All Latest NewsNews FlashPunjab News

Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਬਣਿਆ ਕੇਂਦਰ ਸਰਕਾਰ ਦਾ ਹੱਥ ਠੋਕਾ! ਦੁਖੀ ਅਧਿਆਪਕਾਂ ਨੇ ਆਪ ਸਰਕਾਰ ਖਿਲਾਫ਼ ਕੀਤਾ ਵੱਡਾ ਐਲਾਨ

 

Punjab News: 8 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਪਟਿਆਲੇ ਤੋਂ ਜਾਣਗੇ ਵੱਡੀ ਗਿਣਤੀ ਅਧਿਆਪਕ, ਆਪ ਸਰਕਾਰ ਵਾਅਦੇ ਕਰਕੇ ਭੁੱਲੀ- ਜਸਵਿੰਦਰ ਸਿੰਘ ਸਮਾਣਾ

ਪੰਜਾਬ ਨੈੱਟਵਰਕ, ਪਟਿਆਲਾ

ਬੀਤੇ ਕੱਲ ਸਾਂਝਾ ਅਧਿਆਪਕ ਮੋਰਚਾ ਦੀ ਇੱਕ ਹੰਗਾਮੀ ਮੀਟਿੰਗ ਪਟਿਆਲਾ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਅਧਿਆਪਕ ਵਰਗ ਦੀਆਂ ਸਰਕਾਰ ਵੱਲੋਂ ਨਾ ਮੰਨੀਆਂ ਗਈਆਂ ਮੰਗਾਂ ਅਤੇ ਮਸਲਿਆਂ ਸਬੰਧੀ ਭਖਵੀਂ ਬਹਿਸ ਹੋਈ। ਜਸਵਿੰਦਰ ਸਿੰਘ ਸਮਾਣਾ ਨੇ ਰੋਸ ਜ਼ਾਹਰ ਕਰਦਿਆਂ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਕੇਂਦਰ ਸਰਕਾਰ ਦਾ ਹੱਥ ਠੋਕਾ ਬਣ ਕੇ ਰਹਿ ਗਿਆ ਹੈ ਅਤੇ ਪੈਰ ਪੈਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ ਜਿਸ ਦੀ ਸਭ ਤੋਂ ਵੱਡੀ ਉਦਾਹਰਨ ਕੌਮੀ ਸਿੱਖਿਆ ਨੀਤੀ 2020 ਹੈ ਜਿਸ ਤਹਿਤ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਦਾ ਉਜਾੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪੀਐਮ ਸ਼੍ਰੀ ਦੇ ਨਾਂ ਹੇਠ ਜਨਤਕ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਅਤੇ ਸਰਕਾਰ ਉਹਨਾਂ ਸਾਰੇ ਵਾਅਦਿਆਂ ਨੂੰ ਭੁੱਲ ਚੁੱਕੀ ਹੈ ਜਿਹੜੇ ਇਸ ਸਰਕਾਰ ਦੇ ਆਗੂਆਂ ਨੇ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ਼ ਕੀਤੇ ਸਨ। ਹਿੰਮਤ ਸਿੰਘ ਖੋਖ ਨੇ ਰੋਸ ਜ਼ਾਹਰ ਕੀਤਾ ਕਿ ਸਰਕਾਰ ਨੇ ਨਾ ਤਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਹੈ ਨਾ ਹੀ 60 ਮਹੀਨਿਆਂ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਹੈ ਅਤੇ ਨਾ ਹੀ ਮਹਿੰਗਾਈ ਭੱਤਾ ਜਾਰੀ ਕੀਤਾ ਹੈ। ਦੀਦਾਰ ਸਿੰਘ ਪਟਿਆਲਾ ਨੇ ਆਖਿਆ ਕਿ ਪੇਂਡੂ ਖੇਤਰ ਦੇ ਅਧਿਆਪਕ ਸ਼ਹਿਰ ਦੇ ਅਧਿਆਪਕਾਂ ਨਾਲੋਂ ਘੱਟ ਤਨਖਾਹ ਲੈਣ ਲਈ ਮਜਬੂਰ ਹਨ ਕਿਉਂਕਿ ਪੇਂਡੂ ਭੱਤੇ ਦਾ ਨਾਂ ਨਿਸ਼ਾਨ ਵੀ ਇੱਕ ਸਰਕਾਰ ਵੱਲੋਂ ਮਿਟਾ ਦਿੱਤਾ ਗਿਆ ਹੈ।

