ਹਰਦੇਵ ਕੌਰ ਕੰਗ ਬੈਸਟ ਮਹਿਲਾ ਡੇਅਰੀ ਫਾਰਮਰ ਅਵਾਰਡ ਨਾਲ ਸਨਮਾਨਿਤ
ਪਟਨਾ ਚ ਹੋਏ “ਇੰਡੀਅਨ ਡੇਅਰੀ ਐਸੋਸੀਏਸ਼ਨ” ਵੱਲੋਂ “ਨੌਰਥ ਜ਼ੋਨ ਵਿੱਚ ਬੈਸਟ ਵੁਮਨ ਡੇਅਰੀ ਫਾਰਮਰ” ਦੇ ਅਵਾਰਡ ਨੂੰ ਉਨ੍ਹਾਂ ਦੇ ਜਗਾ ਚੇਅਰਮੈਨ ਵੇਰਕਾ ਡੇਅਰੀ ਫ਼ਿਰੋਜ਼ਪੁਰ ਗੁਰਭੇਜ ਸਿੰਘ ਟਿੱਬੀ ਨੇ ਪ੍ਰਾਪਤ ਕੀਤਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
‘ਔਰਤ’ ਸ਼ਬਦ ਵਿੱਚ ਇੱਕ ਗਰਿਮਾ ਹੈ ਕਿਉਂਕਿ ਅੱਜ ਦੀ ਔਰਤ ਘਰ ਵੀ ਸੰਭਾਲਦੀ ਹੈ ਅਤੇ ਦੇਸ਼ ਵੀ। ਉਹ ਧਰਤੀ ਖੋਦ ਕੇ ਫ਼ਸਲ ਵੀ ਉਗਾ ਸਕਦੀ ਹੈ ਅਤੇ ਅਸਮਾਨ ਚੀਰ ਕੇ ਹਵਾਈ ਜਹਾਜ਼ ਵੀ ਉਡਾ ਸਕਦੀ ਹੈ। ਸਾਡੀ ਇਤਿਹਾਸਿਕ ਵਿਰਾਸਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਮਹਾਨ ਔਰਤਾਂ ਮਿਲਣਗੀਆਂ, ਜਿਨ੍ਹਾਂ ਨੇ ਆਪਣੇ ਹੌਂਸਲੇ ਅਤੇ ਕਾਬਲੀਅਤ ਨਾਲ ਸਿਰਫ ਆਪਣਾ ਹੀ ਨਹੀਂ, ਬਲਕਿ ਆਪਣੇ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ। ਉਨ੍ਹਾਂ ਦੀ ਸੋਚ ਹੋਰ ਔਰਤਾਂ ਲਈ ਪ੍ਰੇਰਣਾ ਬਣੀ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਾਨ ਔਰਤ ਬਾਰੇ ਦੱਸਦੇ ਹਾਂ , ਜਿਨ੍ਹਾਂ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਇੱਕ ਸੁਪਨਾ ਵੇਖਿਆ ਸੀ, ਅਤੇ ਅੱਜ ਉਨ੍ਹਾਂ ਦੇ ਬਾਅਦ ਵੀ ਉਹ ਉਸ ਸੁਪਨੇ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਜਿੰਦਾ ਰੱਖ ਰਹੀ ਹੈ।
