Punjab News- ਵੱਡਾ ਖੁਲਾਸਾ: ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀ ਭਾਰੀ ਘਾਟ; 1927 ‘ਚੋਂ 856 ਅਹੁਦੇ ਖਾਲੀ
Punjab News: ਪੰਜਾਬ ਸਰਕਾਰ ਦੇ ਵੱਲੋਂ ਇਕ ਪਾਸੇ ਜਿੱਥੇ ਸਿੱਖਿਆ ਕ੍ਰਾਂਤੀ ਦੇ ਲੰਮੇ ਚੌੜੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਸਿੱਖਿਆ ਕ੍ਰਾਂਤੀ ਦੀ ਪੋਲ ਇੱਕ ਆਰਟੀਆਈ ਨੇ ਖੋਲ੍ਹ ਕੇ ਰੱਖ ਦਿੱਤੀ ਹੈ।
ਦਰਅਸਲ, ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੇ ਅਹੁਦਿਆਂ ‘ਤੇ ਖਾਲੀਆਂ ਦੀ ਗੰਭੀਰ ਸਮੱਸਿਆ ਸਾਹਮਣੇ ਆਈ ਹੈ।
ਸੂਬੇ ਵਿੱਚ ਕੁੱਲ 1,927 ਮੰਜ਼ੂਰਸ਼ੁਦਾ ਅਹੁਦਿਆਂ ਵਿੱਚੋਂ 856 ਅਹੁਦੇ ਖਾਲੀ ਪਏ ਹਨ। ਜ਼ਿਲ੍ਹਾ ਬਠਿੰਡਾ (82), ਲੁਧਿਆਣਾ (69) ਅਤੇ ਹੁਸ਼ਿਆਰਪੁਰ (64) ਵਿੱਚ ਸਭ ਤੋਂ ਵੱਧ ਪ੍ਰਿੰਸੀਪਲਾਂ ਦੀਆਂ ਥਾਂਵਾਂ ਖਾਲੀ ਹਨ।
ਡੈਮੋਕ੍ਰੈਟਿਕ ਟੀਚਰਜ਼ ਯੂਨੀਅਨ ਦਾ ਆਰਟੀਆਈ ਖੁਲਾਸਾ
ਡੈਮੋਕ੍ਰੈਟਿਕ ਟੀਚਰਜ਼ ਯੂਨੀਅਨ (RTI) ਨੇ ਆਰਟੀਆਈ ਰਾਹੀਂ ਪ੍ਰਾਪਤ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਕਈ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਚੱਲ ਰਹੇ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। ਯੂਨੀਅਨ ਦਾ ਕਹਿਣਾ ਹੈ ਕਿ “ਸਿੱਖਿਆ ਕ੍ਰਾਂਤੀ” ਵਰਗੀਆਂ ਮੁਹਿੰਮਾਂ ਦੇ ਬਾਵਜੂਦ ਅਸਲ ਸਮੱਸਿਆ ਹੱਲ ਨਹੀਂ ਹੋ ਰਹੀ।
ਸਿੱਖਿਆ ਮੰਤਰੀ ਦਾ ਵਾਅਦਾ, ਪਰ ਕਾਰਵਾਈ ਨਹੀਂ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਹਿਲਾਂ ਐਲਾਨ ਕੀਤਾ ਸੀ ਕਿ 75% ਪ੍ਰਿੰਸੀਪਲਾਂ ਦੀ ਭਰਤੀ ਡਾਇਰੈਕਟ ਭਰਤੀ ਰਾਹੀਂ ਅਤੇ 25% ਅੰਦਰੂਨੀ ਤਰੱਕੀ ਰਾਹੀਂ ਕੀਤੀ ਜਾਵੇਗੀ। ਹਾਲਾਂਕਿ, ਇਸ ਯੋਜਨਾ ‘ਤੇ ਅਜੇ ਤੱਕ ਠੋਸ ਕਾਰਵਾਈ ਨਹੀਂ ਹੋਈ।
ਲੈਕਚਰਾਰ ਨਾ-ਖੁਸ਼
ਕੁਝ ਸੀਨੀਅਰ ਲੈਕਚਰਾਰਾਂ ਨੇ ਸ਼ਿਕਾਇਤ ਕੀਤੀ ਕਿ ਤਿੰਨ ਦਹਾਕਿਆਂ ਦੀ ਸੇਵਾ ਦੇ ਬਾਵਜੂਦ ਉਹਨਾਂ ਨੂੰ ਪ੍ਰਿੰਸੀਪਲ ਦੇ ਅਹੁਦੇ ‘ਤੇ ਤਰੱਕੀ ਨਹੀਂ ਮਿਲੀ। ਕਈ ਅਧਿਆਪਕ ਤਾਂ ਬਿਨਾਂ ਤਰੱਕੀ ਦੇ ਹੀ ਰਿਟਾਇਰ ਹੋ ਗਏ ਜਾਂ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕੇ ਹਨ। ਸਿੱਖਿਆ ਕਰਮੀ ਤੇ ਮਾਹਿਰਾਂ ਵੱਲੋਂ ਇਸ ਸਥਿਤੀ ਨੂੰ ਸੁਧਾਰਨ ਲਈ ਸਰਕਾਰ ਦੁਆਰਾ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
‘ਆਪ’ ਦਾ ਸਿੱਖਿਆ ਮਾਡਲ ਫੇਲ੍ਹ-ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਵਿਗੜਦੀ ਹਾਲਤ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਪ’ ਦਾ ਸਿੱਖਿਆ ਮਾਡਲ ਫੇਲ੍ਹ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ 1927 ਸਰਕਾਰੀ ਸਕੂਲਾਂ ਵਿਚੋਂ 856 ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ, ਅਧਿਆਪਕ ਤਰੱਕੀਆਂ ਦੀ ਉਡੀਕ ਕਰਦੇ ਹੋਏ ਸੇਵਾਮੁਕਤ ਹੋ ਰਹੇ ਹਨ, ਸਕੂਲ ਬਿਨਾਂ ਲੀਡਰਸ਼ਿਪ ਦੇ ਚਲਾਏ ਜਾ ਰਹੇ ਹਨ ਪਰ ਸਰਕਾਰ ਹਾਲੇ ਤੱਕ ਸੁੱਤੀ ਹੋਈ ਹੈ। ਬਾਜਵਾ ਨੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਜਨ ਸੰਪਰਕ ਦੀ ਚਾਲ ਤੋਂ ਵੱਧ ਕੁਝ ਨਹੀਂ।
ਉਨ੍ਹਾਂ ਕਿਹਾ ਕਿ ਜਦੋਂ ਸਕੂਲ ਢਹਿ-ਢੇਰੀ ਹੋ ਰਹੇ ਹਨ ਤਾਂ ਇਸ ਸਰਕਾਰ ਨੇ ਫ਼ੋਟੋ ਖਿੱਚਣ ਲਈ ਗਰੇਨਾਈਟ ਦੇ ਪੱਥਰਾਂ ’ਤੇ 12 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਇਨਕਲਾਬ ਨਹੀਂ ਹੈ ਅਤੇ ਇਹ ਪੰਜਾਬ ਦੇ ਮਿਹਨਤੀ ਅਧਿਆਪਕਾਂ ਦਾ ਅਪਮਾਨ ਹੈ।