ਏਸੀਪੀ ਸਕੀਮ ਨੂੰ ਸਰਕਾਰ ਵੱਲੋਂ ਅਣਐਲਾਨੇ ਢੰਗ ਨਾਲ ਬੰਦ ਕੀਤਾ ਗਿਆ ਹੈ। ਕਮਲ ਨੈਣ ਸਮਾਣਾ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਤਰੱਕੀਆਂ ਵੇਲੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵੱਲੋਂ ਮਿਡਲ ਅਤੇ ਹਾਈ ਸਕੂਲ ਸ਼ੋ ਨਹੀਂ ਕੀਤੇ ਗਏ ਜਿਸ ਕਾਰਨ ਵੱਡੀ ਗਿਣਤੀ ਅਧਿਆਪਕ ਜਾਂ ਤਾਂ ਤਰੱਕੀਆਂ ਛੱਡਣ ਲਈ ਮਜਬੂਰ ਹੋ ਗਏ ਹਨ ਜਾਂ ਜਾਂ ਫਿਰ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਜੁਆਇੰਨ ਕਰਕੇ ਬੱਸਾਂ ਦੇ ਵਿੱਚ ਧੱਕੇ ਖਾਣ ਲਈ ਮਜਬੂਰ ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਸਟੇਸ਼ਨ ਖਾਲੀ ਹਨ।

ਜਗਪ੍ਰੀਤ ਭਾਟੀਆ ਨੇ ਸਰਕਾਰ ਦੇ ਠੇਕੇਦਾਰੀ ਪ੍ਰਬੰਧ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੰਪਿਊਟਰ ਅਧਿਆਪਕ ਐਨਐਸਕਿਉਐਫ, ਸਿੱਖਿਆ ਪ੍ਰੋਵਾਈਡਰ, ਈਜੀਐਸ, ਆਈਈਆਰਟੀ, ਏਆਈਈ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਸ਼ੋਸ਼ਣ ਕਰਵਾਉਣ ਲਈ ਮਜਬੂਰ ਹਨ, ਨਾ ਤਾਂ ਉਹ ਨੌਕਰੀ ਛੱਡ ਸਕਦੇ ਹਨ ਅਤੇ ਨਾ ਹੀ ਸਰਕਾਰ ਉਹਨਾਂ ਨੂੰ ਸਨਮਾਨਜਨਕ ਤਨਖਾਹਾਂ ਦੇ ਰਹੀ ਹੈ। ਸਰਕਾਰ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।

ਗੁਰਪ੍ਰੀਤ ਸਿੱਧੂ ਨੇ ਦੱਸਿਆ ਕਿ ਉਕਤ ਸਭ ਨੂੰ ਦੇਖਦੇ ਹੋਏ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅੱਠ ਮਾਰਚ 2024 ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ ਅਤੇ ਇਹ ਰੋਸ ਰੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਇੱਕ ਸਬਕ ਹੋਵੇਗੀ ਕਿ ਜਾਂ ਤਾਂ ਪੰਜਾਬ ਦੇ ਅਧਿਆਪਕ ਵਰਗ ਦੀਆਂ ਮੰਗਾਂ ਪ੍ਰਵਾਨ ਕਰੇ ਜਾਂ ਫਿਰ ਲੋਕ ਲੁਭਾਊ ਵਾਅਦਿਆਂ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੇ ਬਦਲੇ ਪੰਜਾਬ ਦੀ ਜਨਤਾ ਤੋਂ ਜਨਤਕ ਤੌਰ ਤੇ ਮੁਆਫੀ ਮੰਗੇ। ਇਸ ਮੌਕੇ ਹਰਪ੍ਰੀਤ ਉੱਪਲ ਹਰਦੀਪ ਸਿੰਘ ਭੋਗੀਵਾਲ ਸੰਦੀਪ ਜੌਹਰ, ਵਿਕਾਸ ਸਹਿਗਲ ਗੁਰਪ੍ਰੀਤ ਸਿੰਘ ਬੱਬਨ ਯਾਦਵਿੰਦਰ ਕੁਮਾਰ ਭਾਦਸੋਂ ਅਤੇ ਹੋਰ ਵੱਡੀ ਗਿਣਤੀ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *