ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਵੱਡੀ ਖ਼ਬਰ; ਚੋਣ ਕਮਿਸ਼ਨ ਨੇ DC ਅਤੇ SSP ਨਾਲ ਕੀਤੀ ਸਮੀਖਿਆ ਮੀਟਿੰਗ

All Latest NewsNews FlashPunjab NewsTop BreakingTOP STORIES

 

ਤਰਨਤਾਰਨ ਜ਼ਿਮਨੀ ਚੋਣ: ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਤੇ ਜ਼ਾਬਤੇ ਦੀ ਉਲੰਘਣਾਂ ਦੀਆਂ ਸ਼ਿਕਾਇਤਾਂ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਦੀਆਂ ਹਦਾਇਤਾਂ

ਸਰਹੱਦੀ ਜ਼ਿਲਾ ਹੋਣ ਕਰਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਹੋਰ ਵਧਾਉਣ ਦੇ ਨਿਰਦੇਸ਼, ਸਾਰੇ ਪੋਲਿੰਗ ਬੂਥਾਂ ਉੱਤੇ ਕੈਮਰੇ ਲਾਉਣ ਦੇ ਹੁਕਮ; 6 ਨਾਕੇ ਹੁਣ ਤੋਂ ਹੀ ਕਾਰਜਸ਼ੀਲ

ਚੰਡੀਗੜ੍ਹ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਸ਼ੁੱਕਰਵਾਰ ਨੂੰ ਜ਼ਿਲੇ ਦੇ ਡਿਪਟੀ ਕਮਿਸਨਰ- ਕਮ- ਜ਼ਿਲਾ ਚੋਣ ਅਧਿਕਾਰੀ ਰਾਹੁਲ, ਐੱਸ.ਐੱਸ.ਪੀ ਡਾ. ਰਵਜੋਤ ਗਰੇਵਾਲ ਅਤੇ ਹੋਰ ਜ਼ਿਲਾ ਅਧਿਕਾਰੀਆਂ ਨਾਲ ਵੀਡਿਓ ਕਾਨਫਰੰਸਿੰਗ (ਤਰਨਤਾਰਨ ਜ਼ਿਮਨੀ ਚੋਣ) ਜ਼ਰੀਏ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਸਿਬਿਨ ਸੀ ਨੇ ਤਰਨ ਤਾਰਨ ਸੀਟ ਦਾ ਇਲਾਕਾ ਕੌਮਾਂਤਰੀ ਸਰਹੱਦੀ ਨਾਲ ਲੱਗਦੇ ਹੋਣ ਕਰਕੇ ਵਧੇਰੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਵੋਟਾਂ ਤੋਂ 72, 48 ਅਤੇ 24 ਘੰਟਿਆਂ ਤੋਂ ਲੈ ਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਹਰ ਗਤੀਵਿਧੀ ਉੱਤੇ ਨਜ਼ਰ ਰੱਖੀ ਜਾਵੇ।

ਉਨਾਂ ਨਿਰਦੇਸ਼ ਦਿੱਤੇ ਕਿ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਨੂੰ ਵੀ ਸਮਾਂਬੱਧ ਤਰੀਕੇ ਨਾਲ ਨਿਪਟਾਇਆ ਜਾਵੇ।

ਮੁੱਖ ਚੋਣ ਅਧਿਕਾਰੀ ਨੇ ਜ਼ਿਲਾ ਚੋਣ ਅਧਿਕਾਰੀ ਨੂੰ ਪੋਲਿੰਗ ਬੂਥਾਂ, ਕਾਊਂਟਿੰਗ ਹਾਲ ਅਤੇ ਸਟਰਾਂਗ ਰੂਮ ਵਿੱਚ ਢੁਕਵੇਂ ਪ੍ਰਬੰਧ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।

ਇਸ ਤੋਂ ਇਲਾਵਾ ਉਨਾਂ ਨੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਪਖਾਨਿਆਂ ਅਤੇ ਦਿਵਿਆਂਗ ਵੋਟਰਾਂ ਲਈ ਵੀਲ ਚੇਅਰਾਂ ਆਦਿ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

ਸਿਬਿਨ ਸੀ ਨੇ ਜ਼ਿਲਾ ਚੋਣ ਅਧਿਕਾਰੀ ਨੂੰ ਕੈਮਰੇ ਲਗਾ ਕੇ 100 ਫ਼ੀਸਦੀ ਵੈੱਬਕਾਸਟਿੰਗ ਯਕੀਨੀ ਬਣਾਉਣ ਅਤੇ ਸਵੀਪ ਗਤੀਵਿਧੀਆਂ ਵਧਾਉਣ ਲਈ ਕਿਹਾ ਤਾਂ ਜੋ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕੇ।

ਸਿਬਿਨ ਸੀ ਨੇ ਐੱਸਐੱਸਪੀ ਨੂੰ ਸਖ਼ਤੀ ਵਧਾਉਣ ਅਤੇ ਨਾਕਿਆਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਤਾਂ ਜੋ ਡਰੱਗ, ਸਰਾਬ, ਨਕਦੀ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਉੱਤੇ ਨੱਥ ਪਾਈ ਜਾ ਸਕੇ।

