All Latest NewsNews FlashPunjab News

ਸੀਪੀਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਵਲੋਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਦੀ ਨਿਖੇਧੀ

 

ਦਲਜੀਤ ਕੌਰ, ਚੰਡੀਗੜ੍ਹ/ਜਲੰਧਰ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਜਾ ਰਹੀ ਮੁਹਿੰਮ ਤਹਿਤ ਅਦਾਲਤ ਵਿੱਚ ਸੰਪੂਰਨ ਪ੍ਰਕਿਰਿਆ ਪੂਰੀ ਕੀਤੇ ਬਗੈਰ ਬੁਲਡੋਜ਼ਰ ਸੱਭਿਆਚਾਰ ਅਪਣਾ ਕੇ ਮਕਾਨ ਢਾਹੇ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।

ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਸਾਬਕਾ ਉੱਚ ਜੇਲ੍ਹ ਅਧਿਕਾਰੀ ਸ਼ਸ਼ੀਕਾਂਤ ਨੇ ਆਪਣੇ ਕਾਰਜਕਾਲ ਦੌਰਾਨ ਰਾਜਨੀਤਕ, ਪੁਲੀਸ, ਤਸਕਰਾਂ ਦੇ ਵਿਆਪਕ ਗਠਜੋੜ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਸੀ ਜਿਸ ਨੂੰ ਅੱਜ ਤੱਕ ਜਨਤਕ ਨਹੀਂ ਕੀਤਾ ਗਿਆ। ਇਸ ਗਠਜੋੜ ਨੂੰ ਤੋੜਨ ਦੀ ਥਾਂ ਛੋਟੇ-ਮੋਟੇ ਤਸਕਰਾਂ ਨੂੰ ਨਿਸ਼ਾਨਾ ਬਣਾ ਕੇ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ ਸੂਬੇ ਵਿੱਚ ਪੁਲੀਸ ਰਾਜ ਲਾਗੂ ਕੀਤਾ ਹੋਇਆ ਹੈ। ਪੁਲੀਸ ਪੜਤਾਲੀਆ ਏਜੰਸੀਆਂ ਅਤੇ ਅਦਾਲਤਾਂ ਦਾ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੀ ਅਮਨ ਸਥਿਤੀ ਨੂੰ ਕਾਬੂ ਕਰਨ ਦੇ ਨਾਂ ਹੇਠ ਗੈਂਗਸਟਰ ਵਿਰੋਧੀ ਮੁਹਿੰਮ ’ਚ ਗੈਂਗਸਟਰਾਂ ਨੂੰ ਮਾਰਨ ਜਾਂ ਫੜਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਹਨਾਂ ਦਾਅਵਿਆਂ ਦੀ ਹਕੀਕਤ ਪੁਲੀਸ ਵੱਲੋਂ ਘੜੀਆਂ ਕਹਾਣੀਆਂ ਰਾਹੀਂ ਸਾਹਮਣੇ ਆ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਕੜੀਆਂ ’ਚ ਜਕੜਿਆ ਗੈਂਗਸਟਰ ਪੁਲੀਸ ਕੋਲੋਂ ਹਥਿਆਰ ਖੋਹ ਕੇ ਪੁਲੀਸ ਉੱਤੇ ਗੋਲੀ ਚਲਾਉਂਦਾ ਹੈ ਅਤੇ ਪੁਲੀਸ ਵੱਲੋਂ ਜੁਆਬੀ ਗੋਲੀ ਚਲਾਏ ਜਾਣ ’ਤੇ ਗੈਂਗਸਟਰ ਮਾਰਿਆ ਜਾਂਦਾ ਹੈ ਜਾਂ ਜਖ਼ਮੀ ਹੋ ਜਾਂਦਾ ਹੈ। ਇਹ ਸਾਰੀਆਂ ਕਾਰਵਾਈਆਂ ਪੰਜਾਬ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਹਟਾਇਆ ਜਾ ਰਿਹਾ ਹੈ।

ਦਿੱਲੀ ’ਚ ਹੋਈ ਸ਼ਰਮਨਾਕ ਹਾਰ ਤੋਂ ਬੁਖਲਾਈ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀਆਂ ਗੈਰ-ਵਿਧਾਨਕ ਕਾਰਵਾਈਆਂ ਅਪਣਾ ਰਹੀ ਹੈ ਅਤੇ 2027 ਦੀਆਂ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਲਈ ਅਧਾਰ ਬਣਾਉਣ ਦੇ ਯਤਨ ਕਰ ਰਹੀ ਹੈ।

ਪਾਰਟੀ ਆਗੂ ਨੇ ਪੰਜਾਬ ਸਰਕਾਰ ਦੀਆਂ ਇਹਨਾਂ ਗੈਰ-ਵਿਆਪਕ ਕਾਰਵਾਈਆਂ ਦਾ ਸਮੁੱਚੇ ਇਨਸਾਫਪਸੰਦ ਅਤੇ ਜਮਹੂਰੀ ਲੋਕਾਂ ਨੂੰ ਇਹਨਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੀ ਵੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕੀਤੀ ਗਈ।

 

Leave a Reply

Your email address will not be published. Required fields are marked *