ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਹੋਈ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕੈਬਨਿਟ -ਸਬ ਕਮੇਟੀ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡੀਜੀਐੱਸਈ ਵਿਨੈ ਕੁਮਾਰ ਬੁਬਲਾਨੀ, ਵਿੱਤ ਵਿਭਾਗ ਦੇ ਅਧਿਕਾਰੀ, ਪਰਸੋਨਲ ਵਿਭਾਗ ਦੇ ਅਧਿਕਾਰੀ, ਪੀ ਡੀ ਮਨਿੰਦਰ ਸਿੰਘ ਸਰਕਾਰੀਆ, ਏ ਪੀ ਡੀ ਬਲਵਿੰਦਰ ਸਿੰਘ ਸੈਣੀ ਹਾਜ਼ਰ ਸਨ।
ਯੂਨੀਅਨ ਨੁਮਾਇੰਦਿਆਂ ਨੇ ਮੈਰੀਟੋਰੀਅਸ ਟੀਚਰਜ਼ ਦੇ ਸਿੱਖਿਆ ਵਿਭਾਗ ਵਿੱਚ ਸਟੇਟਸ ਸੰਬੰਧੀ ਜਾਣਿਆ, ਇਸ ਸੰਬੰਧੀ ਉਹਨਾਂ ਕਿਹਾ ਕਿ ਮੈਰੀਟੋਰੀਅਸ ਟੀਚਰਜ਼ ਦੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ ਫਾਈਲ ਸੀ. ਐੱਸ ਕੋਲ ਹੈ।
ਮੰਤਰੀ ਧਾਲੀਵਾਲ ਨੇ ਮੌਕੇ ਤੇ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਕਿ ਇਹਨਾਂ ਟੀਚਰਜ਼ ਦੀ ਫਾਈਲ ਜਲਦ ਅਫ਼ਸਰ ਕਮੇਟੀ ਕੋਲ ਭੇਜੀ ਜਾਵੇ ਤਾਂ ਜੋ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ ਤੇਜ਼ੀ ਲਿਆਂਦੀ ਜਾ ਸਕੇ।
ਉਹਨਾਂ ਕਿਹਾ ਕਿ ਅਫ਼ਸਰ ਨਾਲ ਤੁਹਾਡੇ ਕੰਮ ਦੇ ਰੀਵਿਊ ਸੰਬੰਧੀ ਮੀਟਿੰਗ ਮੁੜ ਹਫ਼ਤੇ ਬਾਅਦ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪੀ ਡੀ , ਏ ਪੀ ਡੀ ਨਾਲ ਅਲੱਗ ਮੀਟਿੰਗ ਹੋਈ, ਇੰਕਰੀਮੈਂਟ ਫਾਈਲ ਤੇ ਲੱਗੀ ਅਬਜੈਕਸਨ ਦੂਰ ਕਰਕੇ ਅੱਗੇ ਕਾਰਵਾਈ ਹਿੱਤ ਭੇਜ ਦਿੱਤੀ ਗਈ ਹੈ।
ਯੂਨੀਅਨ ਮੀਤ ਪ੍ਰਧਾਨ ਡਾ.ਟੀਨਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸੰਬੰਧੀ ਹੋਰ ਦੇਰੀ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਜਨਰਲ ਸਕੱਤਰ ਡਾ. ਅਜੈ ਸ਼ਰਮਾ , ਮਨਜਿੰਦਰ ਕੌਰ , ਬੂਟਾ ਸਿੰਘ ਮਾਨ ਹਾਜ਼ਰ ਰਹੇ।