ਉਨਾਂ ਅੱਗੇ ਕਿਹਾ ਕਿ ਵੋਟਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਜੇਕਰ ਕੋਈ ਨਕਦੀ ਜਾਂ ਕਿਸੇ ਹੋਰ ਤਰਾਂ ਦਾ ਸਮਾਨ (ਫ੍ਰੀ ਬੀਜ਼) ਵੰਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।

ਉਨਾਂ ਸੀ-ਵਿਜ਼ਿਲ ਐਪ ਪ੍ਰਤੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਵੋਟਰ ਬਿਨਾਂ ਡਰ-ਭੈਅ ਦੇ ਇਸ ਐਪ ਉੱਤੇ ਸ਼ਿਕਾਇਤ ਦਰਜ ਕਰਵਾ ਸਕਣ।

ਮੀਟਿੰਗ ਦੌਰਾਨ ਜ਼ਿਲਾ ਚੋਣ ਅਧਿਕਾਰੀ ਅਤੇ ਐੱਸ.ਐੱਸ.ਪੀ ਨੇ ਦੱਸਿਆ ਕਿ ਵੋਟਿੰਗ ਲਈ ਕੁੱਲ 114 ਥਾਵਾਂ ਉੱਤੇ 222 (ਸਹਿਰੀ 60 ਅਤੇ ਪੇਂਡੂ 162) ਪੋਲਿੰਗ ਬੂਥ ਬਣਾਏ ਗਏ ਹਨ। ਇਨਾਂ ਵਿੱਚੋਂ ਹੁਣ ਤੱਕ 100 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।

ਇਸ ਤੋਂ ਇਲਾਵਾ ਕੌਮਾਂਤਰੀ ਸਰਹੱਦ ਨੇੜਲੇ ਪਿੰਡਾਂ ਵਿੱਚ ਇੱਕ ਦਰਜਨ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ ਉੱਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨਾਂ ਦੱਸਿਆ ਕਿ ਹੁਣ ਤੱਕ 1435 ਪੁਲਿਸ ਮੁਲਾਜ਼ਮ ਅਤੇ ਹੋਰ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਚੁੱਕੇ ਹਨ।

ਜ਼ਿਲਾ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਨ ਦੇ ਮਕਸਦ ਨਾਲ ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲਿਆਂ ਨਾਲ ਲੱਗਦੀ ਸਰਹੱਦ ਉੱਤੇ 6 ਨਾਕੇ ਹੁਣ ਤੋਂ ਹੀ ਲਗਾ ਦਿੱਤੇ ਗਏ ਹਨ, ਜਿੱਥੇ 24 ਘੰਟੇ ਹਰ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਕਿਸੇ ਵੀ ਤਰਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ 1950 ਨੰਬਰ ਚਾਲੂ ਕਰ ਦਿੱਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਹਲਕੇ ਵਿੱਚ ਕਿਸੇ ਵੀ ਤਰਾਂ ਦੀ ਗਤੀਵਿਧੀ ਉੱਤੇ ਨਜ਼ਰ ਰੱਖਣ ਲਈ 6 ਫਲਾਇੰਗ ਸਕੂਐਡ ਦੀਆਂ ਟੀਮਾਂ ਅਤਿ ਆਧੁਨਿਕ ਗੱਡੀਆਂ ਸਮੇਤ ਸੜਕਾਂ ਉੱਤੇ 24 ਘੰਟੇ ਨਿਗਰਾਨੀ ਕਰ ਰਹੀਆਂ ਹਨ।

ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਜ਼ਿਮਨੀ ਚੋਣ ਨੂੰ ਨੇਪਰੇ ਚਾੜਿਆ ਜਾਵੇਗਾ। ਹਲਕੇ ਵਿੱਚ 9 ਮਾਡਲ ਪੋਲਿੰਗ ਬੂਥ ਅਤੇ ਮਹਿਲਾਵਾਂ ਨੂੰ ਸਮਰਪਿਤ 3 ਪੋਲਿੰਗ ਬੂਥ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,93,742 ਹੈ, ਜਿਸ ਵਿੱਚ 1,01,494 ਪੁਰਸ ਵੋਟਰ ਅਤੇ 92,240 ਮਹਿਲਾ ਵੋਟਰ ਸਾਮਲ ਹਨ।

ਮੀਟਿੰਗ ਦੌਰਾਨ ਜੁਆਇੰਟ ਸੀਈਓ ਸਕੱਤਰ ਸਿੰਘ ਬੱਲ, ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ (ਐਸ.ਡੀ.ਐਮ. ਤਰਨ ਤਾਰਨ) ਤੋਂ ਇਲਾਵਾ ਸੀਈਓ ਦਫ਼ਤਰ ਤੇ ਜ਼ਿਲੇ ਦੇ ਹੋਰ ਅਧਿਕਾਰੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *