Punjab News: ਅਧਿਆਪਕਾਂ ਦੀ ਇੱਕ ਹੋਰ ਵੱਡੀ ਜਿੱਤ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਅਹਿਮ ਹੁਕਮ
5178 ਭਰਤੀ ਅਧੀਨ ਨਿਯੁਕਤ ਅਧਿਆਪਕਾਂ ਨੂੰ ਪਰਖ ਕਾਲ ਵਿੱਚ ਪੂਰੀ ਤਨਖ਼ਾਹ ਦੀ ਪ੍ਰਾਪਤੀ ਵੱਲ ਅਹਿਮ ਜਿੱਤ ਲਈ ਡੀਟੀਐੱਫ ਵੱਲੋਂ ਬਹੁਤ ਮੁਬਾਰਕਾਂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਕਈ ਦਿਨਾਂ ਤੋਂ ਜਥੇਬੰਦੀ ਵੱਲੋਂ ਲਗਾਤਾਰ 5178 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰਾ ਸਕੇਲ ਦੇਣ ਦੀ ਮੰਗ ਦੇ ਪੱਖ ਵਿੱਚ ਜਥੇਬੰਦਕ ਯਤਨ ਕੀਤੇ ਜਾ ਰਹੇ ਸਨ ਅਤੇ ਸਿੱਖਿਆ ਵਿਭਾਗ ਨੂੰ ਡੀਟੀਐੱਫ ਦੇ ਸੂਬਾ ਸੰਯੁਕਤ ਸਕੱਤਰ ਸਾਥੀ ਜਸਵਿੰਦਰ ਔਜਲਾ, ਵਿਕਰਮਜੀਤ ਸਿੰਘ (ਜਿਲ੍ਹਾ ਪ੍ਰਧਾਨ ਮਾਲੇਰਕੋਟਲਾ) ਅਤੇ ਡੀਟੀਐੱਫ ਆਗੂ ਲਖਵੀਰ ਸਿੰਘ ਬਰਨਾਲਾ ਅਤੇ ਉਨ੍ਹਾਂ ਦੀ ਬਾਕੀ ਟੀਮ ਦੇ ਸਹਿਯੋਗ ਨਾਲ ਸਾਰੇ ਦਸਤਾਵੇਜ਼ ਵੀ ਮੁਹੱਈਆ ਕਰਵਾਏ ਜਾ ਰਹੇ ਸਨ।
ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਵੀ ਹਾਂ ਪੱਖੀ ਰਵਈਏ ਦਿਖਾਉਂਦੇ ਹੋਏ ਅੱਜ ਇਸ ਮਾਮਲੇ ਨੂੰ ਅੱਗੇ ਵਧਾਇਆ ਅਤੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 5178 ਅਧਿਆਪਕਾਂ ਨੂੰ 3442 ਅਧਿਆਪਕ ਕਾਡਰ ਦੀ ਤਰਜ ‘ਤੇ ਪਰਖ ਸਮੇਂ ਦੌਰਾਨ ਪੂਰਾ ਤਨਖਾਹ ਸਕੇਲ ਦੇਣ ਦੇ ਹੱਕ ਵਿੱਚ ਲਿਖਤੀ ਹਲਫੀਆ ਬਿਆਨ ਦੇ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਅਧੀਨ ਹੋਈਆਂ ਦੋਵੇਂ ਭਰਤੀਆਂ ਦੇ ਇਸ਼ਤਿਹਾਰ ਪਰਖ ਸਮਾਂ ਐਕਟ ਦੇ ਲਾਗੂ ਹੋਣ ਤੋਂ ਪਹਿਲਾ ਆਏ ਹੋਣ ਸਦਕਾ ਇੱਕ ਭਰਤੀ (3442) ਨੂੰ ਤਾਂ ਪਰਖ ਸਮੇਂ ਵਿੱਚ ਪੂਰਾ ਸਕੇਲ ਮਿਲਿਆ, ਪਰ ਦੂਜੀ ਭਰਤੀ (5178) ਨਾਲ ਉਸ ਸਮੇਂ ਦੀ ਸਰਕਾਰ ਤੇ ਉੱਚ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਕਰਦਿਆਂ ਪਰਖ ਸਮੇਂ ਦੌਰਾਨ ਪੂਰਾ ਤਨਖ਼ਾਹ ਸਕੇਲ ਨਹੀਂ ਦਿੱਤਾ ਸੀ। ਇਸ ਸਭ ਲਈ ਜਮੀਨੀ ਪੱਧਰ ‘ਤੇ ਸੰਘਰਸ਼ਾਂ ਦਾ ਹਿੱਸਾ ਬਣਨ ਅਤੇ ਕਾਨੂੰਨੀ ਚਾਰਜ਼ੋਈ ਕਰਨ ਵਾਲੇ ਸਮੂਹ 5178 ਅਧਿਆਪਕਾਂ ਨੂੰ ਜਥੇਬੰਦੀ ਵੱਲੋਂ ਬਹੁਤ ਮੁਬਾਰਕਾਂ। ਇਸ ਫੈਸਲੇ ਦੇ ਹਕੀਕੀ ਤੌਰ ‘ਤੇ ਲਾਗੂ ਹੋਣ ਤੱਕ ਜਥੇਬੰਦੀ ਹਰ ਪੱਖੋਂ ਯਤਨ ਜਾਰੀ ਰੱਖੇਗੀ।
ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 5178 ਅਧਿਆਪਕਾਂ ਨੂੰ 3442 ਅਧਿਆਪਕ ਕਾਡਰ ਦੀ ਤਰਜ ‘ਤੇ ਪਰਖ ਸਮੇਂ ਦੌਰਾਨ ਪੂਰਾ ਤਨਖਾਹ ਸਕੇਲ ਦੇਣ ਦੇ ਹੱਕ ਵਿੱਚ ਲਿਖਤੀ ਹਲਫੀਆ ਬਿਆਨ ਦੇ ਦਿੱਤਾ ਗਿਆ ਹੈ।