ਫਿਰੋਜ਼ਪੁਰ ਦੇ ਛੋਟੇ ਜਿਹੇ ਪਿੰਡ ਫਿੱਡੇ ਦੀ ਰਹਿਣ ਵਾਲੀ ਸਰਦਾਰਨੀ ਹਰਦੇਵ ਕੌਰ ਕੰਗ ਅੱਜ ਆਪਣੇ ਕੰਗ ਡੇਅਰੀ ਫਾਰਮ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੀ ਹੈ । ਉਨ੍ਹਾਂ ਦੇ ਡੇਅਰੀ ਫਾਰਮ ਵਿੱਚ ਲਗਭਗ 250 ਤੋਂ ਵੱਧ ਗਾਂਵਾਂ ਹਨ, ਜੋ ਰੋਜ਼ਾਨਾ 2400 ਲੀਟਰ ਤੋਂ ਵੱਧ ਦੁੱਧ ਉਤਪਾਦਨ ਕਰਦੀਆਂ ਹਨ। ਕੰਗ ਡੇਅਰੀ ਫਾਰਮ ਦੀ ਸ਼ੁਰੂਆਤ 2009 ਵਿੱਚ ਉਨ੍ਹਾਂ ਨੇ ਆਪਣੇ ਪਤੀ ਸਰਦਾਰ ਗੁਰਬਿੰਦਰ ਸਿੰਘ ਕੰਗ ਜੀ ਦੇ ਨਾਲ ਮਿਲ ਕੇ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ 50 ਗਾਂਵਾਂ ਦੇ ਨਾਲ ਇਹ ਯਾਤਰਾ ਸ਼ੁਰੂ ਹੋਈ ਅਤੇ ਕੰਗ ਡੇਅਰੀ ਫਾਰਮ ਸ਼ੁਰੂ ਤੋਂ ਹੀ ਵੇਰਕਾ ਨਾਲ ਜੁੜਿਆ ਹੋਇਆ ਹੈ।
ਕੰਗ ਡੇਅਰੀ ਫਾਰਮ ਵਧੀਆ ਦੁੱਧ ਉਤਪਾਦਨ ਲਈ ਕਈ ਵਾਰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਹੋ ਚੁੱਕਾ ਹੈ। ਸਾਲ 2022 ਵਿੱਚ ਵੀ, ਫਿਰੋਜ਼ਪੁਰ ਵੇਰਕਾ ਵੱਲੋਂ ਕੰਗ ਡੇਅਰੀ ਫਾਰਮ ਨੂੰ “ਬੈਸਟ ਫਾਰਮਰ” ਦੇ ਤੌਰ ‘ਤੇ ਸਨਮਾਨਤ ਕੀਤਾ ਗਿਆ। ਜ਼ਿੰਦਗੀ ਦਾ ਸਫ਼ਰ ਬਹੁਤ ਖੂਬਸੂਰਤੀ ਨਾਲ ਚੱਲ ਰਿਹਾ ਸੀ, ਪਰ 31 ਜਨਵਰੀ 2022 ਨੂੰ ਇੱਕ ਦੁਖਦਾਈ ਖ਼ਬਰ ਆਈ – ਗੁਰਬਿੰਦਰ ਸਿੰਘ ਕੰਗ ਜੀ ਦਾ ਅਚਾਨਕ ਦੇਹਾਂਤ ਹੋ ਗਿਆ।
ਪਤੀ ਦੇ ਅਚਾਨਕ ਚਲੇ ਜਾਣ ਮਗਰੋਂ, ਹਰਦੇਵ ਕੌਰ ਨੇ ਨਾ ਸਿਰਫ਼ ਖੁਦ ਨੂੰ ਸੰਭਾਲਿਆ, ਬਲਕਿ ਆਪਣੇ ਪਤੀ ਦੇ ਸੁਪਨੇ – “ਕੰਗ ਡੇਅਰੀ ਫਾਰਮ” ਨੂੰ ਵੀ ਬੜੀ ਬਾਖ਼ੂਬੀ ਨਾਲ ਅੱਗੇ ਵਧਾਇਆ। ਇਸ ਗੱਲ ਦਾ ਅੰਦਾਜ਼ਾ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ 2022 ਵਿੱਚ ਇਹ ਫਾਰਮ 2000 ਲੀਟਰ ਦੁੱਧ ਉਤਪਾਦਨ ਕਰ ਰਿਹਾ ਸੀ, ਉੱਥੇ ਹੀ ਅੱਜ 2400 ਲੀਟਰ ਰੋਜ਼ਾਨਾ ਦੁੱਧ ਉਤਪਾਦਨ ਹੋ ਰਿਹਾ ਹੈ।
