ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਰਾਜ-ਪੱਧਰੀ ਕਵੀ ਦਰਬਾਰ ਸ਼ਾਨਦਾਰ ਰਿਹਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ ਸਿਰਜਣਾ ਲਈ ਮਹਿੰਦਰ ਸਿੰਘ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਮਹਾਂ ਉਤਸਵ 14 ਜਨਵਰੀ ਤੋਂ 29 ਮਾਰਚ 2025 ਤਕ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ‘ਰਾਜ ਪੱਧਰੀ ਕਵੀ ਦਰਬਾਰ’, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ, ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੁਆਗਤੀ ਸ਼ਬਦ ਬੋਲਦਿਆਂ ਉੱਘੇ ਸ਼ਾਇਰ ਤੇ ਸਕੂਲ ਦੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਇਸ ਤਰ੍ਹਾਂ ਸਮਾਗਮ ਹੁੰਦੇ ਰਹਿਣੇ ਚਾਹੀਦੇ ਨੇ; ਸਾਹਿਤ ਸਾਨੂੰ ਬਿਹਤਰ ਮਨੁੱਖ ਬਣਾਉਂਦਾ ਹੈ। ਮੁੱਖ ਮਹਿਮਾਨ ਵਜੋਂ ਫ਼ਰੀਦਕੋਟ ਦੇ ਵਿਧਾਇਕ ਸ਼੍ਰੀ ਗੁਰਦਿੱਤ ਸਿੰਘ ਸੇਖੋਂ ਨੇ ਸਮਾਗਮ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਾਹਿਤ ਤੇ ਸ਼ਾਇਰੀ ਵਿਚ ਆਪਣੀ ਦਿਲਚਸਪੀ ਸਾਂਝੀ ਕੀਤੀ। ਇਸ ਉਪਰੰਤ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ‘ਪੰਜਾਬ ਨਵ ਸਿਰਜਣਾ’ ਬਾਰੇ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ,ਪੰਜਾਬ ਲਈ ਇਸ ਦੀ ਜ਼ਰੂਰਤ ਸੀ।
ਇਸ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਅਜੀਤਪਾਲ ਜਟਾਣਾ ਨੇ ਖੂਬਸੂਰਤ ਤਰੁੰਨਮ ਵਿਚ ਆਪਣੀ ਗ਼ਜ਼ਲ ਸੁਣਾਈ। ਇਸ ਤੋਂ ਬਾਅਦ ਨੌਜਵਾਨ ਸ਼ਾਇਰ ਅਨੀ ਕਾਠਗੜ੍ਹ ਨੇ ਗ਼ਜ਼ਲ ‘ਬੜਾ ਸੌਖਾ ਹੈ ਕੁਝ ਵੀ ਦੇਖ ਸੁਣ ਕੇ ਚੁੱਪ ਕਰ ਜਾਣਾ, ਬੜਾ ਔਖਾ ਹੈ ਪਰ ਉਸ ਸ਼ਾਮ ਫਿਰ ਆਪਣੇ ਘਰ ਜਾਣਾ’ ਸੁਣਾ ਕੇ ਆਪਣੀ ਛਾਪ ਛੱਡੀ। ਜਗਦੀਪ ਸਿੱਧੂ ਨੇ ‘ ਬਸ ਆਖ਼ਰ ਤਕ ਮਰਨਾ ਨਹੀਂ ਚਾਹੀਦਾ’ ਸੁਣਾ ਕੇ ਆ ਸੰਵੇਦਨਾ ਜਗਾਈ। ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ‘ਚੀਜ਼ਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਗ਼ਜ਼ਲ ਸੁਣਾ ਕੇ ਸਰੋਤਿਆਂ ਵੱਲੋਂ ਦਾਦ ਖੱਟੀ। ਸੰਦੀਪ ਜਸਵਾਲ ਨੇ ਆਪਣੀ ਭਾਵਪੂਰਤ ਨਜ਼ਮ ਛਲੇਡਾ ਸੁਣਾਈ। ਬਠਿੰਡੇ ਤੋਂ ਆਈ ਸ਼ਾਇਰਾ ਨੀਤੂ ਨੇ ਕਵਿਤਾ ‘ਜਿਸ ਭਾਸ਼ਾ ਦੇ ਕਵੀ ਛੋਟੇ ਰਹਿ ਜਾਂਦੇ ਨੇ’ ਸੁਣਾ ਕੇ ਕਈ ਸਵਾਲ ਖੜ੍ਹੇ ਕੀਤੇ।
