, ਉਸਤੇ ’ਤੇ ਕੀ ਐਕਸ਼ਨ ਕੀਤਾ ਹੈ? ਇਸਦੇ ਜਵਾਬ ਵਿਚ ਅਰੋੜਾ ਨੇ ਕਿਹਾ ਕਿ ਉਹਨਾਂ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਪੁੱਛਿਆ, ਫਿਰ ਘੋਲੂ (ਜਿਸ ਵਿਅਕਤੀ ਦਾ ਕੰਮ ਸੀ) ਨੂੰ ਪੁੱਛਿਆ, ਫੇਰ ਡੀਸੀ ਨੂੰ ਵੀ ਨਾਮ ਬਾਰੇ ਪੁੱਛਿਆ ਪਰ ਪਤਾ ਨਹੀਂ ਲੱਗਿਆ।
ਅਰੋੜਾ ਨੇ ਕਿਹਾ ਕਿ ਡੀਸੀ ਨੇ ਉਸ ਸਮੇਂ ਦੌਰਾਨ ਚਾਰ ਤਹਿਸੀਲਦਾਰਾਂ ਦੇ ਹਾਜ਼ਰ ਹੋਣ ਦੀ ਗੱਲ ਕਹੀ ਸੀ। ਇਸ ’ਤੇ ਰਾਣਾ ਨੇ ਫਿਰ ਟਿੱਪਣੀ ਕੀਤੀ। ਅਮਨ ਅਰੋੜਾ ਨੇ ਰਾਣਾ ਗੁਰਜੀਤ ਸਿੰਘ ਨੂੰ ਸਵਾਲ ਕੀਤਾ ਕਿ ਉਹ ਨਾਮ ਦੱਸਣ ਫਿਰ ਦੇਖੋ “ਛਾਲ ਨਾ ਚੁਕਾ ਦਿੱਤੀ ਤਾਂ ਅਮਨ ਨਾ ਕਹਿਓ।”