ਫਾਰਮ ਵਿੱਚ ਪਾਲੀਆਂ ਗਈਆਂ ਗਾਂਵਾਂ ਦੀ ਦੇਖਭਾਲ ਲਈ ਇੱਕ ਮਾਹਿਰ ਵੈਟਰਨਰੀ ਡਾਕਟਰ ਅਤੇ 12 ਤੋਂ ਵੱਧ ਵਰਕਰਾਂ ਦੀ ਟੀਮ ਹਰ ਸਮੇਂ ਤਿਆਰ ਰਹਿੰਦੀ ਹੈ। ਹਰਦੇਵ ਕੌਰ ਜੀ ਚਾਹੁੰਦੇ ਤਾਂ ਉਨ੍ਹਾਂ ਦੀ ਪਰਿਵਾਰਕ ਵਾਪਸੀ ਅਮਰੀਕਾ ਵਿੱਚ ਹੋ ਸਕਦੀ ਸੀ, ਪਰ ਉਨ੍ਹਾਂ ਨੇ ਆਪਣੇ ਪਤੀ ਦੀ ਯਾਦ ਅਤੇ ਸੁਪਨੇ ਨੂੰ ਅਗਾਂਹ ਵਧਾਉਣ ਦੀ ਸੋਚੀ।
ਹਰਦੇਵ ਕੌਰ ਦੀ ਇਸ ਮਹਾਨ ਕੋਸ਼ਿਸ਼ ਨੂੰ ਮੱਦੇਨਜ਼ਰ ਰੱਖਦਿਆਂ, “ਇੰਡੀਅਨ ਡੇਅਰੀ ਐਸੋਸੀਏਸ਼ਨ” ਵੱਲੋਂ ਉਨ੍ਹਾਂ ਨੂੰ “ਨੌਰਥ ਜ਼ੋਨ ਵਿੱਚ ਬੈਸਟ ਵੁਮਨ ਡੇਅਰੀ ਫਾਰਮਰ” ਦੇ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਇੰਡੀਅਨ ਡੇਅਰੀ ਐਸੋਸੀਏਸ਼ਨ ਵੱਲੋਂ ਹਰ ਸਾਲ ਦੇਸ਼ ਭਰ ਦੇ ਕਿਸਾਨਾ ਅਤੇ ਡੇਅਰੀ ਦੇ ਧੰਦੇ ਨਾਲ ਸਬੰਧਿਤ ਹਰ ਵਰਗ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਰਾਜਾਂ ਵਿੱਚ ਰਾਸ਼ਟਰੀ ਪੱਧਰ ਤੇ ਕਾਨਫਰੰਸ ਕੀਤੀ ਜਾਂਦੀ ਹੈ ਇਸ ਵਾਰ 51ਵੀ ਡੇਅਰੀ ਇੰਡਸਟਰੀ ਕਾਨਫਰੰਸ ਸ਼੍ਰੀ ਪਟਨਾ ਸਾਹਿਬ ਵਿਖੇ 6-7-8 ਮਾਰਚ ਨੂੰ ਆਯੋਜਿਤ ਕੀਤੀ ਗਈ।
ਜਿਸ ਵਿੱਚ ਮਾਣਯੋਗ ਕੇਂਦਰੀ ਪਸ਼ੂਧਨ ਅਤੇ ਡੇਅਰੀ ਮੰਤਰੀ ਸ਼੍ਰੀ ਰਣਜੀਤ ਰੰਜਣ ਉਰਫ ਲਲਨ ਸਿੰਘ, ਸ਼੍ਰੀ ਐਸ.