Education News- ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ ਮੁਆਫ਼ ਕਰਨ ਦੀ ਤਿਆਰੀ!
Education News- ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਨੂੰ ਅੱਠਵੀਂ ਅਤੇ ਦੱਸਵੀਂ ਸ਼੍ਰੇਣੀਆਂ ਦੀ ਪ੍ਰੀਖਿਆ ਫੀਸ ਭਰਨ ਤੋਂ ਛੋਟ ਦੇਣ, ਕਿਤਾਬਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਪੰਜਵੀਂ ਤੋਂ ਬਾਰਵੀਂ ਤੱਕ ਦੀ ਸਰਟੀਫਿਕੇਟ ਫੀਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨਾਲ ਮੀਟਿੰਗ ਕੀਤੀ ਗਈ।
ਜਿਸ ਵਿੱਚ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ ਵੀ ਸ਼ਾਮਿਲ ਹੋਏ। ਚੇਅਰਮੈਨ ਵੱਲੋਂ ਸਾਰੇ ਮਾਮਲੇ ‘ਤੇ ਬਣੀ ਪੰਜਾਬ ਸਰਕਾਰ ਦੀ ਹੜ੍ਹਾਂ ਸਬੰਧੀ ਉੱਚ ਪੱਧਰੀ ਕਮੇਟੀ ਨਾਲ ਰਾਬਤਾ ਕਰਕੇ ਵਿਦਿਆਰਥੀਆਂ ਨੂੰ ਬਣਦੀ ਰਾਹਤ ਦੇਣ ਦਾ ਭਰੋਸਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਨ੍ਹਾਂ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਫ਼ੀਸਾਂ ਮੁਆਫ਼ ਕਰ ਸਕਦੀ ਹੈ।
ਡੀ.ਟੀ.ਐੱਫ. ਦੇ ਵਫਦ ਵਿੱਚ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ, ਗਿਆਨ ਚੰਦ (ਜਿਲ੍ਹਾ ਪ੍ਰਧਾਨ ਰੂਪਨਗਰ), ਸ਼ਿਵ ਸ਼ੰਕਰ ਸ਼ਰਮਾ (ਡੀਟੀਐੱਫ ਮੋਹਾਲੀ), ਸੁਖਜੀਤ ਸਿੰਘ (ਡੀਟੀਐੱਫ ਮਾਲੇਰਕੋਟਲਾ) ਅਤੇ ਦਿਲਬਾਗ ਸਿੰਘ ਰਈਆ (ਸ੍ਰੀ ਅੰਮ੍ਰਿਤਸਰ) ਸ਼ਾਮਿਲ ਰਹੇ।

