ਬੁਲਡੋਜ਼ਰ ਕਾਰਵਾਈ! ਭਗਵੰਤ ਮਾਨ ਸਰਕਾਰ ਵੀ ਚੱਲੀ ਯੋਗੀ ਦੇ ਰਾਹ
ਸੰਵਿਧਾਨਕ ਅਮਲ ਨੂੰ ਪੂਰਾ ਕਰਨ ਤੋਂ ਬਿਨਾਂ ਬੁਲਡੋਜਰ ਮੁਹਿੰਮ ਦਾ ਖਤਰਨਾਕ ਰੁਝਾਣ ਬੰਦ ਕਰੋ: ਨਰਾਇਣ ਦੱਤ
ਦਲਜੀਤ ਕੌਰ, ਬਰਨਾਲਾ:
ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੰਜਾਬ ਪੁਲਿਸ ਵੱਲੋਂ ਕਥਿਤ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਦਾ ਇਨਕਲਾਬੀ ਕੇਂਦਰ ਪੰਜਾਬ ਨੇ ਗੰਭੀਰ ਨੋਟਿਸ ਲੈਂਦਿਆਂ ਇਸਨੂੰ ਚਿੰਤਾਜਨਕ ਵਰਤਾਰਾ ਕਰਾਰ ਦਿੱਤਾ ਹੈ। ਇਸ ਨੂੰ ਇਨਸਾਫ ਦੇ ਜਮਹੂਰੀ ਤਕਾਜ਼ੇ ਦੀ ਉਲੰਘਣਾ ਦੱਸਦਿਆਂ ਇਸ ਗ਼ਲਤ ਤੇ ਧੱਕੜ ਅਮਲ ਨੂੰ ਰੋਕ ਕੇ ਸਜ਼ਾਵਾਂ ਲਈ ਸੰਵਿਧਾਨਿਕ ਤੇ ਜਮਹੂਰੀ ਅਮਲ ਲਾਗੂ ਕਰਨ ਦੀ ਮੰਗ ਕੀਤੀ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਸੂਬਾ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੇ ਕਹਿਰ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੱਧਰਾਂ ‘ਤੇ ਕਾਰਵਾਈ ਅਮਲ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਨਸ਼ਿਆਂ ਦੇ ਵਰਤਾਰੇ ਖਿਲਾਫ਼ ਕਾਰਵਾਈ ਅਮਲ ਠੀਕ ਹੋ ਸਕਦੀ ਹੈ ਪਰ ਤਿੰਨ ਵਰ੍ਹੇ ਤੱਕ ਸੁੱਤੀ ਰਹੀ ਤੇ ਇਸ ਗੰਭੀਰ ਸਮੱਸਿਆ ਨੂੰ ਅਣਗੌਲੇ ਕਰਕੇ ਇਸ ਦੇ ਹੋਰ ਪਸਾਰੇ ਵਿੱਚ ਹਿੱਸੇਦਾਰ ਰਹੀ ਪੰਜਾਬ ਸਰਕਾਰ ਨੇ ਹੁਣ ਅਚਨਚੇਤ ਇਸ ਸਮੱਸਿਆ ਪ੍ਰਤੀ ਗੰਭੀਰ ਹੋਣ ਤੇ ਮੁਸ਼ਤੈਦੀ ਦਾ ਪ੍ਰਭਾਵ ਦੇਣ ਲਈ ਕਥਿਤ ਦੋਸ਼ੀਆਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਦੀ ਗੈਰ-ਕਾਨੂੰਨੀ ਤੇ ਧੱਕੜ ਕਾਰਵਾਈ ਦਾ ਰਾਹ ਫੜਿਆ ਹੈ ਜਿਹੜਾ ਇਨਸਾਫ਼ ਦੇ ਜਮਹੂਰੀ ਤਕਾਜ਼ਿਆਂ ਅਨੁਸਾਰ ਪ੍ਰਵਾਨ ਕਰਨ ਯੋਗ ਨਹੀਂ ਹੈ। ਕਿਸੇ ਵੀ ਜੁਰਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਕਾਨੂੰਨੀ ਤੇ ਸੰਵਿਧਾਨਿਕ ਅਮਲ ਅਖਤਿਆਰ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਨੂੰ ਅਜਿਹੀਆਂ ਬੇ-ਹਿਸਾਬ ਸ਼ਕਤੀਆਂ ਦੇਣ ਨੇ ਲੋਕਾਂ ਨਾਲ ਲੋਕਾਂ ‘ਤੇ ਹੋਰ ਜ਼ਬਰ ਕਰਨ ਦਾ ਰਾਹ ਖੋਲ੍ਹਣ ਦਾ ਅਮਲ ਬਣਨਾ ਹੈ। ਪੰਜਾਬ ਦੇ ਲੋਕ ਪਹਿਲਾਂ ਵੀ ਡੇਢ ਦਹਾਕਾ ਪੁਲਿਸ ਨੂੰ ਮਿਲੀਆਂ ਅਜਿਹੀਆਂ ਬੇਲਗਾਮ ਤਾਕਤਾਂ ਦਾ ਸੰਤਾਪ ਹੱਡੀਂ ਹੰਢਾ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਬਿਨਾਂ ਸੰਵਿਧਾਨਕ ਅਮਲ ਪੂਰਾ ਕੀਤਿਆਂ ਕਥਿਤ ਦੋਸ਼ੀਆਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾ ਦੇਣ ਦੀ ਅਜਿਹੀ ਕਾਰਵਾਈ ਨਸ਼ਿਆਂ ਦੇ ਮਾਰੂ ਹੱਲੇ ਤੋਂ ਅੱਕੇ-ਸਤੇ ਪਏ ਪੰਜਾਬ ਦੇ ਲੋਕ-ਮਨਾਂ ‘ਚ ਇਨਸਾਫ਼ ਲਈ ਤਾਂਘ ਦੀਆਂ ਭਾਵਨਾਵਾਂ ਨੂੰ ਵਰਤਣ ਦੀ ਗੈਰ ਜਿੰਮੇਵਾਰਾਨਾ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਅਜਿਹਾ ਅਮਲ ਆਪਣੀਆਂ ਅਸਫ਼ਲਤਾ ਉੱਪਰ ਪਰਦਾਪੋਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਹੈ। ਯੂ.ਪੀ. ਅੰਦਰ ਪਹਿਲਾਂ ਹੀ ਯੋਗੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਵੱਲੋਂ ਲੋਕਾਂ ‘ਤੇ ਜਬਰ ਢਾਹੁਣ ਲਈ ਫ਼ਿਰਕੂ ਫਾਸ਼ੀ ਹੱਲੇ ਕਰਨ ਖ਼ਾਤਰ ਅਜਿਹੇ ਪਿਛਾਖੜੀ ਢੰਗਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੀ ਹੁਣ ਉਸੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸਦੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਉਲੰਘਣਾ ਦੇ ਪੱਖ ਤੋਂ ਗੰਭੀਰ ਨਤੀਜੇ ਭੁਗਤਣੇ ਪੈਣੇ ਹਨ।
ਤਿੰਨ ਸਾਲ ਸਿਰਹਾਣੇ ਬਾਂਹ ਦੇਕੇ ਸੁੱਤੇ ਪੰਜਾਬ ਦੇ ਹਾਕਮਾਂ ਵੱਲੋਂ ਹੁਣ ਅਚਨਚੇਤ ਮੁਸਤੈਦ ਹੋਣ ਦਾ ਵਿਖਾਵਾ ਕਰਦਿਆਂ ਕਦੇ ਗੈਂਗਸਟਰਾਂ ਦੇ ਮੁਕਾਬਲੇ ਬਨਾਉਣ ਅਤੇ ਹੁਣ ਨਸ਼ਾ ਤਸਕਰਾਂ ਖਿਲਾਫ਼ ਬੁਲਡੋਜ਼ਰੀ ਮੁਹਿੰਮ ਚਲਾਕੇਵਾਹ ਵਾਹ ਖੱਟਣ ਦੇ ਖ਼ਤਰਨਾਕ ਰੁਝਾਨ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਆਗੂਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਅਤੇ ਵਧ ਫੁੱਲ ਰਹੇ ਗੈਂਗਸਟਰਵਾਦ ਲਈ ਸਿਆਸਤਦਾਨ ਅਤੇ ਪੁਲਿਸ ਦੀ ਵੱਡੀ ਅਫ਼ਸਰਸ਼ਾਹੀ ਜ਼ਿੰਮੇਵਾਰ ਹੈ ਜਿਨ੍ਹਾਂ ਦਾ ਕਿਸੇ ਨੇ ਵਾਲ ਵਿੰਗਾ ਨਹੀਂ ਕੀਤਾ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਕਾਰਵਾਈਆਂ ਫੌਰੀ ਬੰਦ ਕੀਤੀਆਂ ਜਾਣ ਅਤੇ ਨਸ਼ਿਆਂ ਦੇ ਕਹਿਰ ਨੂੰ ਰੋਕਣ ਲਈ ਗੰਭੀਰਤਾ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਪੰਜਾਬ ਦੇ ਸਭਨਾਂ ਇਨਸਾਫ਼ਪਸੰਦ ਤੇ ਜਮਹੂਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਰਤਾਰੇ ਦਾ ਗੰਭੀਰ ਨੋਟਿਸ ਲੈਣ, ਅਜਿਹੇ ਗੈਰ-ਸੰਵਿਧਾਨਕ ਤੇ ਗੈਰ-ਜਮਹੂਰੀ ਢੰਗ ਦੇ ਵਿਰੋਧ ਵਿੱਚ ਅੱਗੇ ਆਉਣ ਤੇ ਸਾਂਝੀ ਆਵਾਜ਼ ਬੁਲੰਦ ਕਰਨ।