All Latest NewsNews FlashPunjab News

Punjab Breaking: ਸੰਯੁਕਤ ਕਿਸਾਨ ਮੋਰਚੇ ਦੇ ਦਰਜਨਾਂ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

 

ਪਿੰਡਾਂ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਸਿਲਸਿਲਾ ਧੜਾਧੜ ਜਾਰੀ

ਹੱਕੀ ਲੜਾਈ ਲੜਨ ਵਾਲਿਆਂ ਲਈ ਸਰਕਾਰੀ ਜਬਰ ਉਤਸ਼ਾਹ ਦਾ ਸੋਮਾ: ਮਨਜੀਤ ਧਨੇਰ

ਰੋਕਾਂ ਦੇ ਬਾਵਜੂਦ ਕਾਫਲੇ ਚੰਡੀਗੜ੍ਹ ਪਹੁੰਚਣਗੇ: ਹਰਨੇਕ ਮਹਿਮਾ

ਸਰਕਾਰ ਦੇ ਹੰਕਾਰੀ ਰਵੱਈਏ ਦਾ ਦੇਵਾਂਗੇ ਮੂੰਹ ਤੋੜ ਜਵਾਬ: ਗੁਰਦੀਪ ਰਾਮਪੁਰਾ

ਦਲਜੀਤ ਕੌਰ, ਬਰਨਾਲਾ

ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਧਰਨੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦਾ ਝੱਖੜ ਝੁਲਾ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਸੈਂਕੜੇ ਹੀ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ -ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਕਰਮਜੀਤ ਸਿੰਘ ਰਾਮਨਗਰ ਛੰਨਾਂ, ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਹਰਮੀਤ ਸਿੰਘ ਢਾਬਾਂ, ਮਲੇਰਕੋਟਲਾ ਜ਼ਿਲ੍ਹੇ ਦੇ ਪ੍ਰਧਾਨ ਬੂਟਾ ਖਾਨ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਕਪੂਰਥਲਾ ਜ਼ਿਲ੍ਹੇ ਦੇ ਖਜ਼ਾਨਚੀ ਸੁਖਚੈਨ ਸਿੰਘ, ਮਾਨਸਾ ਜ਼ਿਲ੍ਹੇ ਦੇ ਖਜ਼ਾਨਚੀ ਦੇਵੀ ਰਾਮ ਰੰਘੜਿਆਲ, ਬਲਕਾਰ ਸਿੰਘ ਚਹਿਲਾਂ ਵਾਲੀ, ਬਰਨਾਲਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਹਰਮੰਡਲ ਸਿੰਘ ਜੋਧਪੁਰ, ਮੋਗਾ ਜ਼ਿਲ੍ਹੇ ਦੇ ਆਗੂ ਮੰਦਰ ਸਿੰਘ ਭਾਗੀ ਕੇ ਤੋਂ ਇਲਾਵਾ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਦਰਜਨਾਂ ਆਗੂ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਹਨ।

ਜਥੇਬੰਦੀ ਨੇ ਇਸ ਜਬਰ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਰਲ ਕੇ ਪਿੰਡਾਂ ਵਿੱਚ ਅਰਥੀਆਂ ਫੂਕਣ ਦਾ ਸੱਦਾ ਦਿੱਤਾ ਹੈ। ਖ਼ਬਰ ਲਿਖਣ ਤੱਕ ਦਰਜਣਾਂ ਪਿੰਡਾਂ ਵਿੱਚ ਅਰਥੀਆਂ ਫੂਕੀਆਂ ਜਾ ਚੁੱਕੀਆਂ ਹਨ ਅਤੇ ਅਨੇਕਾਂ ਹੀ ਪਿੰਡਾਂ ਵਿੱਚ ਇਹ ਸਿਲਸਿਲਾ ਜਾਰੀ ਹੈ। ਥਾਂ ਥਾਂ ਤੋਂ ਕਿਸਾਨ ਇਕੱਠੇ ਹੋ ਕੇ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਥਾਣਿਆਂ ਵਿੱਚੋਂ ਛੁਡਾਉਣ ਲਈ ਪਹੁੰਚ ਗਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਨੇ ਸੱਦਾ ਦਿੱਤਾ ਹੈ ਕਿ ਪੰਜ ਮਾਰਚ ਨੂੰ ਵੱਡੀਆਂ ਸੜਕਾਂ ਤੇ ਟਰੈਕਟਰ ਟਰਾਲੀਆਂ ਦੇ ਕਾਫ਼ਲੇ ਇਕੱਠੇ ਕਰਕੇ ਚੰਡੀਗੜ੍ਹ ਵੱਲ ਵਧਣਾ ਹੈ।

ਜਥੇਬੰਦੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਜੇਕਰ ਪੁਲਿਸ ਟਰੈਕਟਰ ਟਰਾਲੀਆਂ ਦੇ ਕਾਫ਼ਲਿਆਂ ਨੂੰ ਰੋਕੇਗੀ ਤਾਂ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਸਗੋਂ ਸੜਕਾਂ ਦੇ ਇੱਕ ਪਾਸੇ ਮੋਰਚੇ ਲਾਏ ਜਾਣਗੇ ਅਤੇ ਲੀਡਰਸ਼ਿਪ ਦੇ ਅਗਲੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ।

ਸੂਬਾ ਕਮੇਟੀ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨ ਵਾਲਿਆਂ ਵਾਸਤੇ ਸਰਕਾਰ ਦਾ ਜ਼ਬਰ ਉਤਸ਼ਾਹ ਦਾ ਕੰਮ ਕਰਦਾ ਹੈ। ਹੁਣ ਕਿਸਾਨ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਅਤੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਜਾਣਗੇ ਅਤੇ ਆਪਣੀ ਜਥੇਬੰਦਕ ਏਕਤਾ ਸਦਕਾ ਸਰਕਾਰ ਦੇ ਨੱਕ ਵਿੱਚ ਦਮ ਕਰਨਗੇ ਅਤੇ ਆਪਣੀਆਂ ਮੰਗਾਂ ਮਨਵਾਕੇ ਰਹਿਣਗੇ।

 

Leave a Reply

Your email address will not be published. Required fields are marked *