ਪੀ. ਸਿੰਘ ਬਘੇਲ, ਕੇਂਦਰੀ ਰਾਜ ਮੰਤਰੀ, ਸ਼੍ਰੀ ਮਤੀ ਅਲਕਾ ਉਪਾਦਿਆ ਸੈਕਟਰੀ DAHD ,ਭਾਰਤ ਸਰਕਾਰ, ਡਾ ਆਰ. ਐਸ. ਸੋਢੀ ਪਰੈਜ਼ੀਡੈਂਟ ਇੰਡੀਅਨ ਡੇਅਰੀ ਐਸੋਸੀਏਸ਼ਨ, ਮਨੀਸ਼ ਸ਼ਾਹ ਚੇਅਰਮੈਨ ਐਨ.ਡੀ.ਡੀ.ਬੀ. ਸ਼੍ਰੀਮਤੀ ਵਰਸ਼ਾ ਜੋਸ਼ੀ,ਅਤਿਰਿਕਤ ਸਚਿਵ, ਪਸ਼ੂਪਾਲਨ ਅਤੇ ਡੇਅਰੀ ਵਿਭਾਗ, ਭਾਰਤ ਸਰਕਾਰ,ਡਾ. ਐਨ. ਵਿਜਯਾ ਲਕਸ਼ਮੀ
ਅਤਿਰਿਕਤ ਮੁੱਖ ਸਚਿਵ, ਬਿਹਾਰ ਸਰਕਾਰ, ਧੀਰ ਸਿੰਘ ਨਿਰਦੇਸ਼ਕ, ਨੈਸ਼ਨਲ ਡੇਅਰੀ ਇੰਸਟਿਟਿਊਟ (NDI),ਸ਼੍ਰੀ ਸੁਧੀਰ ਕੁਮਾਰ ਸਿੰਘ ਪਰੈਜ਼ੀਡੈਂਟ, ਇੰਡੀਅਨ ਡੇਅਰੀ ਐਸੋਸੀਏਸ਼ਨ (ਪੂਰਬੀ ਖੇਤਰ),ਸ਼੍ਰੀ ਡੀ.ਕੇ. ਸ਼੍ਰੀਵਾਸਤਵ ਸੰਗਠਨ ਸਕੱਤਰ, 51ਵਾਂ ਡੈਅਰੀ ਇੰਡਸਟਰੀ ਕਾਨਫਰੰਸ (DIC) ਵੱਲੋਂ ਹਰਦੇਵ ਕੌਰ ਕੰਗ ਨੂੰ ਬੈਸਟ ਵੋਮੈਨ ਡੇਅਰੀ ਫਾਰਮਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੀ ਜਗਾ ਇਹ ਸਨਮਾਨ ਗੁਰਭੇਜ ਸਿੰਘ ਟਿੱਬੀ ਡਾਇਰੈਕਟਰ ਮਿਲਕਫੈਡ ਪੰਜਾਬ ਨੇ ਪ੍ਰਾਪਤ ਕੀਤਾ ਇਸ ਸਨਮਾਨ ਨੂੰ ਪ੍ਰਾਪਤ ਕਰਦੇ ਹੋਏ ਮਿਲਕ ਯੂਨੀਅਨ ਫਿਰੋਜ਼ਪੁਰ ਦੇ ਚੇਅਰਮੈਨ ਸ. ਗੁਰਭੇਜ ਸਿੰਘ ਟਿੱਬੀ ਵੱਲੋਂ ਹਰਦੇਵ ਕੌਰ ਕੰਗ ਦੀ ਔਰਤਾਂ ਲਈ ਮਿਸਾਲ ਬਣਨ ਤੇ ਸ਼ਾਲਾਘਾ ਕੀਤੀ ਅਤੇ ਇਸ ਸਨਮਾਨ ਲਈ ‘ਇੰਡੀਅਨ ਡੇਅਰੀ ਐਸੋਸੀਏਸ਼ਨ’ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈਡ ਪੰਜਾਬ ਅਤੇ ਐਸ ਪੀ ਸਿੰਘ ਜਰਨਲ ਮੈਨੇਜਰ ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ ਵੀ ਪਟਨਾ ਕੋਨਫਰੈਸ ਵਿੱਚ ਮਿਲਕਫੈੱਡ ਦੇ ਵਫ਼ਦ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।