ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ! ਸਰਕਾਰੀ ਸਕੂਲਾਂ ਦੀਆਂ 93 ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦਾ ਹੋਵੇਗਾ ਸਾਇਕੋਮੈਟਰਿਕ ਟੈਸਟ

All Latest NewsNews FlashPunjab NewsTop BreakingTOP STORIES

 

ਸਰਕਾਰੀ ਸਕੂਲਾਂ ਦੀਆਂ 93 ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦੀ ਯੋਗਤਾ ਤੇ ਰੁਚੀ ਦਾ ਪਤਾ ਲਗਾਉਣ ਲਈ ਹੋਵੇਗਾ ਸਾਇਕੋਮੈਟਰਿਕ ਟੈਸਟ

6.56 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ 10ਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਦਾ ਹੋਵੇਗਾ ਟੈਸਟ: ਹਰਜੋਤ ਬੈਂਸ

31 ਮਾਰਚ ਤੱਕ ਟੈਸਟ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ: ਸਕੂਲ ਸਿੱਖਿਆ ਮੰਤਰੀ

ਪੰਜਾਬ ਨੈੱਟਵਰਕ, ਚੰਡੀਗੜ੍ਹ

ਇੱਕ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਕਰੀਅਰ ਪ੍ਰਤੀ ਰੁਚੀ, ਸਮਰੱਥਾ ਅਤੇ ਯੋਗਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦਾ ਸਾਇਕੋਮੈਟਰਿਕ ਟੈਸਟ ਕਰਵਾਇਆ ਜਾਵੇਗਾ।

ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਵੱਲੋਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਸਾਇਕੋਮੈਟਰਿਕ ਟੈਸਟ ਲਈ ਸਾਰੇ ਜ਼ਿਲ੍ਹਿਆਂ ਨੂੰ 6.56 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ 31 ਮਾਰਚ, 2025 ਤੱਕ 10ਵੀਂ ਜਮਾਤ ਵਿੱਚ ਪੜ੍ਹਦੀਆਂ ਸਾਰੀਆਂ 93,819 ਵਿਦਿਆਰਥਣਾਂ ਦਾ ਟੈਸਟ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂਕਰਨ ਲਈ ਸੂਬੇ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀਆਂ ਆਪੋ-ਆਪਣੇ ਜ਼ਿਲ੍ਹਿਆਂ ਦੇ ਅੰਦਰ ਟੈਸਟਿੰਗ ਪ੍ਰਕਿਰਿਆ ਅਤੇ ਸਾਰੇ ਕਾਰਜਾਂ ਦੀ ਨਿਗਰਾਨੀ ਕਰਨਗੀਆਂ।

ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਮਾਨਸਿਕ ਸਮਰੱਥਾਵਾਂ, ਰੁਚੀਆਂ ਅਤੇ ਸ਼ਖਸੀਅਤ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਜੋ ਉਨ੍ਹਾਂ ਦਾ ਢੁਕਵੇਂ ਕਰੀਅਰ ਦੀ ਚੋਣ ਕਰਨ ਵਿੱਚ ਮਾਰਗਦਰਸ਼ਨ ਕੀਤਾ ਜਾ ਸਕੇ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ 10ਵੀਂ ਦੀ ਬੋਰਡ ਪ੍ਰੀਖਿਆ ਤੋਂ ਬਾਅਦ ਆਪਣੇ ਭਵਿੱਖੀ ਕਰੀਅਰ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰਦੇ ਹਨ। ਇਹ ਫੈਸਲਾ 11ਵੀਂ ਜਮਾਤ ਵਿੱਚ ਸਟ੍ਰੀਮ ਦੀ ਚੋਣ ਨੂੰ ਪ੍ਰਭਾਵਿਤ ਕਰਦਾ ਹੈ।

ਹਾਲਾਂਕਿ ਪ੍ਰਾਈਵੇਟ ਸਕੂਲ ਅਕਸਰ ਕਰੀਅਰ ਕਾਉਂਸਲਿੰਗ ਪ੍ਰਦਾਨ ਕਰਦੇ ਹਨ ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਇਸ ਸਹੂਲਤ ਦੀ ਘਾਟ ਸੀ, ਜਿਸ ਕਾਰਨ ਉਹ ਆਪਣੇ ਸਾਥੀ ਜਮਾਤੀਆਂ ਨੂੰ ਦੇਖ ਕੇ ਉਨ੍ਹਾਂ ਵਾਲੇ ਸਟ੍ਰੀਮ ਦੀ ਚੋਣ ਕਰ ਲੈਂਦੇ ਸਨ। ਇਸ ਕਾਰਨ ਅਕਸਰ ਕਈ ਵਿਦਿਆਰਥੀ ਅਜਿਹੇ ਸਟ੍ਰੀਮ ਦੀ ਚੋਣ ਕਰ ਲੈਂਦੇ ਸਨ, ਜੋ ਉਹਨਾਂ ਦੀ ਰੁਚੀ ਅਤੇ ਕਾਬਲੀਅਤ ਨਾਲ ਮੇਲ ਨਹੀਂ ਖਾਂਦਾ ਹੁੰਦਾ ਸੀ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਅਹਿਮੀਅਤ ਨੂੰ ਸਮਝਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਰਾਬਰ ਮੌਕੇ ਤੇ ਸਹੂਲਤਾਂ ਪ੍ਰਦਾਨ ਕਰਨ ਲਈ ਸਾਇਕੋਮੈਟਰਿਕ ਟੈਸਟ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਵਿਦਿਆਰਥੀਆਂ ਨੂੰ ਅਜਿਹੇ ਮਾਰਗ ਦੀ ਚੋਣ ਕਰਨ ਦੀ ਸਮਰੱਥਾ ਪ੍ਰਦਾਨ ਕਰੇਗੀ ਜੋ ਉਹਨਾਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨਾਲ ਮੇਲ ਖਾਂਦਾ ਹੋਵੇ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ਼ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਪ੍ਰਤੀ ਵਧੇਰੇ ਆਤਮਵਿਸ਼ਵਾਸੀ ਅਤੇ ਜਾਗਰੂਕ ਬਣਾਏਗੀ ਬਲਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਮਿਆਰ ਵਿੱਚ ਵੀ ਸੁਧਾਰ ਕਰੇਗੀ।

 

Media PBN Staff

Media PBN Staff

Leave a Reply

Your email address will not be published. Required fields are marked *