ਵੱਡੀ ਖ਼ਬਰ: CM ਭਗਵੰਤ ਮਾਨ ਦੀ ਚੁਣੌਤੀ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਸਵੀਕਾਰ! 15 ਮਾਰਚ ਨੂੰ ਟੈਲੀਵਿਜ਼ਨ ‘ਤੇ ਲਾਈਵ ਬਹਿਸ ਦਾ ਦਿੱਤਾ ਸੱਦਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਵਿਧਾਇਕ ਰਜਨੀਸ਼ ਦਹੀਯਾ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ
ਕਿਸਾਨਾਂ ਦੀਆਂ ਮੰਗਾਂ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ ਸੂਬੇ ਦਾ ਮੁੱਖ ਮੰਤਰੀ: ਅਵਤਾਰ ਮਹਿਮਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਫਿਰੋਜ਼ਪੁਰ ਦਿਹਾਤੀ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਵੱਲੋਂ ਚੰਡੀਗੜ੍ਹ ਮੋਰਚੇ ਤੇ ਜਾਣ ਵੇਲੇ ਕਿਸਾਨਾਂ ਉੱਪਰ ਕੀਤੇ ਗਏ ਜਬਰ ਦੀ ਜੋਰਦਾਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਤਿੰਨ ਮਾਰਚ ਨੂੰ ਮੀਟਿੰਗ ਲਈ ਕਿਸਾਨਾਂ ਨੂੰ ਬੁਲਾ ਕੇ ਅਤੇ ਵਿਚਾਲੇ ਮੀਟਿੰਗ ਤੋੜ ਕੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਤੌਹੀਨ ਕੀਤੀ ਗਈ।
ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੋਂ ਮੁਨਕਰ ਹੁੰਦਿਆਂ ਟੈਲੀਵਿਜ਼ਨ ਉੱਪਰ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ ਗਈ ਹੈ। ਜਿਸ ਨੂੰ ਸਵੀਕਾਰ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 15 ਮਾਰਚ ਨੂੰ ਕਿਸਾਨ ਭਵਨ ਵਿਖੇ ਖੁੱਲੀ ਬਹਿਸ ਕਰਨ ਦਾ ਸੱਦਾ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ।
ਆਗੂਆਂ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲੇਗੀ, ਪਰ ਸੱਤਾ ਦੇ ਨਸ਼ੇ ਵਿੱਚ ਚੂਰ ਹੋਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਕਿਹਾ ਕਿ ਸੂਬੇ ਦੇ ਕਿਸਾਨ ਹੁਣ ਪੰਜਾਬ ਸਰਕਾਰ ਨਾਲ ਤਿੱਖੀ ਲੜਾਈ ਲੜਨਗੇ। ਇਸ ਮੌਕੇ ਜਗੀਰ ਸਿੰਘ ਖਹਿਰਾ, ਅਮਰੀਕ ਸਿੰਘ ਮਮਦੋਟ ਹਰਦੀਪ ਸਿੰਘ ਕਰਮੂਵਾਲਾ ਬਲਵੰਤ ਸਿੰਘ ਗੁਰਿੰਦਰ ਸਿੰਘ ਖਹਿਰਾ ਹਰਨੇਕ ਸਿੰਘ ਮਹਿਮਾ ਬਲਜਿੰਦਰ ਸਿੰਘ ਬੱਬੀ ਫਿਰੋਜ ਸ਼ਾਹ ਅਵਤਾਰ ਸਿੰਘ ਮਹਿਮਾ ਹੀਰਾ ਸਿੰਘ ਜਗਜੀਤ ਸਿੰਘ ਰਜਿੰਦਰ ਪਾਲ ਸਿੰਘ ਸੁਲਹਾਣੀ ਬਲਕਾਰ ਸਿੰਘ ਜੋਧਪੁਰ ਗੁਰਚਰਨ ਸਿੰਘ ਪੀਰ ਮੁਹੰਮਦ ਮਹਿੰਦਰ ਸਿੰਘ ਗਿੱਲ ਭੋਲਾ ਸਿੰਘ ਜਸਵੀਰ ਸਿੰਘ ਸੰਧੂ ਰਸਾਲ ਸਿੰਘ ਢੋਲੇਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।