ਨੌਜਵਾਨ ਗ਼ਜ਼ਲਕਾਰ ਮਨਜੀਤ ਪੁਰੀ ਨੇ ‘ਵਾਲ ਕੁ ਭਰ ਦੀ ਦੂਰੀ ਐਵੇਂ ਕੋਹਾਂ ਵਿਚ ਨਾਪਦਿਆਂ, ਬੰਦਾ ਅਕਸਰ ਖਿੰਡ ਜਾਂਦਾ ਹੈ ਚੀਜ਼ਾਂ ਵਸਤਾਂ ਸਾਂਭਦਿਆਂ ਗ਼ਜ਼ਲ’ ਸੁਣਾ ਕੇ ਰਚਨਾ ਤੇ ਪੇਸ਼ਕਾਰੀ ਦਾ ਜਲੌਅ ਦਿਖਾਇਆ; ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ। ਲੁਧਿਆਣੇ ਤੋਂ ਆਈ ਸ਼ਾਇਰਾ ਜਸਪ੍ਰੀਤ ਗਿੱਲ ਨੇ ਆਪਣੀ ਨਜ਼ਮ ‘ ਹੇ ਰੁੱਖ ਇੰਝ ਲੱਗਦਾ, ਤੈਨੂੰ ਬੀਜੀਆ ਹੈ ਕਲਾਕਾਰ ਨੇ, ਤਾਹੀਂ ਤੇਰੇ ਜਿਸਮ ‘ਤੇ ਦਿਸਣ ਮੂਰਤਾਂ’ ਕੁ਼ਦਰਤ ਤੇ ਕਲਾਕਾਰ ਦੇ ਖੂਬਸੂਰਤ ਸੰਬੰਧ ਨੂੰ ਆਪਣੇ ਸ਼ਬਦਾਂ ਰਾਹੀਂ ਪ੍ਰਗਟ ਕੀਤਾ। ਰਾਏਕੋਟ ਤੋਂ ਆਈ ਸ਼ਾਇਰਾ ਜੋਗਿੰਦਰ ਨੂਰਮੀਤ ਨੇ ਆਪਣੀ ਗ਼ਜ਼ਲ ‘ ਦੀਵਿਆਂ ਨੂੰ ਇਹ ਸਜ਼ਾ ਮੰਜ਼ੂਰ ਕਿਉਂ ਹੈ? ਨੇਰ੍ਹਿਆਂ ਦੀ ਕੈਦ ਅੰਦਰ ਨੂਰ ਕਿਉਂ ਹੈ? ਸੁਣਾ ਕੇ ਅਜੋਕੇ ਸਮੇਂ ਦੀ ਹਾਲਤ ਬਾਰੇ ਆਪਣੇ ਫਿਕਰ ਜ਼ਾਹਰ ਕੀਤੇ। ਪੰਜਾਬੀ ਦੇ ਵੱਡੇ ਗ਼ਜ਼ਲਕਾਰ ਗੁਰਤੇਜ ਕੋਹਾਰਵਾਲਾ ਨੇ ਆਪਣੀ ਕਲਾਤਮਕ ਗ਼ਜ਼ਲ ‘ ਹਨੇਰੇ ਵਿਚ ਸਫ਼ਰ ਕੀਤਾ, ਕਦੇ ਰਸਤਾ ਨਹੀਂ ਦਿਸਿਆ, ਅਸਾਨੂੰ ਤੈਰ ਕੇ ਆਇਆਂ ਨੂੰ ਦਰਿਆ ਨਹੀਂ ਦਿਸਿਆ’ ਪੇਸ਼ ਕੀਤੀ; ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਇਸ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਦਰਸ਼ਨ ਬੱਟਰ, ਬਲਵਿੰਦਰ ਸੰਧੂ, ਮੁਕੇਸ਼ ਆਲਮ, ਜਗਵਿੰਦਰ ਜੋਧਾ, ਪ੍ਰੀਤ ਮਨਪ੍ਰੀਤ, ਵਿਸ਼ਾਲ ਬਿਆਸ, ਸਤਪਾਲ ਭੀਖੀ, ਦਵਿੰਦਰ ਸੈਫ਼ੀ, ਤਲਵਿੰਦਰ ਸ਼ੇਰਗਿੱਲ, ਮੀਨਾ ਮਹਿਰੋਕ, ਜਸਲੀਨ, ਬੂਟਾ ਸਿੰਘ ਚੌਹਾਨ, ਸ਼ਸ਼ੀਕਾਂਤ ਉੱਪਲ ਨੇ ਵੀ ਆਪਣੀ ਭਰਪੂਰ ਹਾਜ਼ਰੀ ਲਗਵਾਈ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਇਰਾ ਮਨਜੀਤ ਇੰਦਰਾ ਨੇ ਅੱਜ ਦੇ ਕਵੀ ਦਰਬਾਰ ਨੂੰ ਕਾਮਯਾਬ ਦੱਸਿਆ ਤੇ ਕਲਾ ਪਰਿਸ਼ਦ ਦੀ ਸ਼ਲਾਘਾ ਕੀਤੀ। ਇਸ ਸਾਰੇ ਕਵੀ ਦਰਬਾਰ ਦਾ ਸੰਚਾਲਨ ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿਚ ਕੀਤਾ; ਆਪਣੀ ਨਜ਼ਮ ਵੀ ਸੁਣਾਈ। ਕਵੀ ਦਰਬਾਰ ਦੇ ਕਨਵੀਨਰ ਸ਼ਾਇਰ ਗੁਰਤੇਜ ਕੋਹਾਰਵਾਲਾ ਸਨ।ਇਸ ਸਮਾਗਮ ਵਿਚ ਲੋਕ ਸੰਪੰਰਕ ਅਧਿਕਾਰੀ ਅਮਰੀਕ ਸਿੰਘ, ਸਾਹਿਤਕਾਰ ਜੋਗਿੰਦਰ ਬਾਠ, ਕਹਾਣੀਕਾਰ ਗੁਰਮੀਤ ਕੜਿਆਲਵੀ ਆਦਿ ਸ਼ਾਮਿਲ ਹੋਏ।