ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਡੀਟੀਐੱਫ ਦਾ ਵਫ਼ਦ PSEB ਚੇਅਰਮੈਨ ਨੂੰ ਮਿਲਿਆ

All Latest NewsNews FlashPunjab News

 

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ: ਡੀ ਟੀ ਐੱਫ

ਮੋਹਾਲੀ

ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਨੂੰ ਅੱਠਵੀਂ ਅਤੇ ਦਸਵੀਂ ਸ਼੍ਰੇਣੀਆਂ ਦੀ ਪ੍ਰੀਖਿਆ ਫੀਸ ਭਰਨ ਤੋਂ ਛੋਟ ਦੇਣ, ਕਿਤਾਬਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਪੰਜਵੀਂ ਤੋਂ ਬਾਰਵੀਂ ਤੱਕ ਦੀ ਸਰਟੀਫਿਕੇਟ ਫੀਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਚੇਅਰਮੈਨ ਡਾ. ਅਮਰਪਾਲ ਸਿੰਘ ਨਾਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਮੌਕੇ ਹੋਰਨਾਂ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਗੁਰਿੰਦਰ ਸਿੰਘ ਸੋਢੀ ਵੀ ਸ਼ਾਮਲ ਹੋਏ। ਚੇਅਰਮੈਨ ਵੱਲੋਂ ਸਾਰੇ ਮਾਮਲੇ ‘ਤੇ ਬਣੀ ਪੰਜਾਬ ਸਰਕਾਰ ਦੀ ਹੜ੍ਹਾਂ ਸਬੰਧੀ ਉੱਚ ਪੱਧਰੀ ਕਮੇਟੀ ਨਾਲ ਰਾਬਤਾ ਕਰਕੇ ਵਿਦਿਆਰਥੀਆਂ ਨੂੰ ਬਣਦੀ ਰਾਹਤ ਦੇਣ ਦਾ ਭਰੋਸਾ ਦਿੱਤਾ।

ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਦੱਸਿਆ ਕਿ ਬੀਤੀ ਅਗਸਤ-ਸਤੰਬਰ 2025 ਦਰਮਿਆਨ ਪੰਜਾਬ ਦਾ ਇੱਕ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆਇਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਬੇਸ਼ਕੀਮਤੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

ਜਿੱਥੇ ਇੰਨ੍ਹਾਂ ਪਿੰਡਾਂ ਵਿੱਚ ਰਹਿ ਰਹੇ ਕਿਸਾਨ ਵਰਗ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਉੱਥੇ ਹੀ ਮਜ਼ਦੂਰ ਤੇ ਬਾਕੀ ਨਿਮਨ ਵਰਗਾਂ ਲਈ ਵੀ ਨਿਕਟ ਭਵਿੱਖ ਵਿੱਚ ਰੁਜ਼ਗਾਰ ਮਿਲਣ ਵਾਲੀ ਸਥਿਤੀ ਨਹੀਂ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਪਟੜੀ ‘ਤੇ ਆਉਣ ਵਿੱਚ ਵੀ ਹਾਲੇ ਲੰਬਾਂ ਸਮਾਂ ਲੱਗੇਗਾ। ਇਸ ਵੱਡੀ ਤਰਾਸਦੀ ਦੀ ਮਾਰ ਵਿਦਿਆਰਥੀ ਵਰਗ ‘ਤੇ ਵੀ ਪਈ ਹੈ।

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੋਣ ਕਾਰਨ ਇੱਥੋਂ ਦੇ ਵਿਦਿਆਰਥੀ ਵਰਗ ਨੂੰ ਪ੍ਰੀਖਿਆ ਫੀਸਾਂ ਭਰਨ ਵਿੱਚ ਗੰਭੀਰ ਸਮੱਸਿਆ ਦਰਪੇਸ਼ ਹੈ ਅਤੇ ਵਿਦਿਆਰਥੀਆਂ ਦੇ ਵਿਦਿਅਕ ਭਵਿੱਖ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚਲੇ ਵੱਡੀ ਗਿਣਤੀ ਸਕੂਲਾਂ ਅਤੇ ਘਰਾਂ ਦੇ ਲੰਬਾਂ ਸਮਾਂ ਪਾਣੀ ਦੀ ਮਾਰ ਹੇਠ ਰਹਿਣ ਕਾਰਨ ਵਿਦਿਆਰਥੀਆਂ ਦੀਆਂ ਕਿਤਾਬਾਂ ਦਾ ਨੁਕਸਾਨ ਵੀ ਹੋਇਆ ਹੈ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਮੰਗ ਪੱਤਰ ਸੌਂਪਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਮੰਗ ਕੀਤੀ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਮਾਰਚ-2026 (ਰੈਗੂਲਰ) ਦੇ ਸਮੂਹ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਮੁਆਫ਼ ਕੀਤੀ ਜਾਵੇ।

ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸਬੰਧਤ ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਕਿਤਾਬਾਂ ਦੀ ਉਪਲਬਧਤਾ ਬਾਰੇ ਰਿਪੋਰਟ ਇਕੱਤਰ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਮੁਲਾਂਕਣ ਕਰਕੇ ਤੁਰੰਤ ਵਿਦਿਆਰਥੀਆਂ ਨੂੰ ਲੋੜੀਂਦੀਆਂ ਕਿਤਾਬਾਂ ਮੁਹਈਆ ਕਰਵਾਈਆਂ ਜਾਣ।

ਪੰਜਵੀਂ, ਅੱਠਵੀਂ, ਦੱਸਵੀਂ ਅਤੇ ਬਾਰਵੀਂ ਜਮਾਤਾਂ ਦੇ ਪੰਜਾਬ ਦੇ ਸਮੂਹ ਵਿਦਿਆਰਥੀਆਂ ‘ਤੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ‘ਤੇ ਲਗਾਈ ਗੈਰ ਵਜਿਬ ਫੀਸ ਰੱਦ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਚੰਦ (ਜਿਲ੍ਹਾ ਪ੍ਰਧਾਨ ਰੂਪਨਗਰ), ਸ਼ਿਵ ਸ਼ੰਕਰ ਸ਼ਰਮਾ (ਡੀਟੀਐੱਫ ਮੋਹਾਲੀ), ਸੁਖਜੀਤ ਸਿੰਘ (ਡੀਟੀਐੱਫ ਮਾਲੇਰਕੋਟਲਾ) ਅਤੇ ਦਿਲਬਾਗ ਸਿੰਘ ਰਈਆ (ਸ੍ਰੀ ਅੰਮ੍ਰਿਤਸਰ) ਸ਼ਾਮਿਲ ਰਹੇ।

Media PBN Staff

Media PBN Staff

Leave a Reply

Your email address will not be published. Required fields are marked *